ਦੀਵਾਲੀ ਦੀ ਰਾਤ ਸ਼ਹਿਰ ਦੇ ਲੋਕਾਂ ਨੇ ਸ਼ੌਕ ਪੂਰਾ ਕਰਨ ਲਈ ਪਟਾਕੇ ਚਲਾਏ ਪਰ ਪਟਾਕਿਆਂ ਦੇ ਚੰਗਿਆੜੇ ਸ਼ਹਿਰ ‘ਚ ਭਾਂਬੜੇ ਮਚਾਏ। ਪੂਰੇ ਸ਼ਹਿਰ ‘ਚ ਦੀਵਾਲੀ ਦੀ ਰਾਤ 50 ਥਾਵਾਂ ‘ਤੇ ਅੱਗ ਲੱਗੀ। ਨਕੋਦਰ ਰੋਡ ‘ਤੇ ਸਥਿਤ ਇਕ ਫਰਚੀਨਰ ਦੇ ਸ਼ੋਅਰੂਮ ਤੇ ਭਗਵਾਨ ਵਾਲਮੀਕਿ ਗੇਟ ਨੇੜੇ ਗੱਤੇ ਦੇ ਡੱਬਿਆਂ ਦੇ ਗੁਦਾਮ ‘ਚ ਭਿਆਨਕ ਅੱਗ ਲੱਗੀ ਤੇ ਇਥੇ ਫਾਇਰ ਬਿ੍ਗੇਡ ਨੂੰ ਕਾਫੀ ਜੱਦੋ-ਜਹਿਦ ਕਰਨੀ ਪਈ। ਫਾਇਰ ਬਿ੍ਗੇਡ ਦੇ ਮੁਲਾਜ਼ਮ ਆਪਣੀਆਂ ਗੱਡੀਆਂ ‘ਚ ਪੂਰੀ ਰਾਤ ਸੜਕਾਂ ‘ਤੇ ਰਹੇ। ਪਟਾਕਿਆਂ ਦੀ ਵਜ੍ਹਾ ਨਾਲ ਸ਼ਹਿਰ ਦੇ ਹਰੇਕ ਹਿੱਸੇ ‘ਚ ਅੱਗ ਲੱਗਣ ਦੀ ਘਟਨਾ ਵਾਪਰੀ। ਰਾਹਤ ਦੀ ਗੱਲ ਇਹ ਰਹੀ ਕਿ ਅੱਗ ਦੀਆਂ ਘਟਨਾਵਾਂ ‘ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਲੱਖਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਅੱਗ ਨਾਲ ਕਈ ਦੁਕਾਨਾਂ ਤੇ ਘਰਾਂ ‘ਚ ਪਿਆ ਸਾਮਾਨ ਸੜ ਕੇ ਰਾਖ ਹੋ ਗਿਆ, ਉਥੇ ਪਰਾਲੀ ਦੀਆਂ ਢੇਰੀਆਂ ‘ਤੇ ਵੀ ਆਤਿਸ਼ਬਾਜ਼ੀਆਂ ਡਿੱਗਣ ਨਾਲ ਅੱਗ ਲੱਗ ਗਈ। ਕਿਤੇ-ਕਿਤੇ ਕੂੜੇ ਦੇ ਢੇਰ ‘ਚ ਲੱਗੀ ਅੱਗ ਨੇ ਵੀ ਫਾਇਰ ਬਿ੍ਗੇਡ ਮੁਲਾਜ਼ਮਾਂ ਨੂੰ ਪਰੇਸ਼ਾਨ ਕੀਤਾ। ਫਾਇਰ ਸੇਫਟੀ ਅਫਸਰ ਜਸਵੰਤ ਸਿੰਘ ਨੇ ਦੱਸਿਆ ਕਿ ਨਕੋਦਰ ਰੋਡ ‘ਤੇ ਸਥਿਤ ਇਕ ਫਰਨੀਚਰ ਸ਼ੋਅਰੂਮ ‘ਚ ਦੀਵਾਲੀ ਦੇ ਪਟਾਕਿਆਂ ਦੀ ਵਜ੍ਹਾ ਨਾਲ ਅੱਗ ਲੱਗ ਗਈ। ਸੂਚਨਾ ਮਿਲਦਿਆਂ ਹੀ ਟੀਮ ਮੌਕੇ ‘ਤੇ ਪੁੱਜੀ ਤੇ ਪਾਣੀ ਦੀਆਂ ਕਰੀਬ 22 ਗੱਡੀਆਂ ਦੀ ਮਦਦ ਨਾਲ ਤਿੰਨ ਘੰਟਿਆਂ ‘ਚ ਅੱਗ ‘ਤੇ ਕਾਬੂ ਪਾਇਆ ਗਿਆ। ਉਨ੍ਹਾਂ ਨੇ ਦੱਸਿਆ ਕਿ ਅੱਗ ਸ਼ੋਅਰੂਮ ‘ਚ ਪਏ ਲੱਕੜੀ ਦੇ ਸਾਮਾਨ ‘ਤੇ ਪਟਾਕਾ ਡਿੱਗਣ ਨਾਲ ਲੱਗੀ। ਸ਼ੋਅਰੂਮ ‘ਚ ਪਿਆ ਸਾਮਾਨ ਸੜ ਕੇ ਸੁਆਹ ਹੋ ਗਿਆ। ਉਥੇ ਭਗਵਾਨ ਵਾਲਮੀਕਿ ਗੇਟ ਨੇੜੇ ਸਥਿਤ ਇਕ ਬੇਕਰੀ ਦੇ ਗੁਦਾਮ, ਜਿਸ ‘ਚ ਗੱਤੇ ਦੇ ਡੱਬੇ ਪਏ ਹੋਏ ਸਨ, ਉਥੇ ਅੱਗ ਲੱਗ ਗਈ। ਦਰਜਨ ਦੇ ਕਰੀਬ ਪਾਣੀ ਦੀਆਂ ਗੱਡੀਆਂ ਦੀ ਮਦਦ ਨਾਲ ਅੱਗ ‘ਤੇ ਕਾਬੂ ਪਾਇਆ ਗਿਆ। ਇਸ ਤੋਂ ਇਲਾਵਾ ਕਿਸ਼ਾਨਪੁਰਾ ‘ਚ ਕਬਾੜ ਦੇ ਗੁਦਾਮ ‘ਚ ਅੱਗ ਲੱਗੀ। ਹੁਸ਼ਿਆਰਪੁਰ ਰੋਡ ‘ਤੇ ਕਬਾੜ ‘ਚ ਅੱਗ ਲੱਗੀ। ਕਾਜ਼ੀ ਮੰਡੀ ਨੇੜੇ ਕੂੜੇ ਦੇ ਢੇਰ ਨੂੰ ਅੱਗ ਲੱਗੀ। ਬਸਤੀ ਸ਼ੇਖ ਨੇੜੇ ਖਾਲੀ ਪਲਾਟ ‘ਚ ਪਏ ਕਬਾੜ ਨੂੰ ਅੱਗ ਲੱਗੀ। ਬੱਸ ਸਟੈਂਡ ਨੇੜੇ ਖਾਲੀ ਪਾਰਕ ‘ਚ ਕਬਾੜ ‘ਚ ਅੱਗ ਲੱਗ ਗਈ। ਇੰਡਸਟਰੀ ਏਰੀਆ ‘ਚ ਕੂੜੇ ਦੇ ਢੇਰ ‘ਚ ਅੱਗ ਲੱਗੀ। ਭਈਆ ਮੰਡੀ ਚੌਕ ਨੇੜੇ ਖਾਲੀ ਪਲਾਟ ‘ਚ ਅੱਗ ਲੱਗੀ। ਮਿਲਾਪ ਚੌਕ ਨੇੜੇ ਕੂੜੇ ਦੇ ਢੇਰ ‘ਚ ਅੱਗ ਲੱਗੀ। ਸੋਢਲ ਰੋਡ ‘ਤੇ ਸਥਿਤ ਇਕ ਫੈਕਟਰੀ ਦੀ ਛੱਤ ‘ਤੇ ਪਏ ਸਾਮਾਨ ਨੂੰ ਅੱਗ ਲੱਗੀ। ਗੋਪਾਲ ਨਗਰ ‘ਚ ਕਬਾੜ ਦੇ ਸਾਮਾਨ ‘ਚ ਅੱਗ ਲੱਗੀ। ਬੂਟਾਂ ਮੰਡੀ ‘ਚ ਖਾਲੀ ਪਲਾਟ ‘ਚ ਪਏ ਕਬਾੜ ਨੂੰ ਅੱਗ ਲੱਗੀ। ਚੌਕ ਸੂਦਾਂ, ਬਰਤਨ ਬਾਜ਼ਾਰ, ਬਸਤੀ ਦਾਨਿਸ਼ਮੰਦਾਂ ‘ਚ ਕਬਾੜ ‘ਚ ਅੱਗ ਲੱਗੀ। 66 ਫੁੱਟੀ ਰੋਡ ‘ਤੇ ਇਮੀਗ੍ਰੇਸ਼ਨ ਦਫ਼ਤਰ ਦੇ ਬਾਹਰ ਪਏ ਸਾਮਾਨ ‘ਚ ਅੱਗ ਲੱਗੀ। ਐੱਫਐੱਸਓ ਜਸਵੰਤ ਸਿੰਘ ਦਾ ਕਹਿਣਾ ਸੀ ਕਿ ਰਾਤ ਨੂੰ ਵਿਭਾਗ ਦੇ ਸਾਰੇ ਮੁਲਾਜ਼ਮ ਡਿਊਟੀ ‘ਤੇ ਮੌਜੂਦ ਰਹੇ। ਉਨ੍ਹਾਂ ਦਾ ਕਹਿਣਾ ਸੀ ਕਿ ਮਾਲੀ ਨੁਕਸਾਨ ਹੋਇਆ ਹੈ ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤੇ ਨਾ ਹੀ ਕੋਈ ਜ਼ਖ਼ਮੀ ਹੋਇਆ ਹੈ।
ਦੇਰ ਰਾਤ ਤਕ ਚੱਲੇ ਪਟਾਕੇ, ਪੁਲਿਸ ਨੇ ਦਰਜ ਨਹੀਂ ਕੀਤਾ ਕੋਈ ਮਾਮਲਾ
ਦੀਵਾਲੀ ਦੀ ਰਾਤ ਸ਼ਹਿਰ ‘ਚ ਪਟਾਕੇ ਰਾਤ ਅੱਠ ਵਜੇ ਤੋਂ ਲੈ ਕੇ 10 ਵਜੇ ਤਕ ਚਲਾਉਣ ਦੇ ਹੁਕਮ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਹੋਇਆ ਸੀ। ਰਾਤ ਨੂੰ ਇਕ ਵਜੇ ਤਕ ਪ੍ਰਸ਼ਾਸਨ ਦੇ ਹੁਕਮਾਂ ਦੀਆਂ ਰੱਜ ਕੇ ਧੱਜੀਆਂ ਉੱਡੀਆਂ ਤੇ ਲੋਕਾਂ ਨੇ ਪਟਾਕੇ ਚਲਾਏ। ਆਤਿਸ਼ਬਾਜ਼ੀ ਜਲੰਧਰ ਪੁਲਿਸ ਨੂੰ ਨਜ਼ਰ ਨਹੀਂ ਆਈ ਤੇ ਪੂਰੀ ਰਾਤ ‘ਚ ਇਕ ਵੀ ਮਾਮਲਾ ਪ੍ਰਸ਼ਾਸਨ ਦੇ ਹੁਕਮਾਂ ਦੀਆਂ ਧੱਜੀਆਂ ਉਡਾਉਣ ਵਾਲਿਆਂ ਖ਼ਿਲਾਫ਼ ਦਰਜ ਨਹੀਂ ਹੋਇਆ। ਡੀਸੀਪੀ ਜਗਮੋਹਨ ਸਿੰਘ ਦਾ ਕਹਿਣਾ ਸੀ ਕਿ ਰਾਤ ਨੂੰ ਪਟਾਕੇ ਨਹੀਂ ਚੱਲੇ ਜਿਸ ਕਾਰਨ ਪੁਲਿਸ ਨੇ ਕੋਈ ਮਾਮਲਾ ਦਰਜ ਨਹੀਂ ਕੀਤਾ ਹੈ।
ਨਾ ਚੱਲਿਆ ਜੂਆ ਤੇ ਨਾ ਹੀ ਹੋਇਆ ਲੜਾਈ-ਝਗੜਾ
ਇਸ ਵਾਰੀ ਦੀਵਾਲੀ ‘ਤੇ ਸ਼ਹਿਰ ‘ਚ ਹੈਰਾਨੀਕੁੰਨ ਤੱਥ ਸਾਹਮਣੇ ਆਏ ਹਨ ਕਿ ਨਾ ਤਾਂ ਸ਼ਹਿਰ ‘ਚ ਕਿਤੇ ਜੂਆ ਖੇਡਿਆ ਗਿਆ ਤੇ ਨਾ ਹੀ ਕਿਤੇ ਲੜਾਈ-ਝਗੜਾ ਹੋਇਆ ਹੈ। ਦੀਵਾਲੀ ਦੀ ਰਾਤ ਨੂੰ ਸ਼ਹਿਰ ਦੇ ਕਿਸੇ ਵੀ ਥਾਣੇ ‘ਚ ਜੂਆ ਖੇਡਦੇ ਫੜੇ ਜਾਣ ਤੇ ਕੁੱਟਮਾਰ ਦਾ ਮਾਮਲਾ ਦਰਜ ਨਹੀਂ ਹੋਇਆ ਹੈ। ਡੀਸੀਪੀ ਜਗਮੋਹਨ ਸਿੰਘ ਨੇ ਦੱਸਿਆ ਕਿ ਪੁਲਿਸ ਪੂਰੀ ਤਰ੍ਹਾਂ ਚੌਕਸ ਰਹੀ ਤੇ ਸ਼ਹਿਰ ‘ਚ ਜਗ੍ਹਾ-ਜਗ੍ਹਾ ‘ਤੇ ਗਸ਼ਤ ਕੀਤੀ ਗਈ ਜਿਸ ਨਾਲ ਲੜਾਈ ਝਗੜਾ ਨਹੀਂ ਹੋਇਆ। ਉਥੇ ਲੋਕਾਂ ‘ਚ ਪੁਲਿਸ ਦਾ ਡਰ ਵੀ ਕਾਫੀ ਰਿਹਾ ਜਿਸ ਨਾਲ ਜੂਆ ਖੇਡ ਜਾਣ ਦੀ ਕੋਈ ਸੂਚਨਾ ਵੀ ਨਹੀਂ ਮਿਲੀ।