ਘਰੇਲੂ ਕੰਮ ਲਈ ਰੱਖੀ ਨੌਕਰਾਣੀ ਦੇ ਨਾਂ ‘ਤੇ GST ਨੰਬਰ ਜਾਰੀ ਕਰਵਾ ਕੇ ਲੁਧਿਆਣਾ ਦੇ ਇਕ ਕਾਰੋਬਾਰੀ ਨੇ ਉਸ ਦੇ ਨਾਂ ‘ਤੇ 2 ਮਹੀਨਿਆਂ ‘ਚ ਹੀ ਕਰੋੜਾਂ ਰੁਪਏ ਦੀ ਬੋਗਸ ਬਿਲਿੰਗ ਕਰ ਦਿੱਤੀ। GST ਵਿਭਾਗ ਨੇ ਜਦੋਂ ਇਸ ਸਕੈਮ ਨੂੰ ਫੜ੍ਹ ਕੇ ਦਸਤਾਵੇਜ਼ਾਂ ‘ਚ ਦਰਜ ਮੋਬਾਇਲ ਨੰਬਰ ‘ਤੇ ਕਾਲ ਕੀਤੀ ਤਾਂ ਪਤਾ ਲੱਗਾ ਕਿ ਫਰਮ ਔਰਤ ਦੇ ਨਾਂ ‘ਤੇ ਹੈ ਅਤੇ ਉਹ ਹਾਊਸ ਮੇਡ ਹੈ ਅਤੇ ਕਿਸੇ ਘਰ ‘ਚ ਕੰਮ ਕਰਦੀ ਹੈ।
ਦੂਜੇ ਪਾਸੇ ਔਰਤ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਕਿ ਉਸ ਦੇ ਨਾਂ ‘ਤੇ ਕਰੋੜਾਂ ਦਾ ਕਾਰੋਬਾਰ ਹੋ ਰਿਹਾ ਹੈ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਖ਼ਿਸਕ ਗਈ, ਜਦੋਂ ਕਿ ਉਸ ਨੇ ਅਧਿਕਾਰੀਆਂ ਨੂੰ ਜਵਾਬ ਦਿੱਤਾ ਕਿ ਉਸ ਨੂੰ ਮਾਲਕ ਤੋਂ ਸਿਰਫ 10 ਹਜ਼ਾਰ ਰੁਪਏ ਮਹੀਨੇ ਦੇ ਮਿਲਦੇ ਹਨ।
ਵਿਭਾਗ ਤੋਂ ਕਾਲ ਆਉਣ ਤੋਂ ਬਾਅਦ ਨੌਕਰਾਣੀ ਨੇ ਆਪਣਾ ਮੋਬਾਇਲ ਵੀ ਬੰਦ ਕਰ ਲਿਆ ਅਤੇ ਅੰਡਰਗਰਾਊਂਡ ਹੋ ਗਈ, ਜਦੋਂਕਿ ਵਿਭਾਗ ਵੱਲੋਂ ਉਸ ਦੀ ਭਾਲ ਕੀਤੀ ਜਾ ਰਹੀ ਹੈ। ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ GST ਦੀ ਟੀਮ ਨੇ ਵਿਭਾਗ ਦੇ ਡਾਟਾ ਮਾਈਨਿੰਗ ਸਾਫਟਵੇਅਰ ਰਾਹੀਂ ਮਿਲੀ ਜਾਣਕਾਰੀ ਦੇ ਆਧਾਰ ‘ਤੇ ਕੰਮ ਕਰਦੇ ਹੋਏ 1 ਅਕਤੂਬਰ ਨੂੰ ਇਕ ਟਰੱਕ ਫੜ੍ਹਿਆ ਸੀ, ਜਿਸ ‘ਚ 3 ਟਨ ਕਾਪਰ ਵੀ ਭਰਿਆ ਹੋਇਆ ਸੀ।
ਫਰਮ ਵੱਲੋਂ ਕਿਰਾਇਆਨਾਮਾ 2023 ‘ਚ ਤਿਆਰ ਕੀਤਾ ਗਿਆ ਸੀ। ਕਾਰਵਾਈ ਕਰਦੇ ਹੋਏ ਜਦੋਂ ਅਧਿਕਾਰੀਆਂ ਨੇ ਦਸਤਾਵੇਜ਼ਾਂ ‘ਚ ਦਰਸਾਈ ਫਰਮ ਦੀ ਮਾਲਕਣ (ਘਰੇਲੂ ਨੌਕਰਾਣੀ) ਨਾਲ ਗੱਲ ਕੀਤੀ ਤਾਂ ਪਤਾ ਲੱਗਾ ਕਿ ਅਸਲ ‘ਚ ਉਹ ਬਿਹਾਰ ਤੋਂ ਆਈ ਹੋਈ ਹੈ। ਉਹ ਅਤੇ ਉਸ ਦਾ ਪਤੀ ਲੇਬਰ ਦਾ ਕੰਮ ਕਰਦੇ ਹਨ। ਉਸ ਨੂੰ ਇਸ ਗੱਲ ਦਾ ਕੁੱਝ ਵੀ ਪਤਾ ਨਹੀਂ ਹੈ। ਉਸ ਨੇ ਦੱਸਿਆ ਕਿ ਉਸ ਦੇ ਮਾਲਕ ਨੇ ਪੱਕੇ ਤੌਰ ‘ਤੇ ਕੰਮ ‘ਤੇ ਰੱਖਣ ਲਈ ਪੁਲਸ ਤੋਂ ਵੈਰੀਫਿਕੇਸ਼ਨ ਕਰਵਾਉਣ ਲਈ ਆਧਾਰ ਕਾਰਡ ਵੀ ਲਿਆ ਸੀ। ਉਸ ਨੇ ਕੁੱਝ ਦਸਤਾਵੇਜ਼ਾਂ ‘ਤੇ ਸਾਈਨ ਜ਼ਰੂਰ ਕਰਵਾਏ ਸਨ ਅਤੇ ਉਸ ਦੇ ਬਦਲੇ ਉਸ ਨੂੰ 10 ਹਜ਼ਾਰ ਰੁਪਏ ਦਿੱਤੇ ਸਨ ਅਤੇ ਹਰ ਮਹੀਨੇ 10 ਹਜ਼ਾਰ ਰੁਪਏ ਦੇਣ ਦੀ ਗੱਲ ਕਹੀ ਸੀ।
GST ਵਿਭਾਗ ਦੇ ਅਧਿਕਾਰੀਆਂ ਵੱਲੋਂ ਇਸ ਫਰਮ ਵੱਲੋਂ ਕੀਤੀ ਗਈ ਹਰ ਟ੍ਰਾਂਸੈਕਸ਼ਨ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਦੌਰਾਨ ਹੋਰ ਕਈ ਫਰਮਾਂ ਸਬੰਧੀ ਪਤਾ ਲੱਗਾ ਹੈ, ਜੋ ਇਸ ਫਰਮ ਨਾਲ ਕਾਰੋਬਾਰ ਕਰ ਰਹੀਆਂ ਸਨ। ਅਧਿਕਾਰੀਆਂ ਦਾ ਮੰਨਣਾ ਹੈ ਕਿ ਜਾਂਚ ਦੌਰਾਨ ਵਿਭਾਗ ਨੂੰ ਕਰੋੜਾਂ ਰੁਪਏ ਦਾ ਟੈਕਸ ਅਤੇ ਜੁਰਮਾਨਾ ਆਉਣ ਦੀ ਸੰਭਾਵਨਾ ਹੈ। ਹਾਲ ਦੀ ਘੜੀ ਹੁਣ ਤੱਕ 2 ਹੋਰ ਫਰਮਾਂ ਸਬੰਧੀ ਪਤਾ ਲੱਗਾ ਹੈ।