WC 2023 ‘ਚ ਟੀਮ ਇੰਡੀਆ ਦੀ ਗੇਂਦਬਾਜ਼ੀ ਨੇ ਇੱਕ ਵਾਰ ਫਿਰ ਤੋਂ ਪ੍ਰਭਾਵਿਤ ਕੀਤਾ ਹੈ। ਸ਼੍ਰੀਲੰਕਾ ਨੂੰ ਹਰਾਉਣ ਤੋਂ ਬਾਅਦ ਦੱਖਣੀ ਅਫਰੀਕਾ ਦੀ ਫਾਰਮ ‘ਚ ਚੱਲ ਰਹੀ ਟੀਮ ਵੀ ਸਿਰਫ 83 ਦੌੜਾਂ ‘ਤੇ ਹੀ ਢੇਰ ਹੋ ਗਈ। ਟੀਮ ਇੰਡੀਆ ਨੇ 326 ਦੌੜਾਂ ਬਣਾ ਕੇ 243 ਦੌੜਾਂ ਦੀ ਵੱਡੀ ਜਿੱਤ ਦਰਜ ਕੀਤੀ ਸੀ। ਵਿਸ਼ਵ ਕੱਪ 2023 ਦੇ 37ਵੇਂ ਮੁਕਾਬਲੇ ਵਿੱਚ ਭਾਰਤੀ ਕ੍ਰਿਕਟ ਟੀਮ ਨੇ ਦੱਖਣੀ ਅਫ਼ਰੀਕਾ ਦੀ ਕ੍ਰਿਕਟ ਟੀਮ ਨੂੰ 243 ਦੌੜਾਂ ਨਾਲ ਹਰਾ ਕੇ ਟੂਰਨਾਮੈਂਟ ਵਿੱਚ ਆਪਣੀ ਲਗਾਤਾਰ 8ਵੀਂ ਜਿੱਤ ਦਰਜ ਕੀਤੀ ਹੈ।
ਪਹਿਲਾਂ ਖੇਡਦਿਆਂ ਭਾਰਤ ਨੇ ਵਿਰਾਟ ਕੋਹਲੀ ਦੇ ਸੈਂਕੜੇ (101*) ਦੀ ਮਦਦ ਨਾਲ 5 ਵਿਕਟਾਂ ਦੇ ਨੁਕਸਾਨ ‘ਤੇ 326 ਦੌੜਾਂ ਬਣਾਈਆਂ। ਭਾਰਤ ਵੱਲੋਂ ਦਿੱਤੇ 327 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਦੱਖਣੀ ਅਫ਼ਰੀਕਾ ਦੀ ਕ੍ਰਿਕਟ ਟੀਮ ਸਿਰਫ 83 ਦੌੜਾਂ ‘ਤੇ ਹੀ ਸਿਮਟ ਗਈ। ਭਾਰਤ ਵੱਲੋਂ ਰਵਿੰਦਰ ਜਡੇਜਾ ਨੇ 5 ਵਿਕਟਾਂ ਲਈਆਂ।
ਭਾਰਤ ਵੱਲੋਂ ਰੋਹਿਤ ਨੇ 24 ਗੇਂਦਾਂ ਵਿੱਚ 40 ਦੌੜਾਂ ਦੀ ਪਾਰੀ ਖੇਡ ਕੇ ਟੀਮ ਨੂੰ ਹਮਲਾਵਰ ਸ਼ੁਰੂਆਤ ਦਿੱਤੀ। ਇਸ ਤੋਂ ਬਾਅਦ ਸ਼੍ਰੇਅਸ ਅਈਅਰ (77) ਅਤੇ ਕੋਹਲੀ ਨੇ ਸੈਂਕੜੇ ਦੀ ਸਾਂਝੇਦਾਰੀ ਕੀਤੀ। ਅੰਤ ਵਿੱਚ ਰਵਿੰਦਰ ਜਡੇਜਾ ਨੇ 15 ਗੇਂਦਾਂ ਵਿੱਚ ਨਾਬਾਦ 29 ਦੌੜਾਂ ਬਣਾਈਆਂ ਅਤੇ ਟੀਮ ਦੇ ਸਕੋਰ ਨੂੰ 300 ਦੌੜਾਂ ਤੋਂ ਪਾਰ ਪਹੁੰਚਾਇਆ। ਜਵਾਬ ‘ਚ ਦੱਖਣੀ ਅਫਰੀਕਾ ਨੇ ਸਿਰਫ 40 ਦੌੜਾਂ ‘ਤੇ 5 ਵਿਕਟਾਂ ਗੁਆ ਦਿੱਤੀਆਂ। ਇਸ ਤੋਂ ਬਾਅਦ ਵੀ ਲਗਾਤਾਰ ਵਿਕਟਾਂ ਡਿੱਗਦੀਆਂ ਰਹੀਆਂ ਅਤੇ ਪਾਰੀ ਸਸਤੇ ਵਿੱਚ ਖਤਮ ਹੋ ਗਈ।
ਜਡੇਜਾ ਨੇ ਈਡਨ ਗਾਰਡਨ ਸਟੇਡੀਅਮ ਦੀ ਪਿੱਚ ‘ਤੇ ਆਪਣੀ ਸਰਵੋਤਮ ਗੇਂਦਬਾਜ਼ੀ ਦਾ ਪ੍ਰਦਰਸ਼ਨ ਕੀਤਾ। ਉਸ ਨੇ ਵਿਰੋਧੀ ਟੀਮ ਦੇ ਕਪਤਾਨ ਤੇਂਬਾ ਬਾਵੁਮਾ (11) ਨੂੰ ਬੋਲਡ ਕਰਕੇ ਆਪਣਾ ਪਹਿਲਾ ਸ਼ਿਕਾਰ ਬਣਾਇਆ। ਇਸ ਤੋਂ ਬਾਅਦ ਉਸ ਨੇ ਹੇਨਰਿਕ ਕਲਾਸੇਨ (1), ਡੇਵਿਡ ਮਿਲਰ (11), ਕੇਸ਼ਵ ਮਹਾਰਾਜ (7) ਅਤੇ ਕਾਗਿਸੋ ਰਬਾਡਾ ਨੂੰ ਪੈਵੇਲੀਅਨ ਦਾ ਰਸਤਾ ਦਿਖਾਇਆ। ਇਹ ਪਹਿਲੀ ਵਾਰ ਹੈ ਜਦੋਂ ਜਡੇਜਾ ਨੇ ਵਿਸ਼ਵ ਕੱਪ ਵਿੱਚ 5 ਵਿਕਟਾਂ ਲੈਣ ਦੀ ਉਪਲਬਧੀ ਹਾਸਲ ਕੀਤੀ ਹੈ। ਉਸ ਨੇ ਆਪਣੇ 9 ਓਵਰਾਂ ਵਿੱਚ 33 ਦੌੜਾਂ ਦਿੱਤੀਆਂ।