ਖ਼ੁਰਾਕ, ਸਿਵਲ ਸਪਲਾਈਜ਼ ਤੇ ਖ਼ਪਤਕਾਰ ਮਾਮਲੇ ਵਿਭਾਗ, ਪੰਜਾਬ ਵੱਲੋਂ ਨੀਲੇ ਰਾਸ਼ਨ ਕਾਰਡ ਧਾਰਕਾਂ (ਹੁਣ ਸਮਾਰਟ ਰਾਸ਼ਨ ਕਾਰਡ ਸਕੀਮ) ਨੂੰ ਦਿੱਤੀ ਜਾਣ ਵਾਲੀ ਕਣਕ ਹੁਣ ਹਰ ਤੀਜੇ ਮਹੀਨੇ ਮਿਲਿਆ ਕਰੇਗੀ। ਖ਼ੁਰਾਕ, ਸਿਵਲ ਸਪਲਾਈਜ਼ ਤੇ ਖ਼ਪਤਕਾਰ ਮਾਮਲੇ ਵਿਭਾਗ, ਪੰਜਾਬ ਵੱਲੋਂ ਨੀਲੇ ਕਾਰਡ ਧਾਰਕਾਂ ਨੂੰ ਇਹ ਕਣਕ 5 ਕਿਲੋ ਪ੍ਰਤੀ ਜੀਅ ਹਰ ਮਹੀਨੇ ਦੇ ਹਿਸਾਬ ਨਾਲ ਦਿੱਤੀ ਜਾਂਦੀ ਹੈ। ਹੁਣ ਵਿਭਾਗ ਵੱਲੋਂ ਕਣਕ ਵੰਡ ਹਰ ਤਿਮਾਹੀ ਪਰਿਵਾਰ ਦੇ ਮੈਂਬਰਾਂ ਦੀ ਗਿਣਤੀ ਦੇ ਹਿਸਾਬ ਨਾਲ ਇਹ ਕਣਕ ਦਿੱਤੀ ਜਾਵੇਗੀ।
ਜੇਕਰ ਨੀਲੇ ਰਾਸ਼ਨ ਕਾਰਡਧਾਰਕ ਪਰਿਵਾਰ ’ਚ ਇਕ ਮੈਂਬਰ ਹੈ ਤਾਂ ਉਸ ਨੂੰ 30 ਕਿਲੋ ਕਣਕ ਪਹਿਲੀ ਤਿਮਾਹੀ ਤੇ ਬਾਕੀ ਦੀ 30 ਕਿਲੋ ਕਣਕ ਤੀਜੀ ਤਿਮਾਹੀ (ਕੁੱਲ 60 ਕਿਲੋ) ਮਿਲੇਗੀ। ਇਸੇ ਤਰ੍ਹਾਂ ਦੋ ਮੈਂਬਰਾਂ ਵਾਲੇ ਪਰਿਵਾਰ ਨੂੰ ਹਰ ਤਿਮਾਹੀ 30-30 ਕਿਲੋ (ਕੁੱਲ 120 ਕਿਲੋ) ਕਣਕ ਮਿਲੇਗੀ। ਜਿਸ ਪਰਿਵਾਰ ’ਚ ਤਿੰਨ ਮੈਂਬਰ ਹਨ, ਨੂੰ ਪਹਿਲੀ ਤਿਮਾਹੀ 60 ਕਿਲੋ, ਦੂਜੀ ਤਿਮਾਹੀ 30 ਕਿਲੋ, ਤੀਜੀ ਤਿਮਾਹੀ ਫਿਰ 60 ਕਿਲੋ ਤੇ ਚੌਥੀ ਤਿਮਾਹੀ 30 ਕਿਲੋ (ਕੁੱਲ 180 ਕਿਲੋ) ਕਣਕ ਮਿਲੇਗੀ। ਚਾਰ ਮੈਂਬਰਾਂ ਵਾਲੇ ਪਰਿਵਾਰ ਨੂੰ ਹਰ ਤਿਮਾਹੀ 60-60 ਕਿਲੋ (ਕੁਲ 240 ਕਿਲੋ) ਕਣਕ ਮਿਲੇਗੀ। ਪੰਜ ਜੀਆਂ ਵਾਲੇ ਪਰਿਵਾਰ ਨੂੰ ਪਹਿਲੀ ਤਿਮਾਹੀ 90 ਕਿਲੋ, ਦੂਜੀ ਤਿਮਾਹੀ 60 ਕਿਲੋ, ਤੀਜੀ ਤਿਮਾਹੀ ਫਿਰ 90 ਕਿਲੋ ਤੇ ਚੌਥੇ ਤਿਮਾਹੀ 60 ਕਿਲੋ (ਕੁੱਲ 300 ਕਿਲੋ) ਕਣਕ ਮਿਲੇਗੀ। ਛੇ ਮੈਂਬਰਾਂ ਵਾਲੇ ਪਰਿਵਾਰ ਨੂੰ ਹਰ ਤਿਮਾਹੀ 90 ਕਿਲੋ (ਕੁੱਲ 360 ਕਿਲੋ) ਕਣਕ ਮਿਲੇਗੀ। ਸੱਤ ਮੈਂਬਰਾਂ ਵਾਲੇ ਪਰਿਵਾਰ ਨੂੰ ਪਹਿਲੀ ਤਿਮਾਹੀ 120 ਕਿਲੋ, ਦੂਜੀ ਤਿਮਾਹੀ 90 ਕਿਲੋ, ਤੀਜੀ ਤਿਮਾਹੀ 120 ਕਿਲੋ ਤੇ ਚੌਥੀ ਤਿਮਾਹੀ ਫਿਰ 90 ਕਿਲੋ ਕਣਕ (ਕੁੱਲ 420 ਕਿਲੋ) ਕਣਕ ਮਿਲੇਗੀ। ਅੱਠ ਮੈਂਬਰਾਂ ਵਾਲੇ ਪਰਿਵਾਰ ਨੂੰ ਹਰ ਤਿਮਾਹੀ 120 ਕਿਲੋ( ਕੁੱਲ 480 ਕਿਲੋ) ਕਣਕ ਮਿਲੇਗੀ।
ਅੰਮ੍ਰਿਤਸਰ ਦੇ ਡੀਐੱਫਐੰੱਸਸੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਵਿਭਾਗ ਵੱਲੋਂ ਜਾਰੀ ਨਵੀਆਂ ਹਦਾਇਤਾਂ ਅਨੁਸਾਰ ਹੀ ਹੁਣ ਡਿਪੂ ਹੋਲਡਰ ਕਣਕ ਵੰਡ ਰਹੇ ਹਨ। ਡਿਪੂ ਹੋਲਡਰ ਐਸੋਸੀਏਸ਼ਨ ਛੇਹਰਟਾ ਦੇ ਪ੍ਰਧਾਨ ਕੁਲਦੀਪ ਸ਼ਰਮਾ ਨੇ ਦੱਸਿਆ ਕਿ ਡਿਪੂ ਹੋਲਡਰਾਂ ਨੇ ਜਨਵਰੀ ਮਹੀਨੇ ਤੋਂ ਨਵੀਂ ਵੰਡ ਪ੍ਰਣਾਲੀ ਅਨੁਸਾਰ ਖ਼ਪਤਕਾਰਾਂ ਨੂੰ ਕਣਕ ਵੰਡਣੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਇਹ ਕਣਕ ਸਾਲ ’ਚ ਦੋ ਵਾਰ ਹਰ ਛੇ ਮਹੀਨੇ ਬਾਅਦ ਵੰਡੀ ਜਾਂਦੀ ਸੀ। ਉਨ੍ਹਾਂ ਕਿਹਾ ਕਿ 2 ਰੁਪਏ ਪ੍ਰਤੀ ਕਿਲੋ ਵਾਲੀ ਕਣਕ ਦੀ ਪੈਕਿੰਗ 30 ਕਿਲੋ ਦੀ ਹੁੰਦੀ ਹੈ। ਵਿਭਾਗ ਨੇ ਨਵੀਆਂ ਹਦਾਇਤਾਂ ਜਾਰੀ ਕਰਦੇ ਸਮੇਂ ਵੀ ਖ਼ਪਤਕਾਰ ਦੇ ਪਰਿਵਾਰਕ ਮੈਂਬਰਾਂ ਨੂੰ ਧਿਆਨ ’ਚ ਰੱਖਦੇ ਹੋਏ ਵੰਡ ਪ੍ਰਣਾਲੀ ਇਸ ਹਿਸਾਬ ਨਾਲ ਰੱਖੀ ਹੈ ਕਿ ਕਣਕ ਵੰਡਣ ਸਮੇਂ 30 ਕਿਲੋ ਦਾ ਤੋੜਾ ਖੋਲ੍ਹਣਾ ਨਾ ਪਵੇ ਤੇ ਖ਼ਪਤਕਾਰ ਆਸਾਨੀ ਨਾਲ ਕਣਕ ਆਪਣੇ ਘਰ ਲੈ ਕੇ ਜਾ ਸਕੇ।