ਦੁਆਬੇ ਦੇ ਇਕਲੌਤੇ ਸਿਵਲ ਹਵਾਈ ਅੱਡੇ ਆਦਮਪੁਰ ਤੋਂ ਪਿਛਲੇ ਤਿੰਨ ਸਾਲਾਂ ਤੋਂ ਉਡਾਣਾਂ ਬੰਦ ਹਨ ਤੇ ਦੇਸ਼ ਦੀਆਂ ਅਤਿ-ਆਧੁਨਿਕ ਤੇ ਤੇਜ਼ ਰਫ਼ਤਾਰ ਰਾਜਧਾਨੀ ਐਕਸਪ੍ਰੈੱਸ ਤੇ ਵੰਦੇ ਭਾਰਤ ਐਕਸਪ੍ਰੈਸ ਰੇਲ ਗੱਡੀਆਂ ਦੇ ਸੰਭਾਵੀ ਸਟਾਪੇਜਾਂ ’ਚ ਜਲੰਧਰ ਨੂੰ ਵੀ ਸ਼ਾਮਲ ਨਹੀਂ ਕੀਤਾ ਜਾ ਰਿਹਾ ਹੈ। ਦਿੱਲੀ-ਜੰਮੂ ਰਾਜਧਾਨੀ ਐਕਸਪ੍ਰੈੱਸ ਤੇ ਦਿੱਲੀ-ਕਟੜਾ ਵੰਦੇ ਭਾਰਤ ਐਕਸਪ੍ਰੈੱਸ ਦਾ ਵੀ ਜਲੰਧਰ ’ਚ ਸਟਾਪੇਜ ਨਹੀਂ ਹੈ ਤੇ ਦੋਵਾਂ ਟੇ੍ਰਨਾਂ ਨੂੰ ਲੁਧਿਆਣਾ ’ਚ ਸਟਾਪੇਜ ਦਿੱਤਾ ਗਿਆ ਹੈ। ਹੁਣ ਦਿੱਲੀ-ਅੰਮ੍ਰਿਤਸਰ ਵੰਦੇ ਭਾਰਤ ਐਕਸਪ੍ਰੈੱਸ ਲਈ ਸੰਭਾਵੀ ਪ੍ਰਸਤਾਵ ਤਿਆਰ ਕੀਤਾ ਗਿਆ ਹੈ, ਪਰ ਫਿਲਹਾਲ ਜਲੰਧਰ ਨੂੰ ਇਸ ਦੇ ਸੰਭਾਵੀ ਸਟਾਪੇਜ ’ਚ ਸ਼ਾਮਲ ਨਹੀਂ ਕੀਤਾ ਗਿਆ ਹੈ।
ਜਦੋਂ ਨਵੀਂ ਦਿੱਲੀ-ਕਟੜਾ ਵੰਦੇ ਭਾਰਤ ਨੂੰ ਚਲਾਇਆ ਸੀ ਤਾਂ ਵੀ ਜਲੰਧਰ ਨੂੰ ਝਟਕਾ ਲੱਗਾ ਸੀ ਤੇ ਹੁਣ ਜਦੋਂ ਨਵੀਂ ਦਿੱਲੀ-ਅੰਮ੍ਰਿਤਸਰ ਵੰਦੇ ਭਾਰਤ ਨੂੰ ਚਲਾਉਣ ਦੀ ਤਜਵੀਜ਼ ਦੀ ਚਰਚਾ ਹੈ ਤਾਂ ਜ਼ਿਲ੍ਹੇ ਨੂੰ ਨਿਰਾਸ਼ ਕਰਨ ਵਾਲੀ ਖ਼ਬਰ ਹੈ, ਕਿਉਂਕਿ ਇਹ ਜਲੰਧਰ ਸ਼ਹਿਰ ਜਾਂ ਜਲੰਧਰ ਕੈਂਟ ’ਚ ਇਸ ਦਾ ਸਟਾਪੇਜ ਨਾ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ। ਲੰਬੇ ਸਮੇਂ ਤੋਂ ਰਾਜਧਾਨੀ ਐਕਸਪ੍ਰੈੱਸ ਤੇ ਦਿੱਲੀ-ਕਟੜਾ ਵੰਦੇ ਭਾਰਤ ਐਕਸਪ੍ਰੈੱਸ ਨੂੰ ਜਲੰਧਰ ਛਾਉਣੀ ’ਚ ਸਟਾਪੇਜ ਦੇਣ ਦੀ ਮੰਗ ਕੀਤੀ ਜਾ ਰਹੀ ਸੀ। ਦਲੀਲ ਇਹ ਦਿੱਤੀ ਜਾ ਰਹੀ ਸੀ ਕਿ ਇਸ ਰੇਲਗੱਡੀ ਦੇ ਰੁਕਣ ਨਾਲ ਨਾ ਸਿਰਫ਼ ਜਲੰਧਰ ਦੇ ਵਪਾਰੀਆਂ ਤੇ ਉਦਯੋਗਪਤੀਆਂ ਨੂੰ ਫ਼ਾਇਦਾ ਹੋਣ ਵਾਲਾ ਸੀ, ਸਗੋਂ ਫ਼ੌਜ ਤੇ ਹਵਾਈ ਸੈਨਾ ਨੂੰ ਵੀ ਇਸ ਦਾ ਵਿਸ਼ੇਸ਼ ਲਾਭ ਹੋਣ ਵਾਲਾ ਸੀ। ਨਵੀਂ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਹਵਾਈ ਅੱਡੇ ਤੋਂ ਦੋਆਬਾ ਖੇਤਰ ’ਚ ਵੱਡੀ ਗਿਣਤੀ ’ਚ ਆਉਣ ਵਾਲੇ ਲੋਕਾਂ ਲਈ ਵੀ ਇਸ ਨੂੰ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਜਲੰਧਰ ’ਚ ਹੈਂਡ ਟੂਲਜ਼, ਸਪੋਰਟਸ ਸਾਮਾਨ ਤੇ ਚਮੜੇ ਦੀਆਂ ਇੰਡਸਟਰੀਆਂ ਹਨ ਤੇ ਦੇਸ਼ ਦੀਆਂ ਫਲਾਈਟਾਂ ਜਾਂ ਪ੍ਰੀਮੀਅਮ ਟੇ੍ਰਨਾਂ ਦਾ ਸਟਾਪੇਜ ਨਾ ਹੋਣ ਕਰਕੇ ਖਮਿਆਜ਼ਾ ਐਕਸਪੋਰਟਰਾਂ ਨੂੰ ਭੁਗਤਣਾ ਪੈਂਦਾ ਹੈ ਕਿਉਂਕਿ ਵਿਦੇਸ਼ੀ ਗਾਹਕ ਦਿੱਲੀ ਨਾਲ ਵਧੀਆ ਸੰਪਰਕ ਨਾ ਹੋਣ ਕਾਰਨ ਜਲੰਧਰ ਆਉਣ ਤੋਂ ਇਨਕਾਰ ਕਰਦੇ ਹਨ। ਇਸ ਸਬੰਧੀ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਵੀ ਕੁਝ ਦਿਨ ਪਹਿਲਾਂ ਰੇਲ ਮੰਤਰੀ ਨਾਲ ਸੰਪਰਕ ਕੀਤਾ ਸੀ ਤੇ ਉਸ ਤੋਂ ਬਾਅਦ ਉਹ ਰੇਲ ਮੰਤਰਾਲੇ ਦੇ ਅਧਿਕਾਰੀਆਂ ਨਾਲ ਸੰਪਰਕ ’ਚ ਹਨ।
ਚਮੜਾ ਕਾਰੋਬਾਰੀ ਤੇ ਹਾਕ ਲੈਦਰਜ਼ ਦੇ ਸੰਚਾਲਕ ਐੱਸਪੀਐੱਸ ਰਾਜੂ ਵਿਰਕ ਨੇ ਕਿਹਾ ਕਿ ਆਦਮਪੁਰ-ਦਿੱਲੀ ਫਲਾਈਟ ਪਿਛਲੇ ਤਿੰਨ ਸਾਲਾਂ ਤੋਂ ਬੰਦ ਪਈ ਹੈ। ਜਲੰਧਰ ਨੂੰ ਕਿਸੇ ਵੀ ਪ੍ਰੀਮੀਅਮ ਟੇ੍ਰਨ ਦਾ ਸਟਾਪੇਜ ਵੀ ਨਹੀਂ ਮਿਲ ਰਿਹਾ, ਜਿਸ ਦਾ ਸਿੱਧਾ ਅਸਰ ਵਪਾਰ ਤੇ ਉਦਯੋਗ ਦੀ ਆਵਾਜਾਈ ’ਤੇ ਪੈ ਰਿਹਾ ਹੈ। ਆਸਟੇ੍ਰਲੀਆ ’ਚ ਰਹਿੰਦੇ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਆਸਟੇ੍ਰਲੀਆ ਤੋਂ ਦਿੱਲੀ ਪਹੁੰਚਣ ’ਚ ਇੰਨਾ ਸਮਾਂ ਨਹੀਂ ਲੱਗਦਾ ਜਿਨਾਂ ਸਮਾਂ ਉਨ੍ਹਾਂ ਨੂੰ ਦਿੱਲੀ ਤੋਂ ਪੰਜਾਬ ਆਉਣ ’ਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਆਦਮਪੁਰ ਦੀ ਫਲਾਈਟ ਦੁਬਾਰਾ ਚਾਲੂ ਨਹੀਂ ਹੋ ਸਕੀ ਤੇ ਹੁਣ ਦੇਸ਼ ਦੀਆਂ ਅਤਿ ਆਧੁਨਿਕ ਤੇ ਤੇਜ਼ ਰਫ਼ਤਾਰ ਨਾਲ ਚੱਲਣ ਵਾਲੀਆਂ ਪ੍ਰੀਮੀਅਮ ਰੇਲ ਗੱਡੀਆਂ ਜਲੰਧਰ ’ਚੋਂ ਲੰਘਣ ਦੇ ਬਾਵਜੂਦ ਉਨ੍ਹਾਂ ਨੂੰ ਜਲੰਧਰ ’ਚ ਸਟਾਪੇਜ ਨਹੀਂ ਦਿੱਤਾ ਜਾ ਰਿਹਾ ਹੈ। ਇਹ ਜਲੰਧਰ ਤੇ ਵਿਦੇਸ਼ਾਂ ’ਚ ਵਸਦੇ ਜਲੰਧਰ ਦੇ ਲੋਕਾਂ ਨਾਲ ਮਤਰੇਆ ਸਲੂਕ ਹੈ। ਸਪੋਰਟਸ ਗੁਡਸ ਮੈਨੂਫੈਕਚਰਰਜ਼ ਐਂਡ ਐਕਸਪੋਰਟਰਜ਼ ਐਸੋਸੀਏਸ਼ਨ ਦੇ ਜਨਰਲ ਸਕੱਤਰ ਮੁਕੁਲ ਵਰਮਾ ਨੇ ਕਿਹਾ ਕਿ ਜਲੰਧਰ ਲਈ ਬਿਹਤਰ ਸੰਪਰਕ ਹੋਣਾ ਬਹੁਤ ਜ਼ਰੂਰੀ ਹੈ, ਫਲਾਈਟਾਂ ਵੀ ਜਲਦੀ ਸ਼ੁਰੂ ਹੋਣੀਆਂ ਚਾਹੀਦੀਆਂ ਹਨ ਤੇ ਰਾਜਧਾਨੀ ਜਾਂ ਵੰਦੇ ਭਾਰਤ ਵਰਗੀਆਂ ਰੇਲ ਗੱਡੀਆਂ ਨੂੰ ਜਲੰਧਰ ’ਚ ਲਾਜ਼ਮੀ ਸਟਾਪੇਜ ਦਿੱਤਾ ਜਾਣਾ ਚਾਹੀਦਾ ਹੈ। ਜੇਕਰ ਜਲੰਧਰ-ਅੰਮ੍ਰਿਤਸਰ ਵੰਦੇ ਭਾਰਤ ਐਕਸਪ੍ਰੈੱਸ ਦਾ ਪ੍ਰਸਤਾਵ ਤਿਆਰ ਕੀਤਾ ਗਿਆ ਹੈ ਤਾਂ ਇਸ ਦਾ ਸਟਾਪੇਜ ਜਲੰਧਰ ਸ਼ਹਿਰ ’ਚ ਦੇਣਾ ਚਾਹੀਦਾ ਹੈ।