ਦੁਨੀਆ ਦਾ ਸਭ ਤੋਂ ਉੱਚਾ ਪੁਲ: ਜੰਮੂ-ਕਸ਼ਮੀਰ ਦੀ ਚਨਾਬ ਨਦੀ ‘ਤੇ ਦੁਨੀਆ ਦਾ ਸਭ ਤੋਂ ਉੱਚਾ ਪੁਲ ਬਣਾਇਆ ਜਾ ਰਿਹਾ ਹੈ। ‘ਚਨਾਬ ਬ੍ਰਿਜ’ ਦੇ ਨਾਂ ਨਾਲ ਜਾਣਿਆ ਜਾਂਦਾ ਇਹ ਪੁਲ ਦਸੰਬਰ 2022 ਤਕ ਰੇਲ ਆਵਾਜਾਈ ਲਈ ਚਾਲੂ ਹੋ ਸਕਦਾ ਹੈ। ਇਸ ਤੋਂ ਪਹਿਲਾਂ ਕੇਂਦਰੀ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਸੋਮਵਾਰ ਨੂੰ ਆਪਣੇ ਟਵਿੱਟਰ ਹੈਂਡਲ ‘ਤੇ ਇਸ ਪੁਲ ਦੀ ਤਸਵੀਰ ਸਾਂਝੀ ਕੀਤੀ ਹੈ।
ਤਸਵੀਰ ਨੂੰ ਸ਼ੇਅਰ ਕਰਦੇ ਹੋਏ ਕੇਂਦਰੀ ਮੰਤਰੀ ਨੇ ਕੈਪਸ਼ਨ ਲਿਖਿਆ, ‘ਦੁਨੀਆ ਦਾ ਸਭ ਤੋਂ ਉੱਚਾ ਚਨਾਬ ਪੁਲ ਬੱਦਲਾਂ ‘ਤੇ। ਤਸਵੀਰ ਵਿੱਚ ਦੇਖਿਆ ਜਾ ਸਕਦਾ ਹੈ ਕਿ ਇਸ ਪੁਲ ਦੀ ਉਚਾਈ ਇੰਨੀ ਹੈ ਕਿ ਇਸ ਦੇ ਹੇਠਾਂ ਬੱਦਲ ਆ ਗਏ ਹਨ। ਚਨਾਬ ਨਦੀ ‘ਤੇ ਬਣੇ ਇਸ ਪੁਲ ਦੀ ਉਚਾਈ ਦਰਿਆ ਦੇ ਪੱਧਰ ਤੋਂ 359 ਮੀਟਰ ਹੈ। ਇਹ ਪੁਲ ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਵਿੱਚ ਕਟੜਾ-ਬਨਿਹਾਲ ਰੇਲ ਸੈਕਸ਼ਨ ‘ਤੇ 27949 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਹੈ।
ਇਸ ਪੁਲ ਨੂੰ ਮੇਨ ਆਰਚ ਦੇ ਨਾਲ 1315 ਮੀਟਰ ਲੰਬਾ ਡਿਜ਼ਾਇਨ ਕੀਤਾ ਗਿਆ ਹੈ। ਇਸ ਪੁਲ ਦਾ ਨਿਰਮਾਣ ਕੋਂਕਣ ਰੇਲਵੇ ਕਾਰਪੋਰੇਸ਼ਨ ਲਿਮਿਟੇਡ (ਕੇ ਆਰ ਸੀ ਐਲ) ਦੇ ਊਧਮ ਪੁਰ – ਸ਼੍ਰੀਨਗਰ-ਬਾਰਾਮੂਲਾ ਰੇਲ ਲਿੰਕ (ਯੂ.ਐੱਸ.ਬੀ.ਆਰ.ਐੱਲ.) ਪ੍ਰੋਜੈਕਟ ਦੇ ਤਹਿਤ ਕੀਤਾ ਗਿਆ ਹੈ।
ਇਹ ਘਾਟੀ ਨੂੰ ਰੇਲਵੇ ਰਾਹੀਂ ਦੇਸ਼ ਦੇ ਬਾਕੀ ਹਿੱਸਿਆਂ ਨਾਲ ਜੋੜੇਗਾ। ਤੁਹਾਨੂੰ ਦੱਸ ਦੇਈਏ ਕਿ ਇਸ ਖਾਸ ਪੁਲ ਦੀ ਇਕ ਹੋਰ ਸਭ ਤੋਂ ਮਹੱਤਵਪੂਰਨ ਤਕਨੀਕੀ ਵਿਸ਼ੇਸ਼ਤਾ ਇਹ ਹੈ ਕਿ ਜਿਸ ਸਟ੍ਰਕਚਰਲ ਸਟੀਲ ਤੋਂ ਪੁਲ ਬਣਾਇਆ ਗਿਆ ਹੈ, ਉਹ ਮਾਈਨਸ 10 ਡਿਗਰੀ ਸੈਲਸੀਅਸ ਤੋਂ 40 ਡਿਗਰੀ ਸੈਲਸੀਅਸ ਤਾਪਮਾਨ ਨੂੰ ਸਹਿ ਸਕਦਾ ਹੈ। ਮਤਲਬ ਜੰਮੂ-ਕਸ਼ਮੀਰ ਦੇ ਮੌਸਮ ਦਾ ਇਸ ਪੁਲ ‘ਤੇ ਕੋਈ ਅਸਰ ਨਹੀਂ ਪਵੇਗਾ ਅਤੇ ਇਹ ਪੁਲ ਬਿਨਾਂ ਕਿਸੇ ਮੁਸ਼ਕਲ ਦੇ ਚੱਲਦਾ ਰਹੇਗਾ।