ਭਾਰਤ ਦੇਸ਼ ਇੱਕ ਗਣਤੰਤਰ ਰਾਜ ਹੈ ਜਿੱਥੇ ਹਰੇਕ ਵਿਅਕਤੀ ਨਹੀਂ ਅਜ਼ਾਦੀ ਤੇ ਬਰਾਬਰ ਅਧਿਕਾਰ ਦਿੱਤੇ ਗਏ ਹਨ। ਹਰੇਕ ਵਿਅਕਤੀ ਨੂੰ ਜਨਤਕ ਰਸਤਿਆਂ, ਸੜਕਾਂ ਦਾ ਇਸਤੇਮਾਲ ਕਰਨ ਦਾ ਅਧਿਕਾਰ ਹੈ, ਪ੍ਰੰਤੂ ਪਬਲਿਕ ਟਰਾਂਸਪੋਰਟ ਦੇ ਨਾਮ ਤੇ ਚਲਦਿਆਂ ਪ੍ਰਾਈਵੇਟ ਉਦਯੋਗਪਤੀਆਂ ਦੀਆਂ ਬੱਸਾਂ ਜਿਵੇਂ ਕਿਸੇ ਤਾਨਾਸ਼ਾਹੀ ਰਾਜ ਵਿੱਚ ਇਧਰ ਉਧਰ ਘੁੰਮ ਰਹੀਆਂ ਹੋਣ। ਇੰਨੀ ਲਾਪਰਵਾਹੀ ਨਾਲ ਡਰਾਈਵਿੰਗ ਕਰਕੇ ਇਹ ਤਾਂ ਭਾਵੇਂ ਆਪਣੇ ਨਿਸ਼ਚਿਤ ਟਾਈਮ ਤੇ ਆਪਣੇ ਠਿਕਾਣੇ ਪਹੁੰਚ ਜਾਂਦੀਆਂ ਨੇ ਪ੍ਰੰਤੂ ਇਨ੍ਹਾਂ ਦੀ ਲਾਪਰਵਾਹੀ ਦਾ ਸ਼ਿਕਾਰ ਹੋਏ ਕੁਝ ਲੋਕ ਟੋਇਆ ਵਿੱਚ, ਕੁਝ ਖੇਤਾਂ ਵਿੱਚ ਤੇ ਕੁਝ ਪਰਲੋਕ ਸਿਧਾਰ ਜਾਂਦੇ ਹਨ। ਬੀਤੀ 26 ਮਾਰਚ ਸਵੇਰੇ 8 ਵੱਜਕੇ 55 ਮਿੰਟ ਤੇ ਜਲੰਧਰ ਵਲੋਂ ਇੱਕ ਪ੍ਰਾਈਵੇਟ ਬੱਸ “ਰਾਜਧਾਨੀ” ਰਜਿਸਟਰੇਸ਼ਨ ਨੰਬਰ ਪੀ ਬੀ 07 ਬੀ ਜੀ 4582 ਇੰਨੀ ਤੇਜ਼ ਤੇ ਲਾਪਰਵਾਹੀ ਨਾਲ ਨਕੋਦਰ ਬੱਸ ਅੱਡੇ ਵੱਲ ਵਧ ਰਹੀ ਸੀ ਕਿ ਉਸਦੀ ਰਫ਼ਤਾਰ ਨਾਲ ਇੱਕ ਸਾਇਕਲ ਸਵਾਰ ਸੜਕ ਕਿਨਾਰੇ ਡਰੈੱਨ ਵਿੱਚ ਡਿੱਗ ਗਿਆ, ਕੁਝ ਅੱਗੇ ਦੀ ਮੋਟਸਾਇਕਲ ਸਵਾਰ ਆਪਸ ਵਿੱਚ ਟਕਰਾਉਂਦੇ ਮਸਾਂ ਬਚੇ। ਬੱਸ ਦੀ ਰਫ਼ਤਾਰ ਤੇ ਅੰਨ੍ਹੇਵਾਹ ਡਰਾਈਵਿੰਗ ਨੇ ਨਹਿਰ ਤੇ ਇੱਕ ਪਰਿਵਾਰ ਜੋ ਕਿ ਮੋਟਰਸਾਈਕਲ ਤੇ ਸੀ, ਨੂੰ ਰਫ਼ਤਾਰ ਕਾਰਨ ਬਣੀ ਹਵਾਈ ਦਬਾਅ ਦੀ ਫੇਟ ਮਾਰੀ ਤਾਂ ਓਹਨਾ ਦਾ ਮੋਟਰ ਸਾਇਕਲ ਟੋਏ ਵਿੱਚ ਜਾ ਪਿਆ।

ਉਹਨਾਂ ਬੜੀ ਮੁਸ਼ਕਿਲ ਮੋਟਸਾਈਕਲ ਨੂੰ ਕਾਬੂ ਕੀਤਾ, ਨਹੀਂ ਤਾਂ ਤਿੰਨੋ ਜੀਆਂ ਦੇ ਸੱਟਾਂ ਲੱਗਣੀਆਂ ਤਹਿ ਸੀ। ਮੋਟਸਾਈਕਲ ਸਵਾਰ ਨੇ ਬੱਸ ਦਾ ਪਿੱਛਾ ਕਰਕੇ ਬੱਸ ਅੱਡੇ ਪਹੁੰਚ ਕੇ ਡਰਾਈਵਰ ਨੂੰ ਉਲਾਭਾ ਵੀ ਦਿੱਤਾ, ਟਾਈਮ ਤੇ ਪਹੁੰਚਣ ਦਾ ਕਹਿ ਕੇ ਉਹਨਾਂ ਨੇ ਗੱਲ ਟਾਲ ਦਿੱਤੀ। ਹੁਣ ਸਵਾਲ ਇਹ ਉੱਠਦਾ ਹੈ ਕਿ ਨਿੱਜੀ ਪਬਲਿਕ ਟਰਾਂਸਪੋਰਟ ਲਈ ਸੜਕ ਤੇ ਜਾਂਦੇ ਆਮ ਲੋਕ ਕੀੜੇ ਮਕੌੜੇ ਹਨ? ਕੀ ਇਨ੍ਹਾਂ ਦਾ ਟਾਈਮ ਹੀ ਕੀਮਤੀ ਹੈ? ਕੀ ਇਹ 5-7 ਮਿੰਟ ਪਹਿਲਾਂ ਨਹੀਂ ਤੁਰ ਸਕਦੇ ਆਪਣੀ ਮੰਜ਼ਿਲ ਲਈ ਤਾਂ ਕਿ ਰਫ਼ਤਾਰ ਜਾਇਜ਼ ਰੱਖੀ ਜਾਵੇ? ਅਸੀਂ ਸਰਕਾਰ ਅੱਗੇ ਇਹ ਅਪੀਲ ਕਰਕੇ ਹਾਂ ਕਿ ਇਸ ਮਸਲੇ ਵੱਲ ਧਿਆਨ ਦਿੱਤਾ ਜਾਵੇ ਤੇ ਰਾਜਧਾਨੀ ਪਬਲਿਕ ਟਰਾਂਸਪੋਰਟ ਵਰਗੀਆਂ ਬੇ ਤਰਤੀਬੀ, ਬੇ ਢੰਗੀ ਅਤੇ ਲਾਪਰਵਾਹੀ ਨਾਲ ਚਲਦੀਆਂ ਬੱਸਾਂ ਤੇ ਕਾਬੂ ਪਾਇਆ ਜਾਵੇ ਤੇ ਆਮ ਲੋਕਾਂ ਦੀ ਜਾਨ ਮਾਲ ਦੀ ਰਾਖੀ ਕੀਤੀ ਜਾਵੇ। ਕਿਉਂਕਿ ਇਨ੍ਹਾਂ ਦੀ 2 ਮਿੰਟ ਦੀ ਦੇਰੀ ਦੋ ਪਹੀਆ ਵਾਹਨ ਚਾਲਕਾਂ ਦੀ ਜ਼ਿੰਦਗੀ ਖੋਹਣ ਦਾ ਕਾਰਨ ਬਣ ਰਹੀ ਹੈ। ਸਰਕਾਰ ਨੂੰ ਇਧਰ ਗੰਭੀਰਤਾ ਨਾਲ ਧਿਆਨ ਦੇਣਾ ਪੈਣਾ ਹੈ ਨਹੀਂ ਤਾਂ ਇੱਕ ਸਮਾਂ ਅਜਿਹਾ ਵੀ ਆਵੇਗਾ ਕਿ ਲਾਪਰਵਾਹੀ ਨਾਲ ਚਲਣ ਵਾਲੀ ਪਬਲਿਕ ਟਰਾਂਸਪੋਰਟ, ਹਰ ਵੇਲੇ ਸੜਕਾਂ ਦੇ ਕਿਨਾਰਿਆਂ ਤੇ ਟੁੱਟੀ ਭੱਜੀ ਨਜ਼ਰ ਆਵੇਗੀ ਜਾਂ ਫਿਰ ਆਮ ਲੋਕਾਂ ਨੂੰ ਆਪਣੇ ਮਸਲੇ ਆਪ ਹੀ ਨਿਜੱਠਣੇ ਪੈਣਗੇ। ਜਾਨ ਸਭਦੀ ਕੀਮਤੀ ਹੈ ਤੇ ਸਰਕਾਰ ਨੂੰ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਅਸੀਂ ਲੋਕ ਸਿਰਫ ਵੋਟਾਂ ਹੀ ਨਹੀਂ ਬਲਕਿ ਇਨਸਾਨ ਹਾਂ ਤੇ ਇੱਕ ਗਣਤੰਤਰ ਦੇਸ਼ ਦਾ ਹਿੱਸਾ ਹਾਂ, ਸਾਨੂੰ ਵੀ ਦੇਸ਼ ਅੰਦਰ ਮਿਲੇ ਅਧਿਕਾਰਾਂ ਦਾ ਇਸਤੇਮਾਲ ਕਰਨ ਦਾ ਪੂਰਾ ਹੱਕ ਹੈ। ਵੱਡੀਆਂ ਗੱਡੀਆਂ ਹੋਣ ਨਾਲ ਇਹ ਸੜਕਾਂ ਦੇ ਮਾਲਕ ਨਹੀਂ ਬਣ ਜਾਂਦੇ।