ਇਸ ਸਾਲ ਦੀ ਸ਼ੁਰੂਆਤ ਤੋਂ ਹੀ ਨਵੀਆਂ ਸ਼ਰਤਾਂ (ਪ੍ਰਾਈਵੇਸੀ ਪਾਲਿਸੀ) ਨੂੰ ਲੈ ਵਟਸਐਪ ਦੀ ਨਿੰਦਾ ਹੋ ਰਹੀ ਹੈ। ਵਟਸਐਪ ਦੀਆਂ ਨਵੀਆਂ ਸ਼ਰਤਾਂ ਪਹਿਲਾਂ 8 ਫਰਵਰੀ ਨੂੰ ਲਾਗੂ ਹੋਣ ਵਾਲੀਆਂ ਸਨ ਪਰ ਹੁਣ ਇਸੇ ਮਹੀਨੇ 15 ਮਈ 2021 ਨੂੰ ਨਵੀਆਂ ਸ਼ਰਤਾਂ ਲਾਗੂ ਹੋ ਰਹੀਆਂ ਹਨ। ਵਿਵਾਦ ਤੋਂ ਬਾਅਦ ਵਟਸਐਪ ਨੇ ਨਵੀਂ ਪ੍ਰਾਈਵੇਸੀ ਪਾਲਿਸੀ ਨੂੰ ਤਿੰਨ ਮਹੀਨਿਆਂ ਲਈ ਟਾਲ ਦਿੱਤਾ ਸੀ। ਨਵੀਂ ਪ੍ਰਾਈਵੇਸੀ ਪਾਲਿਸੀ ਨੂੰ ਲੈ ਕੇ ਵਟਸਐਪ ਲਗਾਤਾਰ ਆਪਣੇ ਯੂਜ਼ਰਸ ਨੂੰ ਨੋਟੀਫਿਕੇਸ਼ਨ ਭੇਜ ਰਿਹਾ ਹੈ ਯਾਨੀ ਵਟਸਐਪ ਦੀ ਨਵੀਂ ਪ੍ਰਾਈਵੇਸੀ ਪਾਲਿਸੀ ਨੂੰ ਤੁਹਾਨੂੰ 15 ਮਈ 2021 ਤੋਂ ਪਹਿਲਾਂ ਸਵਿਕਾਰ ਕਰਨਾ ਹੋਵੇਗਾ। ਤਾਂ ਹੁਣ ਸਵਾਲ ਇਹ ਹੈ ਕਿ ਜੇਕਰ ਤੁਸੀਂ ਇਸ ਨੂੰ ਸਵਿਕਾਰ ਨਹੀਂ ਕਰਦੇ ਤਾਂ ਕੀ ਹੋਵੇਗਾ? ਆਓ ਜਾਣਦੇ ਹਾਂ…
ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦੇਈਏ ਕਿ 15 ਮਈ ਨੂੰ ਵਟਸਐਪ ਦੀਆਂ ਨਵੀਆਂ ਸ਼ਰਤਾਂ ਲਾਗੂ ਹੋਣ ਜਾ ਰਹੀਆਂ ਹਨ ਅਤੇ ਇਸ ਵਾਰ ਕੰਪਨੀ ਇਸ ਨੂੰ ਹੋਰ ਅੱਗੇ ਟਾਲਣ ਦੇ ਮੂਡ ’ਚ ਨਹੀਂ ਹੈ। ਕੰਪਨੀ ਨੇ ਸਾਫ ਤੌਰ ’ਤੇ ਕਿਹਾ ਹੈ ਕਿ ਜਿਹੜੇ ਯੂਜ਼ਰਸ ਵਟਸਐਪ ਦੀ ਨਵੀਆਂ ਸ਼ਰਤਾਂ 15 ਮਈ ਤਕ ਸਵਿਕਾਰ ਨਹੀਂ ਕਰਨਗੇ, ਉਹ ਨਾ ਕੋਈ ਮੈਸੇਜ ਭੇਜ ਸਕਣਗੇ ਅਤੇ ਨਾ ਹੀ ਮੈਸੇਜ ਪ੍ਰਾਪਤ ਕਰ ਸਕਣਗੇ। ਸਿੱਧੇ ਸ਼ਬਦਾਂ ’ਚ ਕਹੀਏ ਤਾਂ ਉਨ੍ਹਾਂ ਦਾ ਵਟਸਐਪ ਉਦੋਂ ਤਕ ਬੰਦ ਰਹੇਗਾ ਜਦੋਂ ਤਕ ਉਹ ਨਵੀਂ ਪਾਲਿਸੀ ਨੂੰ ਸਵਿਕਾਰ ਨਹੀਂ ਕਰ ਲੈਂਦੇ।
120 ਦਿਨਾਂ ਬਾਅਦ ਅਕਾਊਂਟ ਹੋ ਜਾਵੇਗਾ ਡਿਲੀਟ
ਨਵੀਆਂ ਸ਼ਰਤਾਂ ਨੂੰ ਲੈ ਕੇ ਸਭ ਤੋਂ ਜ਼ਿਆਦਾ ਵਿਰੋਧ ਭਾਰਤ ’ਚ ਹੈ ਅਤੇ ਹੋਵੇ ਵੀ ਕਿਉਂ ਨਾ, ਭਾਰਤ ’ਚ ਵਟਸਐਪ ਦੇ ਸਭ ਤੋਂ ਜ਼ਿਆਦਾ ਯੂਜ਼ਰਸ ਵੀ ਹਨ। ਨਵੀਂ ਸ਼ਰਤਾਂ ਤੋਂ ਲੋਕਾਂ ਦੀ ਨਾਰਾਜ਼ਗੀ ਹੈ ਕਿ ਵਟਸਐਪ ਹੁਣ ਆਪਣੀ ਮਲਕੀਅਤ ਵਾਲੀ ਕੰਪਨੀ ਫੇਸਬੁੱਕ ਨਾਲ ਜ਼ਿਆਦਾ ਡਾਟਾ ਸਾਂਝਾ ਕਰਨ ਦੀ ਯੋਜਨਾ ਬਣਾ ਰਿਹਾ ਹੈ, ਹਾਲਾਂਕਿ ਵਟਸਐਪ ਨੇ ਸਾਫ਼ ਕੀਤਾ ਕਿ ਅਜਿਹਾ ਨਹੀਂ ਹੋਵੇਗਾ ਸਗੋਂ ਇਹ ਅਪਡੇਟ ਅਸਲ ’ਚ ਬਿਜ਼ਨੈੱਸ ਅਕਾਊਂਟਸ ਨਾਲ ਜੁੜੀ ਹੈ। ਉਥੇ ਹੀ ਯੂਰਪ ’ਚ ਵਟਸਐਪ ਦੀ ਇਹੀ ਨਵੀਂ ਪਾਲਿਸੀ ਲਾਗੂ ਨਹੀਂ ਹੋ ਰਹੀ ਕਿਉਂਕਿ ਉਥੇ ਇਸ ਲਈ ਅਲੱਗ ਤੋਂ ਪ੍ਰਾਈਵੇਸੀ ਕਾਨੂੰਨ ਹੈ।
ਵਟਸਐਪ ਪਹਿਲਾਂ ਤੋਂ ਫੇਸਬੁੱਕ ਨਾਲ ਕੁਝ ਜਾਣਕਾਰੀ ਸਾਂਝੀ ਕਰਦਾ ਹੈ, ਜਿਵੇਂ ਯੂਜ਼ਰਸ ਦਾ ਆਈ.ਪੀ. ਐਡਰੈੱਸ (ਇਹ ਇੰਟਰਨੈੱਟ ਨਾਲ ਕੁਨੈਕਟ ਕਰਨ ਵਾਲੇ ਹਰ ਉਪਕਰਣ ਨਾਲ ਜੁੜੇ ਨੰਬਰ ਦਾ ਸਿਕਵੈਂਸ ਹੁੰਦਾ, ਇਸ ਨੂੰ ਡਿਵਾਈਸ ਦੀ ਲੋਕੇਸ਼ਨ ਦਾ ਪਤਾ ਲਗਾਉਣ ਲਈ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ) ਅਤੇ ਪਲੇਟਫਾਰਮ ਰਾਹੀਂ ਖ਼ਰੀਦਦਾਰੀ ਕਰਨ ਦੀ ਜਾਣਕਾਰੀ ਵੀ ਪਹਿਲਾਂ ਤੋਂ ਸਾਂਝੀ ਕਰਦਾ ਹੈ।