ਜਲੰਧਰ: ਬਰਸਾਤਾਂ ਦੌਰਾਨ ਸਤਲੁਜ ਦਰਿਆ ’ਚ ਪਾਣੀ ਦਾ ਪੱਧਰ ਵਧਣ ਨਾਲ ਆਏ ਹੜ੍ਹਾਂ ਦਾ ਕਹਿਰ ਝੱਲਣ ਵਾਲੇ ਲੋਕਾਂ ਨੂੰ ਹੁਣ ਸਰਦੀਆਂ ਦੀ ਰੁੱਤ ਡਰਾਉਣ ਲੱਗੀ ਹੈ। ਕਾਰਨ ਹੈ ਕਿ ਹੜ੍ਹਾਂ ਕਾਰਨ ਬਹੁਤ ਸਾਰੇ ਲੋਕ ਅਜਿਹੇ ਹਨ, ਜਿਨ੍ਹਾਂ ਦੇ ਪਾਣੀ ਦੀ ਮਾਰ ਨਾਲ ਘਰ, ਪਸ਼ੂਆਂ ਦੇ ਛੱਪਰ ਤੇ ਮੋਟਰਾਂ ਵਾਲੇ ਕੋਠੇ ਪੂਰੀ ਤਰ੍ਹਾਂ ਢਹਿ ਚੁੱਕੇ ਹਨ। ਕਈਆਂ ਦੇ ਘਰਾਂ ਦੀਆਂ ਛੱਤਾਂ ਡਿੱਗੀਆਂ ਹੋਈਆਂ ਹਨ ਤੇ ਕਈਆਂ ਦੇ ਘਰਾਂ ’ਚ ਤਰੇੜਾਂ ਵੀ ਆ ਚੁੱਕੀਆਂ ਹਨ। ਸਰਕਾਰ ਵੱਲੋਂ ਫਸਲਾਂ ਦੇ ਹੋਏ ਨੁਕਸਾਨ ਦੇ ਨਾਲ ਹੀ ਹੜ੍ਹਾਂ ਨਾਲ ਲੋਕਾਂ ਦੇ ਹੋਏ ਹਰ ਤਰ੍ਹਾਂ ਦੇ ਨੁਕਸਾਨ ਦੀ ਭਰਪਾਈ ਕਰਨ ਦਾ ਭਰੋਸਾ ਦਿੱਤਾ ਗਿਆ ਸੀ। ਪੜ੍ਹ ਪ੍ਰਭਾਵਿਤ ਲੋਕਾਂ ਦਾ ਕਹਿਣਾ ਹੈ ਕਿ ਹਾਲੇ ਸਿਰਫ ਫਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ 6800 ਰੁਪਏ ਹੀ ਮਿਲ ਰਿਹਾ ਹੈ ਪਰ ਘਰਾਂ, ਪਸ਼ੂਆਂ ਦੇ ਛੱਪਰਾਂ ਤੇ ਮੋਟਰਾਂ ਵਾਲੇ ਕਮਰਿਆਂ ਦੇ ਹੋਏ ਨੁਕਸਾਨ ਦਾ ਸਰਵੇ ਸ਼ੁਰੂ ਨਹੀਂ ਕੀਤਾ ਗਿਆ। ਮੰਢਾਲਾ ਛੰਨਾ ਵਾਸੀ ਸਲਵਿੰਦਰ ਸਿੰਘ, ਜੋਗਿੰਦਰ ਸਿੰਘ ਤੇ ਹੋਰਨਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ’ਚ ਹਾਲੇ ਤਕ ਪਟਵਾਰੀ ਨਾ ਆ ਕੇ ਘਰਾਂ ਦੇ ਹੋਏ ਨੁਕਸਾਨ ਬਾਰੇ ਕੋਈ ਸਰਵੇ ਨਹੀਂ ਕੀਤਾ ਹੈ। ਗੱਟਾ ਮੁੰਡੀ ਕਾਸੂ ਬੰਨ੍ਹ ਨੇੜੇ ਘਰਾਂ ਦੇ ਹੋਏ ਨੁਕਸਾਨ ਬਾਰੇ ਗੱਲ ਕਰਦੇ ਹੋਏ ਦਲੇਰ ਸਿੰਘ ਨੇ ਦੱਸਿਆ ਕਿ ਇਸ ਜਗ੍ਹਾ ਤੋਂ ਧੁੱਸੀ ਬੰਨ੍ਹ ਟੁੱਟਣ ਕਾਰਨ ਆਸ-ਪਾਸ ਦੇ ਬਹੁਤ ਸਾਰੇ ਘਰ ਪੂਰੀ ਤਰ੍ਹਾਂ ਢਹਿ-ਢੇਰੀ ਹੋ ਚੁੱਕੇ ਹਨ। ਉਹ ਟੁੱਟੇ ਹੋਏ ਘਰਾਂ ’ਚ ਖੁੱਲ੍ਹ ਅਸਮਾਨ ਹੇਠ ਰਹਿਣ ਲਈ ਮਜਬੂਰ ਹਨ। ਰਾਤ ਦਾ ਮੌਸਮ ਠੰਢਾ ਹੋਣਾ ਸ਼ੁਰੂ ਹੋ ਗਿਆ ਅਤੇ ਪਾਣੀ ਨਾ ਸੁੱਕਣ ਕਾਰਨ ਉਹ ਹਾਲੇ ਵੀ ਮੁਸੀਬਤ ’ਚ ਫਸੇ ਹੋਏ ਹਨ। ਹੜ੍ਹਾਂ ਕਾਰਨ ਉਨ੍ਹਾਂ ਦਾ ਆਰਥਿਕ ਨੁਕਸਾਨ ਵੱਡੇ ਪੱਧਰ ’ਤੇ ਹੋਇਆ ਹੈ ਅਤੇ ਉਨ੍ਹਾਂ ਕੋਲ ਏਨੀ ਪਹੁੰਚ ਨਹੀਂ ਕਿ ਆਪਣੇ ਘਰ ਜਲਦ ਬਣ ਸਕਣ। ਇਸ ਦੇ ਨਾਲ ਜਿੰਨੀ ਦੇਰ ਤਕ ਸਰਕਾਰ ਸਰਵੇ ਨਹੀਂ ਕਰਵਾ ਲੈਂਦੀ, ਉਹ ਮਲਬਾ ਵੀ ਏਧਰ-ਓਧਰ ਨਹੀਂ ਕਰ ਸਕਦੇ। ਇਸੇ ਤਰ੍ਹਾਂ ਬੰਨ੍ਹ ਦੇ ਨਾਲ ਲੱਗਦੇ ਘਰ ਜੋ ਕਿ ਹਾਲੇ ਵੀ ਚੁਫੇਰਿਓਂ ਪਾਣੀ ਨਾਲ ਘਿਰਿਆ ਹੋਇਆ ਹੈ, ਦੀ ਵਾਸੀ ਜਸਬੀਰ ਕੌਰ ਨੇ ਦੱਸਿਆ ਕਿ ਹੜ੍ਹ ਦੇ ਪਾਣੀ ਨਾਲ ਉਨ੍ਹਾਂ ਦਾ ਸਾਰਾ ਸਾਮਾਨ ਪੂਰੀ ਤਰ੍ਹਾਂ ਨਸ਼ਟ ਹੋ ਗਿਆ। ਪਾਣੀ ਦੀ ਮਾਰ ਕਾਰਨ ਇਕ ਕਮਰੇ ਦੀ ਛੱਤ ਡਿੱਗ ਚੁੱਕੀ ਹੈ ਅਤੇ ਕੰਧਾਂ ’ਚ ਤਰੇੜਾਂ ਪਈਆਂ ਹੋਈਆਂ ਹਨ ਅਤੇ ਹਾਲੇ ਵੀ ਸਾਰੇ ਪਾਸੇ ਪਾਣੀ ਖੜ੍ਹਾ ਹੈ। ਜਸਬੀਰ ਕੌਰ ਨੇ ਕਿਹਾ ਕਿ ਸਰਕਾਰ ਵੱਲੋਂ ਹੜ੍ਹ ਪੀੜਤਾਂ ਦੇ ਮੁਰਗੀ ਤੋਂ ਲੈ ਕੇ ਹਰ ਤਰ੍ਹਾਂ ਦੇ ਹੋਏ ਨੁਕਸਾਨ ਦੀ ਭਰਪਾਈ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਪਰ ਹਾਲੇ ਤਕ ਪ੍ਰਸ਼ਾਸਨ ਦਾ ਕੋਈ ਵੀ ਮੁਲਾਜ਼ਮ ਸਰਵੇਖਣ ਲਈ ਨਹੀਂ ਬਹੁੜਿਆ ਹੈ।
ਸਰਵੇਖਣ ਕਰ ਦਿੱਤਾ ਗਿਆ ਸ਼ੁਰੂ : ਤਹਿਸੀਲਦਾਰ
ਹੜ੍ਹਾਂ ਨਾਲ ਹੋਏ ਲੋਕਾਂ ਦੇ ਨੁਕਸਾਨ ਦਾ ਸਰਵੇਖਣ ਸ਼ੁਰੂ ਨਾ ਹੋਣ ਬਾਰੇ ਪੁੱਛੇ ਜਾਣ ’ਤੇ ਸ਼ਾਹਕੋਟ ਦੇ ਤਹਿਸੀਲਦਾਰ ਹਰਮਿੰਦਰ ਸਿੰਘ ਨੇ ਦੱਸਿਆ ਕਿ ਹਲਕੇ ’ਚ ਹੜ੍ਹਾਂ ਨਾਲ ਹੋਏ ਲੋਕਾਂ ਦੇ ਘਰਾਂ ਦੇ ਨੁਕਸਾਨ ਦਾ ਸਰਵੇ ਦੋ ਦਿਨ ਪਹਿਲਾਂ ਹੀ ਸ਼ੁਰੂ ਹੋ ਗਿਆ ਹੈ। ਸਰਵੇਖਣ ਟੀਮਾਂ ’ਚ ਪੀਡਬਲਿਊਡੀ ਵਿਭਾਗ ਦੇ ਜੇਈ ਤੇ ਪਟਵਾਰੀ ਸ਼ਾਮਲ ਹਨ ਜੋ ਕਿ ਹੜ੍ਹਾਂ ਨਾਲ ਨੁਕਸਾਨੇ ਗਏ ਘਰਾਂ ਦੇ ਸਰਵੇ ਕਰ ਰਹੇ ਹਨ। ਮੋਟਰਾਂ ਦੇ ਕਮਰਿਆ ਦੇ ਹੋਏ ਨੁਕਸਾਨ ਨੂੰ ਸਰਵੇਖਣ ’ਚ ਸ਼ਾਮਲ ਨਹੀਂ ਕੀਤਾ ਜਾ ਰਿਹਾ ਹੈ।