This Content Is Only For Subscribers
ਸਿਰਫ ਸਬਸਕ੍ਰਾਇਬਰਾਂ ਵਾਸਤੇ
ਕਿ੍ਰਪਾ ਕਰਕੇ ਆਪਣਾ ਈਮੇਲ ਐਡਰੈੱਸ ਪਾਕੇ ਟਿੱਕ ਕਰਕੇ ਸਬਸਕ੍ਰਾਇਬ ਕਰੋ ਫੇਰ ਪੜ੍ਹੋ।
ਨਕੋਦਰ : ਇਹ ਸੜਕ ਦੇ ਵਿਚਕਾਰ ਮਾੜੀ ਹਾਲਤ ਚ ਪਏ ਰਬੜ ਦੇ ਡਵਾਈਡਰ ਪੋਲ ਇੰਝ ਲਗਦਾ ਜਿਵੇਂ ਕਹਿ ਰਹੇ ਹੋਣ ਸਾਡਾ ਕੀ ਕਸੂਰ ਅਸੀਂ ਤਾਂ ਤੁਹਾਡੇ ਲਈ ਖੜ੍ਹੇ ਸੀ। ਪਰ ਪਤਾ ਨਹੀਂ ਕਿਹੜੇ ਪਸ਼ੂਆਂ ਨੇ ਸਾਨੂੰ ਕੁਚਲ ਕੇ ਰੱਖਤਾ। ਹਾਂਜੀ ਬਿਲਕੁਲ ਇਹੀ ਸੋਚਦੇ ਹੋਣ ਨੇ ਇਹ ਪੋਲ। ਕੀ ਅਸੀਂ ਬਾਕੇਈ ਇਨਸਾਨ ਹਾਂ? ਸੱਭਿਅਕ ਹਾਂ? ਇਨ੍ਹਾਂ ਪੋਲਾਂ ਦੀ ਹਾਲਤ ਦੇਖਕੇ ਤਾਂ ਨਹੀਂ ਲੱਗਦਾ। ਉਂਝ ਅਸੀਂ ਗੱਲ ਗੱਲ ਤੇ ਪ੍ਰਸ਼ਾਸ਼ਨ ਨੂੰ ਕੋਸਦੇ ਹਾਂ ਕਿ ਨਗਰ ਪ੍ਰਸ਼ਾਸ਼ਨ ਟਰੈਫਿਕ ਨੂੰ ਹੱਲ ਕਰਨ ਲਈ ਕੁਝ ਨਹੀਂ ਕਰ ਰਿਹਾ। ਪਰ ਕੀ ਅਸੀਂ ਕਰ ਰਹੇ ਹਾਂ। ਹਜ਼ਾਰਾਂ ਰੁਪਏ ਖਰਚ ਕਰਕੇ ਨਗਰ ਪ੍ਰਸ਼ਾਸ਼ਨ ਨੇ ਇਹ ਪੋਲ ਸੜਕ ਨੂੰ ਡਿਵਾਈਡ ਕਰਨ ਲਈ ਲਾਏ ਤਾਂਕਿ ਸਥਾਨਿਕ ਲੋਕ ਸਿੰਗਲ ਵੇ ਦਾ ਇਸਤੇਮਾਲ ਕਰਨਾ ਸਿੱਖਣ।
ਦੁਕਾਨਦਾਰਾਂ ਅਤੇ ਫੂਡ ਵੇਂਡਰਾਂ ਦੀ ਅਨੈਤਿਕਤਾ
ਲਗਭਗ 36 ਫੁੱਟ ਦੀ ਸੜਕ ਨੂੰ 18-18 ਫੁੱਟ ਚ ਸਿੰਗਲ ਵੈ ਕਰਨ ਦਾ ਇਕ ਮਕਸਦ ਇਹ ਵੀ ਸੀ ਸੜਕਾਂ ਦੇ ਕਿਨਾਰਿਆਂ ਤੇ ਸਮਾਨ ਰੱਖਕੇ ਵੇਚਣ ਵਾਲੇ ਦੁਕਾਨਦਾਰ ਜਾਂ ਰੇਹੜੀ ਫੜ੍ਹੀ ਵਾਲੇ ਲਾਂਘੇ ਦੀ ਜਰੂਰਤ ਨੂੰ ਸਮਝਦਿਆਂ ਰਸਤਾ ਸਾਫ ਰੱਖਣਗੇ। ਪ੍ਰਸ਼ਾਸ਼ਨ ਨੇ ਆਪਣਾ ਕੰਮ ਬਾਖੂਬੀ ਕਰ ਦਿੱਤਾ। ਪਰ ਸਾਡੇ ਵਿੱਚ ਸੱਭਿਅਕ ਹੋਣ ਵਾਲੇ ਤੱਤ ਤਾਂ ਜਮਾ ਖਤਮ ਹੋ ਚੁੱਕੇ ਆ ਸਵਾਰਥ ਦੇ ਚਲਦਿਆਂ ਜਾਂ ਫੋਕੀ ਜਲਦਬਾਜ਼ੀ ਦੇ ਚੱਕਰ ਚ ਅਸੀਂ ਇਨ੍ਹਾਂ ਪੋਲਾਂ ਨੂੰ ਕੁਚਲਣ ਲੱਗੇ ਰਤਾ ਵੀ ਸੋਚਿਆ ਕਿ ਅਜੇ ਤਾਂ ਇਸਨੂੰ ਵੇਚਣ ਵਾਲੇ ਨੇ ਇਸਦੇ ਕਮਾਏ ਪੈਸੇ ਵੀ ਖਰਚੇ ਨਹੀਂ ਹੋਣੇ ਤੇ ਅਸੀਂ ਆਪਣੀ ਨਿਕੰਮਤਾ ਦੇ ਚਲਦਿਆਂ ਇਸਨੂੰ ਬਰਬਾਦ ਕਰ ਰਹੇ ਹਾਂ। ਅੰਬੇਡਕਰ ਚੌਂਕ ਵਿੱਚ ਜੂਸ ਬਾਰ ਵਾਲੇ ਨੇ ਇੱਕ ਗੱਡੀ ਲੰਘਾਉਣ ਲਈ ਪੋਲ ਨੂੰ ਜੜ੍ਹ ਤੋਂ ਪੁੱਟ ਕੇ ਪ੍ਰਾਹ ਵਗਾਹ ਮਾਰਨ ਲੱਗੇ ਵੀ ਇਹ ਨਹੀਂ ਸੋਚਿਆ ਹੋਣਾ ਕਿ ਪ੍ਰਸ਼ਾਸ਼ਨ ਨੇ ਜਿਹੜੇ ਪੈਸੇ ਲਾਏ ਆ ਓਹ ਲੋਕਾਂ ਦੇ ਟੈਕਸ ਦੇ ਨੇ ਤੇ ਮੈਂ ਲੋਕਾਂ ਦੀ ਮਿਹਨਤ ਦੀ ਕਮਾਈ ਦੀ ਬਦੌਲਤ ਲੱਗੇ ਇਹ ਪੋਲ ਨੂੰ ਇੰਝ ਪਟ ਸੁਟਿਆ ਜਿਵੇਂ ਇਹ ਰਸਤੇ ਚ ਉੱਗੀ ਹੋਈ ਕੋਈ ਬੂਟੀ ਹੋਵੇ। ਅੰਬੇਡਕਰ ਚੌਂਕ ਤੋਂ ਲੈਕੇ ਐਮ ਸੀ ਚੌਂਕ ਤੱਕ ਕਿਸਨੇ ਕਿਹੜਾ ਪੋਲ ਬਰਬਾਦ ਕੀਤਾ ਸਭ ਦੇਖਿਆ ਦੱਸਣ ਨੂੰ ਸਭਦੇ ਨਾਮ ਦੱਸ ਸਕਦਾ ਹਾਂ ਪਰ ਗੱਲ ਨਾਮ ਦੱਸਣ ਦੀ ਨਹੀਂ ਗੱਲ ਇਨ੍ਹਾਂ ਲੋਕਾਂ ਦੀ ਸ਼ਰਮ ਦੀ ਆ।
ਮਾੜੀ ਹਾਲਤ ਚ ਪਏ ਰਬੜ ਦੇ ਡਵਾਈਡਰ ਪੋਲ ਇੰਝ ਲਗਦਾ ਜਿਵੇਂ ਕਹਿ ਰਹੇ ਹੋਣ ਸਾਡਾ ਕੀ ਕਸੂਰ ਅਸੀਂ ਤਾਂ ਤੁਹਾਡੇ ਲਈ ਖੜ੍ਹੇ ਸੀ। ਪਰ ਪਤਾ ਨਹੀਂ ਕਿਹੜੇ ਪਸ਼ੂਆਂ ਨੇ ਸਾਨੂੰ ਕੁਚਲ ਕੇ ਰੱਖਤਾ।
ਵਾਹਨ ਚਾਲਕਾਂ ਦੀ ਨਿਕੰਮਤਾ
ਇਥੇ ਦੋਸ਼ ਸਿਰਫ਼ ਦੁਕਾਨਦਾਰਾਂ ਦਾ ਨਹੀਂ ਸੜਕ ਤੋ ਲੰਘਣ ਵਾਲੇ ਵਾਹਨ ਚਾਲਕ ਵੀ ਉੱਨੇ ਹੀ ਕਸੂਰਵਾਰ ਅਤੇ ਅਸੱਭਿਅਕ ਪ੍ਰਵਿਰਤੀ ਵਾਲੇ ਮੂਰਖ ਨੇ। ਕੁਝ ਦਿਨ ਪਹਿਲਾਂ ਦੇਖਣ ਨੂੰ ਮਿਲਿਆ ਕਿ ਬੱਸ ਅੱਡੇ ਚ ਨਿਕਲਕੇ ਤਿੰਨ ਬੱਸਾਂ ਰੋਡਵੇਜ, ਐੱਮ ਐੱਚ ਟੀ ਅਤੇ ਝੁਝਾਰ ਇਕੱਠੀਆਂ ਨਿਕਲੀਆਂ ਤੇ ਇੱਕ ਦੂਜੇ ਤੋਂ ਅੱਗੇ ਨਿਕਲਣ ਦੀ ਚੱਕਰ ਚ ਤਿੰਨੋ ਬੱਸਾਂ ਨੇ ਗੁਰੂ ਨਾਨਕ ਨੈਸ਼ਨਲ ਕਾਲਜ ਅੱਗੇ ਲੱਗੇ ਪੋਲ ਆਪਣੇ ਟਾਇਰਾਂ ਹੇਠ ਕੁਚਲ ਕੇ ਬਰਬਾਦ ਕੇ ਦਿੱਤੇ। ਇਹ ਕਿਹੋ ਜਿਹਾ ਸਾਡਾ ਰਹਿਣ ਹੈ? ਕੀ ਅਸੀਂ ਅਨੁਸ਼ਾਸ਼ਨ ਅਤੇ ਸਲੀਕੇ ਨਾਲ ਨਹੀਂ ਰਹਿ ਸਕਦੇ? ਕੀ ਅਸੀਂ ਪ੍ਰਸ਼ਾਸ਼ਨ ਦੀ ਕਾਰਵਾਈ ਦੀ ਕਦਰ ਨਹੀਂ ਕਰ ਸਕਦੇ? ਕੀ ਸਾਡੀ ਆਪਣੀ ਵਸਤੂ ਦੀ ਹੀ ਅਹਿਮੀਅਤ ਆ? ਸਰਕਾਰੀ ਵਸਤੂਆਂ ਦੀ ਕੋਈ ਕਦਰ ਨਹੀਂ? ਬਹੁਤ ਸਵਾਲ ਨੇ ਜਿਹੜੇ ਸਾਡੇ ਪਸ਼ੂਆਂ ਤੋ ਵੀ ਗਏ ਗੁਜ਼ਰੇ ਹੋਣ ਵੱਲ ਇਸ਼ਾਰਾ ਕਰਦੇ ਨੇ।
ਅਜਿਹੇ ਬਹੁਤ ਸਬੂਤ ਮਿਲੇ ਜਿਹੜੇ ਸਾਫ ਦੱਸ ਰਹੇ ਨੇ ਕਿਸ ਗੱਡੀ ਨੇ ਜਿਹੜੇ ਪੋਲ ਤੋੜੇ ਤੇ ਕਿ ਬੰਦੇ ਨੇ ਕਿਹੜਾ ਪੋਲ ਉਖਾੜਿਆ। ਜਿਸ ਦਿਨ ਕਾਰਵਾਈ ਹੋਣ ਵਾਲੀ ਗੱਲ ਆਈ ਤਾਂ ਪ੍ਰਸ਼ਾਸ਼ਨ ਅੱਗੇ ਇਹ ਸਬੂਤ ਰੱਖੇ ਜਾਣਗੇ।
ਨਗਰ ਪ੍ਰਸ਼ਾਸ਼ਨ ਨੂੰ ਸਖਤੀ ਨਾਲ ਨਿਜੱਠਣ ਦੀ ਲੋੜ
ਦੇਸ਼ ਦਾ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਨਕੋਦਰ ਨਗਰ ਕੌਂਸਲ ਨੂੰ ਇਹ ਅਪੀਲ ਕਰਾਂਗਾ ਕਿ ਇਨ੍ਹਾਂ ਪੋਲਾਂ ਨੂੰ ਹਟਾ ਕੇ ਹੁਣ ਸੜਕ ਦੇ ਵਿਚਕਾਰ ਪੋਲਾਂ ਵਾਲੀ ਜਗ੍ਹਾ 3-3 ਇੰਚ ਉੱਚੇ ਨੋਕੀਲੇ ਜਿਸਤੀ ਕਿੱਲ ਲਗਾਏ ਜਾਣ ਜਾਂ ਫਿਰ ਕੰਕਰੀਟ ਦੇ ਬਣੇ ਡਵਾਈਡਰਾਂ ਨੂੰ ਸਥਾਪਿਤ ਕੀਤਾ ਜਾਵੇ। ਤਾਂਕਿ ਲਾਪਰਵਾਹੀ ਕਰਨ ਵਾਲੇ ਦਾ ਨੁਕਸਾਨ ਹੋਵੇ ਤੇ ਅੱਗੇ ਤੋਂ ਮੱਤ ਆਵੇ ਕਿ ਮੈਂ ਅਨੁਸ਼ਾਸ਼ਨ ਅੰਦਰ ਹੀ ਚੱਲਣਾ ਹੈ। ਇਥੇ ਪ੍ਰਸ਼ਾਸ਼ਨ ਨੂੰ ਇਹ ਵੀ ਬੇਨਤੀ ਕਰਾਂਗਾ ਕਿ ਸੜਕ ਦੇ ਕਿਨਾਰਿਆਂ ਤੇ ਜੂਸ ਬਾਰ ਅਤੇ ਫੂਡ ਹਟ ਜਾਂ ਤਾਂ ਹਟਾਏ ਜਾਣ ਜਾਂ ਫਿਰ ਇਨ੍ਹਾਂ ਨੂੰ ਪਿੱਛੇ ਖਿਸਕਾਇਆ ਜਾਵੇ। ਗੱਡੀਆਂ ਵਾਲੇ ਗੱਡੀ ਚ ਬੈਠ ਕੇ ਜੂਸ ਪੀਣ ਕਰਕੇ ਸੜਕ ਦੀ ਆਵਾਜਾਈ ਨੂੰ ਪ੍ਰਭਾਵਿਤ ਕਰਦੇ ਹਨ।
ਸ਼ਹਿਰ ਅੰਦਰ ਗੈਰ-ਅਨੁਸ਼ਾਸ਼ਨਿਕ ਆਟੋ ਚਾਲਕਾਂ ਦਾ ਵਾਧਾ
ਸੜਕ ਦੇ ਤੰਗ ਹੋਣ ਦਾ ਬਹੁਤ ਵੱਡਾ ਕਾਰਨ ਸ਼ਹਿਰ ਅੰਦਰ ਬੇਹਿਸਾਬ ਆਟੋ ਚਾਲਕਾਂ ਦਾ ਵਧਣਾ ਹੈ। ਜਿਹੜੇ ਕਿਸੇ ਨਿਯਮ ਦੀ ਪਾਲਣਾ ਨਹੀਂ ਕਰਦੇ ਅਤੇ ਜਿੱਥੇ ਚਾਹੇ ਆਟੋ ਖੜ੍ਹੀ ਕਰਕੇ ਸਵਾਰੀ ਉਡੀਕਣ ਲੱਗ ਜਾਂਦੇ ਆ। ਨਗਰ ਕੌਂਸਲ ਦੇ ਦਫਤਰ ਅੱਗੇ, ਬੱਸ ਅੱਡੇ ਅੱਗੇ ਇਨ੍ਹਾਂ ਜ਼ਿਆਦਾ ਝੁਰਮਟ ਪਾਇਆ ਹੁੰਦਾ ਹੈ ਕਿ ਟਰੈਫਿਕ ਦਾ ਸਮੂਦ ਚੱਲਣਾ ਤਾਂ ਦੂਰ ਰੇਂਗਣਾ ਵੀ ਔਖਾ ਹੁੰਦਾ ਹੈ। ਪ੍ਰਸ਼ਾਸ਼ਨ ਚਾਹੇ ਤਾਂ ਇਨ੍ਹਾਂ ਤੇ ਕਾਰਵਾਈ ਕਰਦਿਆਂ ਇਨ੍ਹਾਂ ਨੂੰ ਬੱਸ ਅੱਡੇ ਅਤੇ ਜਨਰਲ ਆਵਾਜਾਈ ਵਾਲੇ ਹਿੱਸਿਆਂ ਤੋਂ ਹਟਾ ਕੇ ਸੜਕ ਤੋ ਹੇਠਾਂ ਜਾਂ ਬੱਸ ਅੱਡੇ ਦੇ ਪਿੱਛੇ ਖੜ੍ਹੇ ਹੋਣ ਦਾ ਨਿਯਮ ਬਣਾਏ ਜਿਹੜਾ ਨਾ ਮੰਨੇ ਉਸਦੀ ਆਟੋ ਨੂੰ ਜਬਤ ਕੀਤਾ ਜਾਵੇ ਅਤੇ 5000 ਜ਼ੁਰਮਾਨਾ ਲਿਆ ਜਾਵੇ।
ਵੱਡੇ ਵਾਹਨਾਂ ਦੀ ਸ਼ਹਿਰ ਅੰਦਰ ਆਵਾਜਾਈ
ਬੇ ਤਰਤੀਬ ਬੱਸ ਚਾਲਕਾਂ ਨੂੰ ਵੀ ਸ਼ਹਿਰ ਦੇ ਬਾਹਰੋ ਬਾਹਰ ਬੱਸ ਨੂੰ ਲਿਆਉਣ ਅਤੇ ਲਿਜਾਣ ਦਾ ਕਿਹਾ ਜਾਵੇ। ਨਿਯਮ ਮੁਤਾਬਿਕ ਸਵੇਰੇ ਅੱਠ ਵਜੇ ਤੋਂ ਸ਼ਾਮ 8 ਵਜੇ ਤੱਕ ਸ਼ਹਿਰ ਅੰਦਰ ਕਿਸੇ ਵੱਡੇ ਵਾਹਨ ਦਾ ਆਉਣਾ ਮਨ੍ਹਾ ਹੈ ਤਾਂ ਨਕੋਦਰ ਕਿਹੜੇ ਮਹਾਦੀਪ ਦਾ ਹਿੱਸਾ ਹੈ ਜਿਹੜਾ ਇਨ੍ਹਾਂ ਨਿਯਮਾਂ ਨੂੰ ਲਾਗੂ ਨਹੀਂ ਕਰਦਾ? ਬਾਈ ਪਾਸ ਸੜਕਾਂ ਦੀ ਮੁਰੰਮਤ ਦੌਰਾਨ ਇਨ੍ਹਾਂ ਬੱਸਾਂ ਵਾਲਿਆਂ ਨੂੰ ਸ਼ਹਿਰ ਅੰਦਰ ਦੀ ਆਉਣ ਜਾਣ ਦੀ ਇਜ਼ਾਜ਼ਤ ਦਿਤੀ ਗਈ ਸੀ ਪਰ ਹੁਣ ਤਾਂ ਸੜਕਾਂ ਬਣ ਚੁੱਕੀਆਂ ਨੇ ਅਤੇ ਦੋਬਾਰਾ ਟੁੱਟਣ ਵਾਲੀਆਂ ਨੇ ਫੇਰ ਇਨ੍ਹਾਂ ਨੂੰ ਸ਼ਹਿਰ ਅੰਦਰੋਂ ਲੰਘਣ ਤੀ ਰੋਕਿਆ ਕਿਉਂ ਨਹੀਂ ਜਾਂਦਾ? ਕੀ ਪ੍ਰਸ਼ਾਸ਼ਨ ਨੇ ਠਾਣ ਲਿਆ ਹੈ ਕਿ ਉਹ ਰੋਹਬਦਾਰਾਂ ਦੇ ਕੋਠੇ ਦੀ ਨਚਾਰ ਬਣਕੇ ਹੱਥਾਂ ਚ ਵਾਰਨੇ ਫੜ੍ਹਕੇ ਬੱਸ ਮੰਨੋਰੰਜ਼ਨ ਕਰਨਾ ਹੈ। ਤਮਾਸ਼ਾਂ ਦੇਖਣਾ ਹੈ ਤੇ ਕੁਝ ਕੁਝ ਵਕਫੇ ਤੇ ਤਾੜੀਆਂ ਮਾਰਨੀਆਂ ਨੇ। ਗੱਲ ਸੋਚਣ ਦੀ ਆ ਤੇ ਨਗਰ ਨਿਵਾਸੀਆਂ ਦਾ ਭਰੋਸਾ ਹੈ ਕਿ ਨਗਰ ਕੌਂਸਲ ਪ੍ਰਸ਼ਾਸ਼ਨ ਸੁਧਾਰ ਕਰ ਸਕਦਾ ਹੈ ਤੇ ਉਮੀਦ ਹੈ ਨਗਰ ਕੌਂਸਲ ਅਧਿਕਾਰੀ ਆਪਣੇ ਜ਼ਮੀਰ ਨੂੰ ਜਗਾਉਣ ਤੇ ਗੈਰ ਅਨੁਸ਼ਾਸਨਿਕ ਗਤੀਵਿਧੀਆਂ ਤੇ ਨੱਥ ਪਾਉਣ।