ਆਸਟਰੇਲੀਆ ਨੇ ਕ੍ਰਿਕੇਟ ਵਿਸ਼ਵ ਕੱਪ ਦੇ ਅਪਣੇ ਸੱਤਵੇਂ ਮੈਚ ‘ਚ ਇੰਗਲੈਂਡ ਨੂੰ 33 ਦੌੜਾਂ ਨਾਲ ਹਰਾ ਦਿਤਾ ਹੈ। ਪਹਿਲਾਂ ਬੱਲੇਬਾਜ਼ੀ ਕਰਦਿਆਂ ਆਸਟ੍ਰੇਲੀਆ ਨੇ 49.3 ਓਵਰਾਂ ‘ਚ 286 ਦੌੜਾਂ ਬਣਾਈਆਂ ਸਨ।
ਇੰਗਲੈਂਡ ਦੀ ਟੀਮ ਇਸ ਦੇ ਜਵਾਬ ‘ਚ 48.1 ਓਵਰ ‘ਚ 253 ਦੌੜਾਂ ਬਣਾ ਕੇ ਹੀ ਆਊਟ ਹੋ ਗਈ। ਇਸ ਦੇ ਨਾਲ ਹੀ ਇੰਗਲੈਂਡ ਰਸਮੀ ਤੌਰ ‘ਤੇ ਵਿਸ਼ਵ ਕੱਪ ਸੈਮੀਫ਼ਾਈਨਲ ਦੀ ਦੌੜ ‘ਚੋਂ ਬਾਹਰ ਹੋ ਗਿਆ ਹੈ। 2019 ਦੀ ਵਿਸ਼ਵ ਜੇਤੂ ਰਹੀ ਟੀਮ ਦੀ ਇਹ ਲਗਾਤਾਰ ਪੰਜਵੀਂ ਹਾਰ ਹੈ।
ਆਸਟਰੇਲੀਆ ਵਲੋਂ ਐਡਮ ਜ਼ੰਪਾ ਨੇ ਸਭ ਤੋਂ ਵੱਧ 3 ਵਿਕੇਟਾਂ ਲਈਆਂ ਜਿਸ ਨੂੰ ‘ਪਲੇਅਰ ਆਫ਼ ਦ ਮੈਚ’ ਐਲਾਨਿਆ ਗਿਆ। ਇਸ ਤੋਂ ਇਲਾਵਾ ਮਿਸ਼ੇਲ ਸਟਾਰਕ, ਜੋਸ਼ ਹੇਜ਼ਲਵੁੱਡ ਅਤੇ ਪੈਟ ਕਮਿੰਸ ਨੇ 2-2 ਵਿਕੇਟਾਂ ਲਈਆਂ ਅਤੇ ਮਾਰਕਸ ਸਟੋਨਿਸ ਨੇ ਇਕ ਵਿਕੇਟ ਪ੍ਰਾਪਤ ਕੀਤੀ। ਇੰਗਲੈਂਡ ਦੀ ਸ਼ੁਰੂਆਤ ਬੇਹੱਦ ਖ਼ਰਾਬ ਰਹੀ ਜਿਸ ਦੀ ਪਹਿਲੀ ਵਿਕੇਟ ਬਗ਼ੈਰ ਕੋਈ ਦੌੜ ਬਣਾਏ ਜੌਨੀ ਬੇਅਰਸਟਾ ਦੇ ਰੂਪ ‘ਚ ਡਿੱਗ ਗਈ।
ਹਾਲਾਂਕਿ ਡੇਵਿਡ ਮਲਾਨ (50) ਅਤੇ ਬੇਨ ਸਟੋਕਸ (64) ਨੇ ਪਾਰੀ ਨੂੰ ਕੁਝ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਸਮੇਂ-ਸਮੇਂ ‘ਤੇ ਵਿਕੇਟਾਂ ਡਿਗਦੇ ਰਹਿਣ ਕਾਰਨ ਪੂਰੀ ਟੀਮ 253 ਦੌੜਾਂ ਹੀ ਬਣਾ ਸਕੀ। ਮੋਈਨ ਅਲੀ ਨੇ 42 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਤੇਜ਼ ਗੇਂਦਬਾਜ਼ ਕ੍ਰਿਸ ਵੋਕਸ ਦੀਆਂ ਚਾਰ ਵਿਕਟਾਂ ਦੇ ਦਮ ‘ਤੇ ਇੰਗਲੈਂਡ ਨੇ ਆਈ.ਸੀ.ਸੀ. ਵਨਡੇ ਵਿਸ਼ਵ ਕੱਪ ਦੇ ਮੈਚ ਵਿਚ ਅਪਣੇ ਕੱਟੜ ਵਿਰੋਧੀ ਆਸਟਰੇਲੀਆ ਨੂੰ 49.3 ਓਵਰਾਂ ‘ਚ 286 ਦੌੜਾਂ ‘ਤੇ ਆਊਟ ਕਰ ਕੇ ਵੱਡਾ ਸਕੋਰ ਬਣਾਉਣ ਤੋਂ ਰੋਕ ਦਿਤਾ।
ਵੋਕਸ ਨੇ 54 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ। ਉਨ੍ਹਾਂ ਤੋਂ ਇਲਾਵਾ ਆਦਿਲ ਰਾਸ਼ਿਦ ਅਤੇ ਮਾਰਕ ਵੁੱਡ ਨੇ ਦੋ-ਦੋ ਵਿਕਟਾਂ ਲਈਆਂ, ਜਿਸ ਕਾਰਨ ਇੰਗਲੈਂਡ ਪੂਰੀ ਆਸਟ੍ਰੇਲੀਆਈ ਟੀਮ ਨੂੰ ਆਊਟ ਕਰਨ ‘ਚ ਸਫਲ ਰਿਹਾ | ਮਾਰਨਸ ਲਾਬੂਸ਼ੇਨ (83 ਗੇਂਦਾਂ ‘ਤੇ 71 ਦੌੜਾਂ) ਨੇ ਸਟੀਵ ਸਮਿਥ (52 ਗੇਂਦਾਂ ‘ਤੇ 44 ਦੌੜਾਂ) ਨਾਲ ਤੀਜੇ ਵਿਕਟ ਲਈ 75 ਦੌੜਾਂ ਅਤੇ ਕੈਮਰਨ ਗ੍ਰੀਨ (52 ਗੇਂਦਾਂ ‘ਤੇ 47 ਦੌੜਾਂ) ਦੇ ਨਾਲ ਪੰਜਵੇਂ ਵਿਕਟ ਲਈ 61 ਦੌੜਾਂ ਦੀ ਸਾਂਝੇਦਾਰੀ ਕਰ ਕੇ ਆਸਟ੍ਰੇਲੀਆ ਨੂੰ ਸ਼ੁਰੂਆਤੀ ਝਟਕਿਆਂ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ। ਹੇਠਲੇ ਕ੍ਰਮ ‘ਚ ਮਾਰਕਸ ਸਟੋਇਨਿਸ (32 ਗੇਂਦਾਂ ‘ਚ 35) ਅਤੇ ਐਡਮ ਜ਼ੰਪਾ (19 ਗੇਂਦਾਂ ‘ਚ 29) ਨੇ ਉਪਯੋਗੀ ਯੋਗਦਾਨ ਪਾਇਆ।