ਕੱਲ ਯਾਨੀ ਸ਼ਨਿਚਰਵਾਰ ਸਵੇਰੇ ਸਾਢੇ 6 ਵਜੇ ਦੇ ਕਰੀਬ ਪਿੰਡ ਤਲਵੰਡੀ ਭਰੋ ਦੇ ਇਕ ਡੇਰੇ ਤੋਂ ਕੱਚੇ ਰਸਤੇ ਰਾਹੀਂ ਆ ਰਹੀ ਅਕਾਲ ਅਕੈਡਮੀ ਧਨਾਲ ਕਲਾਂ ਦੀ ਬੱਸ ਜੋ ਅਜੇ ਇਕ ਬੱਚੇ ਨੂੰ ਡੇਰੇ ਤੋਂ ਬਿਠਾ ਕੇ ਤੁਰੀ ਹੀ ਸੀ ਕਿ ਡਰਾਈਵਰ ਹਰਪ੍ਰਰੀਤ ਦੀ ਲਾਪਰਵਾਹੀ ਤੇ ਖਸਤਾ ਹਾਲਤ ਹੋਣ ਕਾਰਨ 8 ਫੁੱਟ ਡੂੰਘੇ ਟੋਏ ‘ਚ ਪਲਟਣੋਂ ਬਚੀ। ਬੱਸ ਦਰੱਖਤ ਦੇ ਨਾਲ ਟਕਰਾ ਕੇ ਰੁਕ ਗਈ ਨਹੀਂ ਤਾਂ ਜਾਨੀ ਨੁਕਸਾਨ ਵੀ ਹੋ ਸਕਦਾ ਸੀ। ਮੌਕੇ ‘ਤੇ ਮੌਜੂਦ ਲੜਕੇ ਦੇ ਪਿਤਾ ਨਿਸ਼ੂ ਤੇ ਸਰਪੰਚ ਲਖਬੀਰ ਸਿੰਘ ਤੋਂ ਇਲਾਵਾ ਕਾਫੀ ਗਿਣਤੀ ‘ਚ ਇਕੱਤਰ ਹੋਏ ਲੋਕਾਂ ਨੇ ਸਕੂਲ ਪ੍ਰਬੰਧਨ ਤੇ ਡਰਾਈਵਰ ਦੀ ਲਾਪਰਵਾਹੀ ਵਿਰੁੱਧ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਬੱਸ ਦੀ ਹਾਲਤ ਬਹੁਤ ਖਸਤਾ ਸੀ। ਉਨ੍ਹਾਂ ਨੇ ਵਿਭਾਗ ਦੇ ਡੀਟੀਓ ਤੇ ਪ੍ਰਸ਼ਾਸਨ ਨੂੰ ਅਪੀਲ ਕਰਦਿਆਂ ਕਿਹਾ ਕਿ ਬੱਚਿਆਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਸਕੂਲੀ ਬੱਸਾਂ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਨਗਰ ਵਾਸੀਆਂ ਨੇ ਇਹ ਵੀ ਰੋਸ ਪ੍ਰਗਟਾਇਆ ਕਿ ਸਾਢੇ ਛੇ ਵਜੇ ਦਾ ਫੋਨ ਕਰਨ ਦੇ ਬਾਵਜੂਦ ਸਾਢੇ ਨੌਂ ਵਜੇ ਦੇ ਕਰੀਬ ਸਕੂਲ ਪ੍ਰਬੰਧਨ ਮੌਕੇ ‘ਤੇ ਪੁੱਜਾ। ਇਸ ਮਾਮਲੇ ਸਬੰਧੀ ਜਦੋਂ ਅਕੈਡਮੀ ਦੇ ਪਿੰ੍ਸੀਪਲ ਅਮਨਪ੍ਰਰੀਤ ਕੌਰ ਨਾਲ ਫੋਨ ‘ਤੇ ਇਸ ਸਬੰਧੀ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਦੀ ਜਾਂਚ ਕਰਵਾਈ ਜਾਵੇਗੀ। ਜੇ ਬੱਸ ਦੀ ਖਸਤਾ ਹਾਲਤ ਹੈ ਤਾਂ ਉਸ ਨੂੰ ਬਦਲਿਆ ਜਾਵੇਗਾ ਤੇ ਡਰਾਈਵਰਾਂ ਨੂੰ ਵੀ ਸਖਤ ਹਦਾਇਤਾਂ ਦਿੱਤੀਆਂ ਜਾਣਗੀਆਂ। ਸਕੂਲ ਪ੍ਰਬੰਧਨ ਵੱਲੋਂ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਕੋਈ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤੇ ਇਸ ਦੀ ਜਾਂਚ ਕੀਤੀ ਜਾਵੇਗੀ।
10 ਸਾਲ ਪਹਿਲਾਂ ਵਾਲਾ ਮੰਜ਼ਰ ਯਾਦ ਆ ਗਿਆ
ਜਦੋਂ ਇਹ ਪਤਾ ਲੱਗਾ ਕਿ ਅਕਾਲ ਅਕੈਡਮੀ ਦੀ ਸਕੂਲ ਬੱਸ ਨਾਲ ਇੰਝ ਹੋਇਆ ਤਾਂ ਰੂਹ ਇੱਕ ਦਮ ਕੰਬ ਗਈ ਅੱਕਾਂ ਅੱਗੇ 10 ਸਾਲ ਪਹਿਲਾਂ ਵਾਲਾ ਹਾਦਸਾ ਘੁੰਮਣ ਲੱਗ ਗਿਆ। 4 ਮਾਰਚ 2013 ਵਿੱਚ ਇਸੇ ਅਕੈਡਮੀ ਦੀ ਇੱਕ ਸਕੂਲ ਬੱਸ ਜਲੰਧਰ-ਨਕੋਦਰ ਰੋਡ ਪਿੰਡ ਗੋਹੀਰਾਂ ਕੋਲ ਹਾਦਸਾਗ੍ਰਸਤ ਹੋਈ ਸੀ ਜਿਸ ਵਿੱਚ 13 ਮਾਸੂਮ ਬੱਚੇ ਮਾਰੇ ਗਏ ਸਨ ਅਤੇ ਕਈ ਗੰਭੀਰ ਜ਼ਖਮੀ ਹੋਏ ਸੀ। ਇਸੇ ਪਿੰਡ ਤਲਵੰਡੀ ਭਰੋਂ ਦੇ 6 ਬੱਚੇ ਕਂਵਰਪ੍ਰੀਤ ਸਿੰਘ, ਜਸਨਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਗੁਰਜੋਤ ਸਿੰਘ, ਗੁਰਲੀਨ ਕੌਰ, ਨਵਪ੍ਰੀਤ ਕੌਰ, ਅਤੇ ਕਿਰਨਵੀਰ ਸਿੰਘ ਇਸ ਹਾਦਸੇ ‘ਚ ਮਾਪਿਆ ਦੀ ਗੋਦ ਸੁੰਨੀ ਕਰ ਗਏ ਸੀ।