ਹਲਕਾ ਖੇਮਕਰਨ ਦੇ ਪਿੰਡ ਮਾਹਨੇਕੇ ਵਿੱਚ ਗਲੀ ਦਾ ਦਰੱਖ਼ਤ ਵੱਢਣ ਨੂੰ ਲੈਕੇ ਦੋ ਧਿਰਾਂ ਦੀ ਲੜਾਈ ਮਗਰੋਂ ਗੋਲੀਬਾਰੀ ਹੋਈ ਤੇ ਦੋ ਲੋਕ ਜ਼ਖ਼ਮੀ ਹੋ ਗਏ ਹਨ। ਇਸ ਸਬੰਧੀ ਘਰਿਆਲਾ ਦੇ ਸਰਕਾਰੀ ਹਸਪਤਾਲ ਵਿਚ ਜ਼ੇਰੇ ਇਲਾਜ ਭਗਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਗਲੀ ਵਿੱਚ ਦਰੱਖ਼ਤ ਲੱਗਾ ਸੀ ਜਿਸ ਕਰਕੇ ਆਉਣ ਜਾਣ ਵਿੱਚ ਮੁਸ਼ਕਿਲ ਆਉਂਦੀ ਸੀ। ਇਸ ਕਰਕੇ ਉਨ੍ਹਾਂ ਨੇ ਦਰੱਖ਼ਤ ਨੂੰ ਵੱਢ ਦਿੱਤਾ। ਇਸੇ ਦੌਰਾਨ ਦੂਜੀ ਧਿਰ ਨਾਲ ਸਬੰਧਤ ਵਿਅਕਤੀਆਂ ਨੇ ਇਸ ਗੱਲ ਦਾ ਵਿਰੋਧ ਕਰਦੇ ਹੋਏ ਉਨ੍ਹਾਂ ਨਾਲ ਝਗੜਾ ਕੀਤਾ ਅਤੇ ਘਰ ਦੀ ਛੱਤ ਉੱਪਰ ਚੜ੍ਹ ਕੇ ਗੋਲੀਆਂ ਚਲਾਈਆਂ ਅਤੇ ਇੱਟਾਂ ਰੋੜੇ ਵੀ ਚਲਾਏ ਗਏ। ਗੋਲੀ ਲੱਗਣ ਕਾਰਨ ਉਹ ਖੁਦ ਅਤੇ ਉਸ ਦਾ ਭਰਾ ਜ਼ਖ਼ਮੀ ਹੋ ਗਏ। ਉਸ ਨੇ ਦੱਸਿਆ ਕਿ ਭਰਾ ਦੀ ਹਾਲਤ ਗੰਭੀਰ ਹੋਣ ਕਰਕੇ ਉਸ ਨੂੰ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਸ ਮੌਕੇ ਹਸਪਤਾਲ ਵਿਚ ਦਾਖ਼ਲ ਭਗਵੰਤ ਸਿੰਘ ਨੂੰ ਗੋਲੀ ਦੇ ਛਰੇ ਲੱਗੇ ਹੋਏ ਸਨ। ਪੁਲੀਸ ਨੇ ਅਜੇ ਤੱਕ ਕਿਸੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਨਹੀਂ ਕੀਤਾ ਹੈ। ਇਸ ਸਬੰਧੀ ਜਦੋਂ ਚੌਕੀ ਇੰਚਾਰਜ (ਘਰਿਆਲਾ) ਨਰਿੰਦਰ ਸਿੰਘ ਨਾਲ ਗੱਲ ਕਰਨ ਦੀ ਕੋਸ਼ਿਸ਼ ਕਿ ਤਾਂ ਉਨ੍ਹਾਂ ਨੇ ਜਾਣਕਾਰੀ ਦੇਣ ਤੋਂ ਨਾ ਕਰ ਦਿੱਤੀ। ਥਾਣਾ ਸਦਰ ਪੱਟੀ ਦੇ ਐੱਸਐੱਚਓ ਹਰਿੰਦਰ ਸਿੰਘ ਨੇ ਦੱਸਿਆ ਕਿ ਗਲੀ ਵਿੱਚ ਦਰੱਖ਼ਤ ਵੱਢਣ ਦੇ ਮਾਮਲੇ ਨੂੰ ਲੈ ਕੇ ਗੋਲੀ ਚੱਲੀ ਹੈ ਤੇ ਤਿੰਨ ਲੋਕਾਂ ਦੇ ਜ਼ਖ਼ਮੀ ਹੋਣ ਦੀ ਖਬਰ ਹੈ। ਉਨ੍ਹਾਂ ਕਿਹਾ ਜ਼ਖ਼ਮੀਆਂ ਦੇ ਬਿਆਨ ਦਰਜ ਕਰ ਅਗਲੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਫਾਇਰਿੰਗ ਮਾਮਲੇ ’ਚ ਸਰਪੰਚ ਦੀ ਗ੍ਰਿਫ਼ਤਾਰੀ ਮੰਗੀ
ਜਲੰਧਰ (ਨਿੱਜੀ ਪੱਤਰ ਪ੍ਰੇਰਕ): ਪਿੰਡ ਗਾਖਲਾਂ ਦੇ ਪੰਚਾਇਤ ਮੈਂਬਰ ਜਸਬੀਰ ਸਿੰਘ ਸ਼ੀਰਾ ਨੇ ਕਿਹਾ ਕਿ ਉਸ ਦੇ ਘਰ ਦੇ ਬਾਹਰ ਕੁਝ ਸਮਾਂ ਪਹਿਲਾਂ ਸਰਪੰਚ ਨੇ ਕਥਿਤ ਤੌਰ ’ਤੇ ਗੋਲੀਆਂ ਚਲਾ ਦਿੱਤੀਆਂ ਸਨ। ਥਾਣਾ ਲਾਂਬੜਾ ਵਿੱਚ ਪੁਲੀਸ ਨੇ ਕੇਸ ਵੀ ਦਰਜ ਕੀਤਾ ਹੋਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸੀ ਸਰਪੰਚ ਹੋਣ ਕਰਕੇ ਪੁਲੀਸ ਉਸ ਨੂੰ ਹੱਥ ਨਹੀਂ ਪਾ ਰਹੀ। ਉਨ੍ਹਾਂ ਨੇ ਆਪਣੇ ਪਰਿਵਾਰ ਦੀ ਜਾਨ ਨੂੰ ਖਤਰਾ ਦੱਸਦਿਆਂ ਕਿਹਾ ਕਿ ਜਦੋਂ ਤੱਕ ਉਹ ਅਸਲੇ ਸਮੇਤ ਬਾਹਰ ਘੁੰਮ ਰਿਹਾ ਹੈ ਤਾਂ ਉਨ੍ਹਾਂ ਦਾ ਪਰਿਵਾਰ ਸੁਰੱਖਿਅਤ ਨਹੀਂ ਰਹਿ ਸਕਦਾ। ਜ਼ਿਕਰਯੋਗ ਹੈ ਕਿ ਪੰਚਾਇਤ ਮੈਂਬਰ ਜਸਬੀਰ ਸਿੰਘ ਸ਼ੀਰਾ ਨੇ ਦੋਸ਼ ਲਾਏ ਸਨ ਕਿ ਪੁਲੀਸ ਨੇ ਸਰਪੰਚ ਵਿਰੁੱਧ ਪਹਿਲਾਂ ਵੀ ਕੇਸ ਦਰਜ ਕੀਤੇ ਹੋਏ ਹਨ ਪਰ ਸੂਬੇ ਵਿਚ ਕਾਂਗਰਸ ਦੀ ਸਰਕਾਰ ਹੋਣ ਕਰਕੇ ਉਸ ਨੂੰ ਗ੍ਰਿਫਤਾਰ ਕਰਨ ਤੋਂ ਪੁਲੀਸ ਝਿਜਕ ਰਹੀ ਹੈ। ਉਨ੍ਹਾਂ ਨੇ ਚਿਤਾਵਨੀ ਵੀ ਦਿੱਤੀ ਕਿ ਜੇਕਰ ਉਨ੍ਹਾਂ ਦੇ ਪਰਿਵਾਰ ਨਾਲ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਇਸ ਲਈ ਸਰਪੰਚ ਅਤੇ ਜਲੰਧਰ ਦਿਹਾਤੀ ਪੁਲੀਸ ਜ਼ਿੰਮੇਵਾਰ ਹੋਵੇਗੀ। ਉਧਰ ਥਾਣਾ ਲਾਂਬੜਾ ਦੇ ਐੱਸਐੱਚਓ ਸੁਖਦੇਵ ਸਿੰਘ ਨੇ ਦੱਸਿਆ ਕਿ ਸਰਪੰਚ ਨੇ ਇਸ ਮਾਮਲੇ ਦੀ ਸ਼ਿਕਾਇਤ ਡੀਐੱਸਪੀ ਕੋਲ ਕੀਤੀ ਹੋਈ ਹੈ ਤੇ ਇਸ ਬਾਰੇ ਜਾਂਚ ਚੱਲ ਰਹੀ ਹੈ। ਜਦੋਂ ਜਾਂਚ ਦੀ ਰਿਪੋਰਟ ਆ ਜਾਵੇਗੀ ਤਾਂ ਉਹ ਅਗਲੀ ਕਾਰਵਾਈ ਕਰਨਗੇ।