ਬੀਤੇ ਦਿਨੀਂ ਫੀਡਫਰੰਟ ਦੀ ਪੰਜਾਬ ਮੈਨੇਜਮੈਂਟ ਕਮੇਟੀ ਅੰਦਰ ਚੱਲ ਰਹੀ ਉਥਲ ਪੁਥਲ ਦੇ ਚਲਦਿਆਂ ਮਹਾਂਮਾਈ ਮਾਤਾ ਚਿੰਤਪੁਰਨੀ ਦੇ ਦਰਬਾਰ ਤੋਂ ਸੁਮੱਤ ਅਤੇ ਟੀਮ ਦੀ ਸਦਭਾਵਨਾ ਵਾਸਤੇ ਪੰਜਾਬ ਫੀਡਫਰੰਟ ਦੇ ਮੁੱਖ ਸੰਪਾਦਕ ਹਰਸ਼ ਗੋਗੀ ਮਹਾਂਮਾਈ ਦੇ ਚਰਨਾਂ ਵਿੱਚ ਨਤਮਸਤਕ ਹੋਏ। ਆਪਣੇ ਪਰਿਵਾਰਿਕ ਮੈਂਬਰਾਂ ਨਾਲ ਸਵੇਰੇ ਯਾਤਰਾ ਸ਼ੁਰੂ ਕਰ ਲਗਭਗ 10 ਵਜੇ ਮਾਤਾ ਚਿੰਤਪੁਰਨੀ ਧਾਮ ਪਹੁੰਚੇ। ਦੇਖਣ ਨੂੰ ਮਿਲਿਆ ਕਿ ਨਵਰਾਤਰੇ ਖ਼ਤਮ ਹੋਣ ਉਪਰੰਤ ਵੀ ਮਾਤਾ ਦੇ ਸ਼ਰਧਾਲੂਆਂ ਦਾ ਅਣਗਿਣਤ ਸੰਖਿਆ ਵਿੱਚ ਆਉਣਾ ਹੈਰਾਨ ਕਰਨ ਵਾਲੀ ਗੱਲ ਸੀ। 10 ਵਜਕੇ 54 ਮਿੰਟ ਤੇ ਲਾਈਨ ਵਿੱਚ ਲੱਗੇ ਤੇ 6 ਘੰਟੇ ਬਾਅਦ ਪਿੰਡੀ ਦਰਸ਼ਨ ਦਾ ਮੌਕਾ ਮਿਲਿਆ।
500 ਤੋਂ 1100 ਤੱਕ ਦੀ ਰਿਸ਼ਵਤ ਨਾਲ ਦਰਸ਼ਨ
ਬੱਸ ਸਟੈਂਡ ਤੋਂ ਸ਼ੁਰੂ ਹੋਕੇ ਮੰਦਿਰ ਤੱਕ ਲੱਗੀਆਂ ਲੰਬੀਆਂ ਕਤਾਰਾਂ ਜਿੱਥੇ ਲੋਕ ਆਪਣੀ ਵਾਰੀ ਦੇ ਇੰਤਜ਼ਾਰ ਵਿੱਚ ਗਰਮੀ ਸਰਦੀ ਧੁੱਪ ਬਰਦਾਸ਼ਤ ਕਰਦੇ ਹੋਏ ਮਾਤਾ ਰਾਣੀ ਦੇ ਜੈਕਾਰੇ ਲਗੰਰਹੇ ਸੀ ਉਥੇ ਮੰਦਿਰ ਦੀਆਂ ਸੀੜੀਆਂ ਚੜਨ ਤੋਂ ਬਾਅਦ ਆਉਂਦੀਆਂ ਪ੍ਰਸ਼ਾਦ ਦੀਆਂ ਦੁਕਾਨਾਂ ਵਾਲੇ ਸ਼ਰਧਾਲੂਆਂ ਨੂੰ ਸਿੱਧਾ ਆਫਰ ਦਿੰਦੇ ਨੇ ਕਿ ਜਲਦੀ ਦਰਸ਼ਨ ਕਰਨੇ ਹਨ ਤਾਂ ਅੱਧ ਵਿਚਕਾਰ ਵਾੜਨ ਦੇ 500 ਰੁਪਏ ਅਤੇ ਸਿੱਧੇ ਭਵਨ ਤੇ ਐਂਟਰੀ ਲਈ 1100 ਰੁਪਏ ਦੀ ਡਿਮਾਂਡ ਕੀਤੀ ਜਾਂਦੀ ਹੈ। ਸੀੜੀ ਖਤਮ ਹੁੰਦਿਆਂ ਹੀ ਉਪਰਲੀ ਦੂਜੀ ਤੀਜੀ ਦੁਕਾਨ ਵਾਲੇ ਉਥੇ ਹੀ ਪੈਸੇ ਲੈਕੇ ਦਰਸ਼ਨਾਂ ਨੂੰ ਆਏ ਸ਼ਰਧਾਲੂਆਂ ਨੂੰ ਧੱਕੇ ਨਾਲ ਲਾਈਨ ਵਿੱਚ ਦਾਖਲ ਕਰਵਾ ਕੇ ਭੇਜਦੇ ਸਨ ਜਿਸ ਕਾਰਨ ਪਿਛਲੀਆਂ ਕਤਰਾ ਹਿਲਦੀਆਂ ਤੱਕ ਨਹੀਂ ਸੀ।
ਪੁਲਸ ਪ੍ਰਸ਼ਾਸਨ ਦਾ ਵੀ ਹੋ ਸਕਦਾ ਕਟ
ਹਿਮਾਚਲ ਪੁਲਸ ਦੇ ਨੌਜਵਾਨ ਜਿੱਥੇ ਹਰੇਕ ਕੋਨੇ ਵਿੱਚ ਤਾਇਨਾਤ ਸਨ ਅਤੇ ਭੀੜ ਨੂੰ ਨਿਯੰਤਰਣ ਵਿੱਚ ਰੱਖਣ ਦੀ ਕੋਸ਼ਿਸ਼ ਕਰ ਰਹੇ ਸਨ। ਜਦੋਂ ਦਰਸ਼ਨਾਂ ਲਈ ਹੋ ਰਹੀ ਬੇਈਮਾਨੀ ਬਾਰੇ ਉਹਨਾਂ ਨੂੰ ਜਾਣਕਾਰੀ ਦਿੱਤੀ ਗਈ ਤਾਂ ਉਹਨਾਂ ਦਾ ਸਿਰਫ ਇੰਨਾ ਹੀ ਕਹਿਣਾ ਸੀ ਤੁਸੀ ਕਿਸੇ ਨੂੰ ਲਾਈਨ ਚ ਨਾ ਵੜਨ ਦਿਓ। ਕਿਸੇ ਪੁਲਸ ਅਧਿਕਾਰੀ ਨੇ ਦੁਕਾਨਦਾਰਾਂ ਉਪਰ ਕੋਈ ਕਾਰਵਾਈ ਕਰਨ ਦੀ ਗੱਲ ਨਾ ਕਹੀ ਨਾ ਕੀਤੀ। ਮੰਦਿਰ ਪ੍ਰਸ਼ਾਸ਼ਨ ਨੇ ਤਖਤੀਆਂ ਤਾਂ ਲਗਾ ਰੱਖੀਆਂ ਨੇ ਕਿ ਦਰਸ਼ਨਾਂ ਵਾਸਤੇ ਅਗਰ ਕੋਈ ਪੈਸੇ ਮੰਗਦਾ ਹੈ ਤਾਂ ਜਾਣਕਾਰੀ ਦਿਓ, ਪ੍ਰੰਤੂ ਅਗਰ ਜਾਣਕਾਰੀ ਮਿਲਣ ਤੇ ਵੀ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਇਸਤੋਂ ਸਾਫ ਹੋ ਜਾਂਦਾ ਹੈ ਕਿ ਸਾਰਿਆਂ ਦੀ ਮਿਲੀ ਭੁਗਤ ਨਾਲ ਇਹ ਕੰਮ ਹੁੰਦਾ ਹੈ ਅਤੇ ਹਰੇਕ ਨੂੰ ਅਪਣਾ ਹਿੱਸਾ ਮਿਲਦਾ ਹੈ।
ਕੋਵਿਡ ਰੋਕੂ ਟੀਕੇ ਦਾ ਵੀ ਦਿਸਿਆ ਕੀਤਾ ਪ੍ਰਬੰਧ
ਜਿੱਥੇ ਪ੍ਰਸ਼ਾਸ਼ਨ ਦਾ ਦਰਸ਼ਨਾਂ ਵਿੱਚ ਘਪਲਾ ਸੀ ਉਥੇ ਕੁਝ ਚੰਗਾ ਵੀ ਦੇਖਣ ਨੂੰ ਮਿਲਿਆ, ਖੇਤਰੀ ਪ੍ਰਸ਼ਾਸ਼ਨ ਨੇ ਦਰਬਾਰ ਨਜ਼ਦੀਕ ਮੰਦਿਰ ਪਰਿੱਸ਼ਰ ਅਧੀਨ ਇੱਕ ਕੋਵਿਡ ਰੋਕੂ ਟੀਕਾਕਰਨ ਕੈਂਪ ਵੀ ਲਗਾ ਰੱਖਿਆ ਸੀ। ਜਿੱਥੇ ਦੂਜੀ ਡੋਜ਼ ਦੇ 18+ ਦੇ ਟੀਕੇ ਲਗਾਏ ਜਾ ਰਹੇ ਸਨ। ਜਿਸਤੋਂ ਸਪੱਸ਼ਟ ਹੋਇਆ ਕਿ ਭਗਤਾਂ ਦੀ ਸਿਹਤ ਦਾ ਧਿਆਨ ਤਾਂ ਹੈ। ਜਿਹੜਾ ਚਾਹੇ ਦੂਸਰੀ ਡੋਜ਼ ਲਗਵਾ ਸਕਦਾ ਸੀ॥
ਮੰਦਿਰ ਦੇ ਪੁਜਾਰੀ ਬੇਢੰਗੇ ਅਤੇ ਅਪਮਾਨਿਤ ਤਰੀਕੇ ਨਾਲ ਚੜਾਉਂਦੇ ਨੇ ਲੋਕਾਂ ਦਾ ਚੜਾਵਾ
ਕਹਿੰਦੇ ਨੇ ਜਦੋਂ ਧਾਰਮਿਕ ਸਥਾਨ ਤੇ ਜਾਈਏ ਤਾਂ ਬੁਰਾਈ ਨਹੀਂ ਕਰਨੀ ਚਾਹੀਦੀ, ਪ੍ਰੰਤੂ ਪ੍ਰਮਾਤਮਾ ਦਾ ਇਹ ਵੀ ਕਹਿਣਾ ਹੈ ਗਲਤ ਹੁੰਦਾ ਦੇਖ ਚੁੱਪ ਰਹਿਣਾ ਵੀ ਇੱਕ ਪਾਪ ਹੈ। ਮੰਦਿਰ ਅੰਦਰ ਪਿੰਡੀ ਸਥਾਨ ਤੇ ਹੋ ਰਹੇ ਪ੍ਰਧਾਨ ਅਪਮਾਨ ਨੂੰ ਦੇਖਕੇ ਮਨ ਬਹੁਤ ਦੁਖੀ ਹੋਇਆ। ਭੀੜ ਕਾਰਨ ਪੁਜਾਰੀ ਪ੍ਰਸ਼ਾਦ, ਚੜਾਵਾ ਹੱਥੋਂ ਫੜ੍ਹ ਕੇ ਵਗਾ ਕੇ ਅੰਦਰ ਸੁੱਟ ਰਹੇ ਸਨ, ਲਗਦਾ ਸੀ ਜਿਵੇਂ ਕਹਿ ਰਹੇ ਹੋਣ ਆਹ ਚੱਕ.. ਨਾ ਕੋਈ ਮਰਿਯਾਦਾ, ਨਾ ਕੋਈ ਨਿਸ਼ਚਾ ਏਨੀ ਬੇਅਦਬੀ ਦੇਖ ਕੇ ਮਜ਼ਬੂਰ ਹੋਇਆ ਇਸ ਬਾਰੇ ਲਿਖਣ ਲਈ। ਪ੍ਰਸ਼ਾਸਕੀ ਅਹੁਦਿਆਂ ਨੂੰ ਚਾਹੀਦਾ ਹੈ ਕਿ ਇਸ ਗੱਲ ਦਾ ਖਾਸ ਧਿਆਨ ਰੱਖਿਆ ਜਾਵੇ ਕਿ ਕਿਸੇ ਤਰ੍ਹਾਂ ਵੀ ਪ੍ਰਸ਼ਾਦ, ਚੜਾਵੇ ਦਾ ਅਪਮਾਨ ਨਾ ਹੀ ਸਕੇ ਤੇ ਮਾਤਾ ਚਿੰਤਪੁਰਨੀ ਨੂੰ ਸਮਰਪਣ ਵੇਲੇ ਪੂਰਨ ਵਿਧੀ ਵਿਧਾਨ ਅਤੇ ਮਰਿਯਾਦਾ ਦਾ ਧਿਆਨ ਰੱਖਿਆ ਜਾਵੇ।
ਮੰਦਿਰ ਟਰੱਸਟ ਨੂੰ ਜਰੂਰਤ ਹੈ ਧਿਆਨ ਦੇਣ ਦੀ
ਲੋਕਡਊਨ ਉਪਰੰਤ ਪਹਿਲੀ ਵਾਰ ਦਰਸ਼ਨ ਕਾਰਨ ਗਿਆ ਤਾਂ ਬਹੁਤ ਕੁਝ ਬਦਲਿਆ ਹੋਇਆ ਮਿਲਿਆ। ਮੰਦਿਰ ਟਰੱਸਟ ਨੂੰ ਬਹੁਤ ਸਖ਼ਤ ਜਰੂਰਤ ਹੈ ਇਨ੍ਹਾਂ ਗੱਲਾਂ ਵੱਲ ਧਿਆਨ ਦੇਣ ਦੀ। ਦਰਸ਼ਨਾਂ ਲਈ ਹੋ ਰਹਿ ਰਿਸ਼ਵਤਖੋਰੀ, ਚੜਾਵੇ ਦਾ ਅਪਮਾਨ, ਦੁਕਾਨਦਾਰਾਂ ਵਲੋਂ ਸ਼ਰਧਾਲੂਆਂ ਦੀ ਲੁੱਟ, ਦੁਕਾਨਦਾਰਾਂ ਵਲੋਂ ਦੂਸਰੇ ਪ੍ਰਾਂਤਾ ਦੇ ਗਾਹਕਾਂ ਨਾਲ ਤਲਖ਼ੀਆਂ ਵਿਵਹਾਰ ਅਤੇ ਪੁਲਸ ਪ੍ਰਸ਼ਾਸਨ ਦਾ ਗੂੰਗੇ, ਬੋਲੇ ਅਤੇ ਅੰਨ੍ਹੇ ਬਣਕੇ ਸਭ ਦੇਖਦੇ ਹੋਏ ਵੀ ਕਾਰਵਾਈ ਨਾ ਕਰਨਾ, ਇਹ ਬਹੁਤ ਜਰੂਰੀ ਗੱਲਾਂ ਨੇ ਜਿਸ ਵੱਲ ਧਿਆਨ ਦੇਣਾ ਬਹੁਤ ਜਰੂਰੀ ਹੈ। ਨਹੀਂ ਤਾਂ ਇਹ ਕਹਿਣ ਵਿੱਚ ਕੋਈ ਗੁਰੇਜ ਨਹੀਂ ਅਗਰ ਅਜਿਹਾ ਹੀ ਚਲਦਾ ਰਿਹਾ ਤਾਂ ਹਰੇਕ ਭਗਤ ਫੇਰ ਹਿਮਾਚਲ ਆਉਣ ਦੀ ਵਜਾਏ ਘਰੋ ਨਮਨ ਕਰਨਾ ਚੰਗਾ ਸਮਝੇਗਾ ਅਤੇ ਹਿਮਾਚਲ ਸਰਕਾਰ ਦਾ ਸੈਲਾਨੀ ਵਿਭਾਗ ਸਿਰਫ ਮੱਖੀਆਂ ਮਾਰਨ ਜੋਗਾ ਰਹੇਗਾ।