ਸਮਾਰਟ ਫੀਲਡਿੰਗ ਅਤੇ ਗੇਂਦਬਾਜ਼ੀ ਤੋਂ ਬਾਅਦ ਸ਼ਾਨਦਾਰ ਬੱਲੇਬਾਜ਼ੀ ਦੀ ਬਦੌਲਤ ਅਫਗਾਨਿਸਤਾਨ ਨੇ ਆਈਸੀਸੀ ਵਿਸ਼ਵ ਕੱਪ ਦੇ ਮੈਚ ਵਿਚ ਨੀਦਰਲੈਂਡ ਨੂੰ ਹਰਾ ਦਿੱਤਾ। ਅਟਲ ਬਿਹਾਰੀ ਵਾਜਪਾਈ ਏਕਾਨਾ ਸਟੇਡੀਅਮ ਦੀ ਮੁਸ਼ਕਲ ਪਿੱਚ ’ਤੇ ਡੱਚ ਟੀਮ ਪੂਰੇ 50 ਓਵਰ ਵੀ ਨਹੀਂ ਖੇਡ ਸਕੀ ਅਤੇ 46.3 ਓਵਰਾਂ ’ਚ ਸਿਰਫ 179 ਦੌੜਾਂ ’ਤੇ ਹੀ ਸਿਮਟ ਗਈ। ਇਸ ਦੇ ਜਵਾਬ ’ਚ ਅਫਗਾਨਿਸਤਾਨ ਨੇ ਸਿਰਫ 31.3 ਓਵਰਾਂ ’ਚ ਤਿੰਨ ਵਿਕਟਾਂ ਗੁਆ ਕੇ ਨਾ ਸਿਰਫ ਟੂਰਨਾਮੈਂਟ ’ਚ ਲਗਾਤਾਰ ਤੀਜੀ ਜਿੱਤ ਦਰਜ ਕੀਤੀ, ਸਗੋਂ ਸੈਮੀਫਾਈਨਲ ’ਚ ਆਪਣਾ ਦਾਅਵਾ ਮਜ਼ਬੂਤ ਕਰਦੇ ਹੋਏ ਪਾਕਿਸਤਾਨ ਦੀਆਂ ਮੁਸ਼ਕਲਾਂ ਵੀ ਵਧਾ ਦਿੱਤੀਆਂ। ਅੰਕ ਸੂਚੀ ’ਚ ਟੀਮ ਹੁਣ ਪਾਕਿਸਤਾਨ ਤੋਂ ਇਕ ਸਥਾਨ ਉਪਰ ਅੱਠ ਅੰਕਾਂ ਨਾਲ ਪੰਜਵੇਂ ਸਥਾਨ ’ਤੇ ਪਹੁੰਚ ਗਈ ਹੈ।
ਰਹਿਮਤ ਸ਼ਾਹ ਤੇ ਹਸ਼ਮਤੁੱਲਾ ਦੀ ਸ਼ਾਨਦਾਰ ਬੱਲੇਬਾਜ਼ੀ : ਅਫਗਾਨਿਸਤਾਨ ਦੀ ਸ਼ੁਰੂਆਤ ਵੀ ਚੰਗੀ ਨਹੀਂ ਰਹੀ ਅਤੇ ਟੀਮ ਨੇ 52 ਦੌੜਾਂ ਦੇ ਕੁੱਲ ਸਕੋਰ ’ਤੇ ਗੁਰਬਾਜ਼ (10) ਅਤੇ ਇਬਰਾਹਿਮ ਜ਼ਦਰਾਨ (20) ਦੀਆਂ ਵਿਕਟਾਂ ਗੁਆ ਦਿੱਤੀਆਂ। ਇਸ ਤੋਂ ਬਾਅਦ ਰਹਿਮਤ ਸ਼ਾਹ (52) ਅਤੇ ਕਪਤਾਨ ਹਸ਼ਮਤੁੱਲਾ ਸ਼ਾਹਿਦੀ (ਅਜੇਤੂ 56) ਨੇ ਨਾ ਸਿਰਫ਼ ਤੀਜੇ ਵਿਕਟ ਲਈ 74 ਦੌੜਾਂ ਦੀ ਅਹਿਮ ਸਾਂਝੇਦਾਰੀ ਕੀਤੀ ਸਗੋਂ ਟੀਮ ਨੂੰ ਟੀਚੇ ਦੇ ਬਹੁਤ ਨੇੜੇ ਵੀ ਪਹੁੰਚਾਇਆ। ਪੰਜਵੇਂ ਨੰਬਰ ’ਤੇ ਬੱਲੇਬਾਜ਼ੀ ਕਰਨ ਆਏ ਅਜ਼ਮਤੁੱਲਾ ਉਮਰਜ਼ਈ ਨੇ ਚੌਥੇ ਵਿਕਟ ਲਈ ਸ਼ਾਹਿਦੀ ਨਾਲ 52 ਦੌੜਾਂ ਜੋੜੀਆਂ। ਕਪਤਾਨ ਨੇ 32ਵੇਂ ਓਵਰ ਦੀ ਤੀਜੀ ਗੇਂਦ ’ਤੇ ਮੈਦਾਨ ’ਤੇ ਸ਼ਾਨਦਾਰ ਚੌਕਾ ਜੜ ਕੇ ਅਫਗਾਨਿਸਤਾਨ ਨੂੰ ਸ਼ਾਨਦਾਰ ਜਿੱਤ ਦਿਵਾਈ। ਅਫਗਾਨਿਸਤਾਨ ਦੇ ਚਾਰ ਸਪਿੰਨਰਾਂ ਨਾਲ ਮੈਦਾਨ ’ਤੇ ਉਤਰਨ ਤੋਂ ਪਹਿਲਾਂ ਨੀਦਰਲੈਂਡ ਦੇ ਕਪਤਾਨ ਸਕਾਟ ਐਡਵਰਡਸ ਕਾਲੀ ਅਤੇ ਲਾਲ ਮਿੱਟੀ ਨਾਲ ਬਣੀ ਪੰਜ ਨੰਬਰ ਪਿੱਚ ਨੂੰ ਸਮਝਣ ’ਚ ਅਸਫਲ ਰਹੇ। ਟਾਸ ਜਿੱਤਦੇ ਹੀ ਉਸ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਦਰਅਸਲ, ਏਕਾਨਾ ਸਟੇਡੀਅਮ ਅਫਗਾਨਿਸਤਾਨ ਦਾ ਘਰੇਲੂ ਮੈਦਾਨ ਵੀ ਰਿਹਾ ਹੈ ਅਤੇ ਟੀਮ ਇੱਥੇ ਪਹਿਲਾਂ ਤਿੰਨ ਟੀ-20 ਅਤੇ ਤਿੰਨ ਵਨਡੇ ਮੈਚ ਖੇਡ ਚੁੱਕੀ ਹੈ। ਅਫਗਾਨਿਸਤਾਨ ਦੀ ਟੀਮ ਨੂੰ ਵੀ ਇਸ ਦਾ ਫਾਇਦਾ ਹੋਇਆ। ਵੀਰਵਾਰ ਨੂੰ ਅਭਿਆਸ ਸੈਸ਼ਨ ਦੌਰਾਨ ਕਪਤਾਨ ਹਸ਼ਮਤੁੱਲਾ ਸ਼ਾਹੀਦੀ, ਕੋਚ ਜੋਨਾਥਨ ਟਰੌਟ ਅਤੇ ਮੈਂਟਰ ਅਜੈ ਜਡੇਜਾ ਨੂੰ ਲਗਭਗ 15 ਮਿੰਟ ਤੱਕ ਪਿੱਚ ਦੇ ਕੋਲ ਖੜ੍ਹੇ ਦੇਖਿਆ ਗਿਆ। ਇਸ ਮੈਚ ਲਈ ਰਣਨੀਤੀ ਇਕ ਦਿਨ ਪਹਿਲਾਂ ਹੀ ਤਿਆਰ ਕੀਤੀ ਗਈ ਸੀ। ਇਹੀ ਕਾਰਨ ਹੈ ਕਿ ਅਫਗਾਨਿਸਤਾਨ ਦੀ ਟੀਮ ਨੇ ਨੀਦਰਲੈਂਡ ਖਿਲਾਫ ਚਾਰ ਸਪਿੰਨਰਾਂ ਨਾਲ ਮੈਦਾਨ ’ਤੇ ਉਤਰਨ ਦਾ ਫੈਸਲਾ ਕੀਤਾ। ਉਹ ਆਪਣੀ ਰਣਨੀਤੀ ਵਿਚ ਕਾਮਯਾਬ ਵੀ ਰਿਹਾ।
ਚਾਰ ਬੱਲੇਬਾਜ਼ ਹੋਏ ਰਨ ਆਊਟ : ਨੀਦਰਲੈਂਡ ਨੇ ਇਕ ਸਮੇਂ 11.3 ਓਵਰਾਂ ਵਿਚ ਦੋ ਵਿਕਟਾਂ ’ਤੇ 73 ਦੌੜਾਂ ਬਣਾ ਲਈਆਂ ਸੀ। ਉਸ ਨੂੰ 92 ਦੌੜਾਂ ਦੇ ਸਕੋਰ ’ਤੇ ਲਗਾਤਾਰ ਦੋ ਝਟਕੇ ਲੱਗੇ। ਇਸ ਦੌਰਾਨ ਚਾਰ ਬੱਲੇਬਾਜ਼ ਰਨ ਆਊਟ ਹੋਏ। ਡੱਚ ਟੀਮ ਪਹਿਲਾਂ ਕੋਲਿਨ ਐਕਰਮੈਨ ਅਤੇ ਫਿਰ ਕਪਤਾਨ ਸਕਾਟ ਐਡਵਰਡਸ (00) ਦੇ ਆਊਟ ਹੋਣ ਤੋਂ ਬਾਅਦ ਬੈਕ ਫੁੱਟ ’ਤੇ ਆ ਗਈ। ਉਥੇ ਹੀ, ਸਾਈਬ੍ਰੈਂਡ ਏਂਗਲਬ੍ਰੇਚਟ (58) ਇਕ ਸਿਰੇ ’ਤੇ ਫਸੇ ਰਹੇ। ਇਸ ਦੌਰਾਨ ਉਸ ਨੇ 74 ਗੇਂਦਾਂ ਵਿਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਸਾਈਬ੍ਰਾਂਡ ਨੇ ਆਪਣੀ ਸੰਘਰਸ਼ਪੂਰਨ ਪਾਰੀ ਵਿਚ 85 ਗੇਂਦਾਂ ਦਾ ਸਾਹਮਣਾ ਕੀਤਾ ਅਤੇ ਛੇ ਚੌਕੇ ਲਗਾਏ। ਦੂਜੇ ਪਾਸੇ ਵਿਕਟਾਂ ਡਿੱਗਣ ਦਾ ਸਿਲਸਿਲਾ ਰੁਕ ਨਹੀਂ ਰਿਹਾ ਸੀ।
ਦੋਵਾਂ ਪਾਰੀਆਂ ’ਚ ਨਹੀਂ ਲੱਗਾ ਇਕ ਵੀ ਛੱਕਾ : ਵਿਸ਼ਵ ਕੱਪ ਦਾ ਇਹ ਪਹਿਲਾ ਮੈਚ ਸੀ, ਜਿਸ ਵਿਚ 78 ਓਵਰਾਂ ਦੀ ਖੇਡ ਵਿਚ ਕਿਸੇ ਵੀ ਟੀਮ ਵੱਲੋਂ ਇਕ ਵੀ ਛੱਕਾ ਨਹੀਂ ਲਗਾਇਆ ਗਿਆ ਸੀ।