ਪਿਛਲੇ ਡੇਢ ਦਹਾਕੇ ਤੋਂ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪ੍ਰੀ ਪ੍ਰਾਇਮਰੀ ਅਤੇ ਪ੍ਰਾਇਮਰੀ ਦੇ ਬੱਚਿਆਂ ਨੂੰ ਤਨਦੇਹੀ ਨਾਲ ਸਿੱਖਿਆ ਦੇ ਰਹੇ, ਈ.ਜੀ.ਐਸ., ਐਸ.ਟੀ.ਆਰ., ਏ.ਆਈ.ਈ., ਆਈ.ਈ.ਵੀ. ਅਤੇ ਸਿੱਖਿਆ ਪ੍ਰੋਵਾਈਡਰ ਅਧਿਆਪਕਾਂ ਵੱਲੋਂ ਇਕੱਠੇ ਹੋ ਕੇ ਕੱਚੇ ਅਧਿਆਪਕ ਫਰੰਟ, ਪੰਜਾਬ ਦੇ ਬੈਨਰ ਹੇਠ ਪੰਜਾਬ ਸਰਕਾਰ ਤੋਂ ਆਪਣੀਆਂ ਸੇਵਾਵਾਂ ਨੂੰ ਪੱਕਾ ਕਰਵਾਉਣ ਲਈ ਸੰਘਰਸ਼ ਕਰ ਰਹੇ, ਅਧਿਆਪਕਾਂ ਉੱਪਰ ਅੱਜ ਚੰਡੀਗੜ੍ਹ ਵਿੱਚ ਪੁਲਿਸ ਵਲੋਂ ਪਾਣੀ ਦੀਆਂ ਬੁਛਾੜਾਂ ਮਾਰਨ ਅਤੇ ਲਾਠੀਚਾਰਜ ਕਰਨ ਦੀ ਡੈਮੋਕਰੇਟਿਕ ਟੀਚਰਜ਼ ਫਰੰਟ (ਡੀਟੀਐੱਫ) ਪੰਜਾਬ ਦੇ
ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ, ਵਿੱਤ ਸਕੱਤਰ ਅਸ਼ਵਨੀ ਅਵਸਥੀ ਅਤੇ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਨੇ ਸਖ਼ਤ ਨਿਖੇਧੀ ਕੀਤੀ ਹੈ।
ਡੀਟੀਐਫ ਦੇ ਮੀਤ ਪ੍ਰਧਾਨ ਗੁਰਮੀਤ ਸੁਖਪੁਰ, ਗੁਰਪਿਆਰ ਕੋਟਲੀ, ਰਾਜੀਵ ਬਰਨਾਲਾ, ਜਗਪਾਲ ਬੰਗੀ ਅਤੇ ਜਸਵਿੰਦਰ ਔਜਲਾ, ਸੰਯੁਕਤ ਸਕੱਤਰ ਹਰਜਿੰਦਰ ਵਡਾਲਾ ਬਾਂਗਰ, ਦਲਜੀਤ ਸਫੀਪੁਰ ਅਤੇ ਕੁਲਵਿੰਦਰ ਸਿੰਘ ਜੋਸਨ ਨੇ ਸਾਂਝੇ ਤੌਰ ਤੇ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਨਿਗੂਣੀਆਂ ਤਨਖਾਹਾਂ ਲੈਣ ਵਾਲੇ ਇਹ ਅਧਿਆਪਕ ਮੋਰਚੇ ਦੇ ਰੂਪ ਵਿੱਚ ਸੰਗਠਿਤ ਹੋ ਕੇ 16 ਜੂਨ ਤੋਂ ਮੋਹਾਲੀ ਦੇ ਵਿੱਦਿਆ ਭਵਨ ਅੱਗੇ ਲਗਾਤਾਰ ਦਿਨ-ਰਾਤ ਡਟਦਿਆਂ, ਪੰਜਾਬ ਸਰਕਾਰ ਨੂੰ ਇਕ ਵੱਡੀ ਸੰਘਰਸ਼ੀ ਚੁਣੌਤੀ ਦੇ ਰਹੇ ਹਨ। ਇਨ੍ਹਾਂ ਅਧਿਆਪਕਾਂ ਨੂੰ ਬਰਾਬਰ ਕੰਮ ਬਰਾਬਰ ਤਨਖ਼ਾਹ ਦੇ ਆਧਾਰ ‘ਤੇ ਤਨਖਾਹਾਂ ਵਿਚ ਵਾਧਾ ਦੇਣ ਅਤੇ ਸਾਰੇ ਕੱਚੇ ਅਧਿਆਪਕਾਂ ਦੀਆਂ ਸੇਵਾਵਾਂ ਰੈਗੂਲਰ ਹੋਣ ਦੀ ਮੰਗ ਪੂਰੀ ਕਰਨ ਦੀ ਥਾਂ ਪੰਜਾਬ ਸਰਕਾਰ ਅਤੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਪੁੁਲਸੀਆ ਜਬਰ ਢਾਹੁਣ ਦਾ ਰਾਹ ਚੁਣਨਾ ਨਿਖੇਧੀਯੋਗ ਹੈ।
ਡੀਟੀਐਫ ਦੇ ਪ੍ਰੈੱਸ ਸਕੱਤਰ ਪਵਨ ਕੁਮਾਰ, ਜਥੇਬੰਦਕ ਸਕੱਤਰ ਰੁਪਿੰਦਰਪਾਲ ਗਿੱਲ ਤੇ ਨਛੱਤਰ ਸਿੰਘ ਤਰਨਤਾਰਨ, ਸਹਾਇਕ ਵਿੱਤ ਸਕੱਤਰ ਤਜਿੰਦਰ ਸਿੰਘ ਕਪੂਰਥਲਾ ਅਤੇ ਪ੍ਰਚਾਰ ਸਕੱਤਰ ਸੁਖਦੇਵ ਡਾਨਸੀਵਾਲ ਨੇ ਪੰਜਾਬ ਦੇ ਜੁਝਾਰੂ ਅਤੇ ਇਨਸਾਫ਼ ਪਸੰਦ ਅਧਿਆਪਕਾਂ ਨੂੰ ਇਸ ਸੰਘਰਸ਼ ਦੀ ਹਰੇਕ ਪੱਖੋਂ ਡਟਵੀਂ ਹਮਾਇਤ ਦੇਣ ਦਾ ਸੱਦਾ ਦਿੱਤਾ ਅਤੇ ਝੰਡੇ, ਤਖ਼ਤੀਆਂ (ਕੱਚੇ ਅਧਿਆਪਕਾਂ ਦੀਆਂ ਮੰਗਾਂ ਉਭਾਰਦੀਆਂ) ਦੇ ਨਾਲ 4 ਜੁਲਾਈ ਨੂੰ ਮੋਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਅੱਗੇ ਭਰਵੀਂ ਗਿਣਤੀ ਵਿੱਚ ਇਕੱਠੇ ਹੋਇਆ ਜਾਵੇਗਾ, ਜਿੱਥੋਂ ਇਕਜੁੱਟਤਾ ਮਾਰਚ ਕੱਢਦਿਆਂ ਪੂਰੇ ਦਿਨ ਲਈ ਪੱਕੇ ਧਰਨੇ ਦਾ ਹਿੱਸਾ ਬਣਿਆ ਜਾਵੇਗਾ। ਇਸ ਉਪਰੰਤ ਰੋਜ਼ਾਨਾ ਜ਼ਿਲ੍ਹਾਵਾਰ, ਇਸ ਧਰਨੇ ਦਾ ਹਿੱਸਾ ਬਣਨ ਦਾ ਫ਼ੈਸਲਾ ਵੀ ਕੀਤਾ ਜਾਵੇਗਾ।
ਇਸ ਮੌਕੇ ਡੈਮੋਕਰੇਟਿਕ ਮੁਲਾਜ਼ਮ ਫੈੱਡਰੇਸ਼ਨ ਦੇ ਸੂਬਾ ਪ੍ਰਧਾਨ ਜਰਮਨਜੀਤ ਸਿੰਘ ਅਤੇ ਜਨਰਲ ਸਕੱਤਰ ਹਰਦੀਪ ਸਿੰਘ ਟੋਡਰਪੁਰ ਨੇ ਵੀ ਡੀਟੀਐਫ ਦੇ ਫ਼ੈਸਲੇ ਦੀ ਪ੍ਰੋੜਤਾ ਕੀਤੀ।