ਨਕੋਦਰ: ਨਕੋਦਰ ਸ਼ਹਿਰ, ਜੋ ਪਿੰਡਾਂ ਅਤੇ ਕਸਬਿਆਂ ਦੀ ਵੀਰਾਨੀ ਤੋਂ ਉਭਰ ਕੇ ਇੱਕ ਤੀਰਥ ਰੂਪੀ ਸ਼ਹਿਰ ਬਣਿਆ ਹੈ, ਅੱਜ ਇੱਕ ਵੱਡੀ ਸਮੱਸਿਆ ਦਾ ਸ਼ਿਕਾਰ ਹੋ ਰਿਹਾ ਹੈ। ਇਸ ਸ਼ਹਿਰ ਦੀਆਂ ਸੜਕਾਂ ਅਤੇ ਚੌਰਾਹਿਆਂ ‘ਤੇ ਭਿਖਾਰੀਆਂ ਦੀ ਗੰਭੀਰ ਸਮੱਸਿਆ ਨੇ ਇੱਕ ਨਾ ਮੁੱਕਣ ਵਾਲੀ ਪਰੇਸ਼ਾਨੀ ਦਾ ਰੂਪ ਧਾਰ ਲਿਆ ਹੈ। ਇਹ ਸਮੱਸਿਆ ਕੋਈ ਸਧਾਰਨ ਚਰਚਾ ਦਾ ਵਿਸ਼ਾ ਨਹੀਂ, ਸਗੋਂ ਇਸ ਦੇ ਅਸਰ ਅੱਜ ਹਰ ਨਕੋਦਰ ਵਾਸੀ ਮਹਿਸੂਸ ਕਰ ਰਿਹਾ ਹੈ। ਹਾਲਾਤ ਇਸ ਦਰਜੇ ਪਹੁੰਚ ਚੁੱਕੇ ਹਨ ਕਿ ਹੁਣ ਸਥਾਨਕ ਲੋਕ ਪਰਸ਼ਾਸ਼ਨ ਤੇ ਸਵਾਲ ਉਠਾਉਣ ਲਈ ਮਜਬੂਰ ਹੋ ਗਏ ਹਨ।
ਭਿੱਖ ਮੰਗਣਾ ਨਹੀਂ ਰਿਹਾ ਸਿਰਫ ਪੇਸ਼ਾ, ਸਗੋਂ ਆਰਾਜਕਤਾ ਦਾ ਸਿੰਬਲ
ਭਿਖਾਰੀ ਸਿਰਫ ਰੋਟੀਆਂ ਲਈ ਮੰਗਣ ਵਾਲੇ ਨਹੀਂ ਰਹੇ; ਇਹ ਸਟ੍ਰੀਟ ਆਰਾਜਕਤਾ ਦਾ ਇੱਕ ਜ਼ਰੀਆ ਬਣਦੇ ਜਾ ਰਹੇ ਹਨ। ਅੱਜ ਸ਼ਹਿਰ ਦੇ ਹਰੇਕ ਚੌਰਾਹੇ, ਬਾਜ਼ਾਰ, ਅਤੇ ਵੀਰਾਨ ਥਾਵਾਂ ‘ਤੇ ਇਹ ਮੰਗਣ ਵਾਲੇ ਗੁਟਖਾ ਖਾ ਕੇ ਲੋਕਾਂ ਨੂੰ ਤੰਗ ਕਰਦੇ ਹਨ। ਉਹ ਹਰ ਵਰਗ ‘ਤੇ ਹੱਥ ਪਾਉਂਦੇ ਹਨ, ਜਿਵੇਂ ਕਿ ਉਹਨਾਂ ਨੂੰ ਮੰਗਣ ਦਾ ਅਧਿਕਾਰ ਹੈ। ਪਰ ਇਹ ਸਿਰਫ ਇੱਕ ਸਟਾਰਟ ਹੈ। ਮੰਗਣ ਦੇ ਬਹਾਨੇ ਹਰੇਕ ਗਲੀ ‘ਚ ਨੁੱਕਰ ਵਿੱਚ ਰੇਕੀ ਕਰਨਾ, ਜੇਬ ਕੱਟਣਾ, ਛੋਟੇ ਬੱਚਿਆਂ ਨੂੰ ਅਪਹਿਰਣ ਕਰਨਾ ਅਤੇ ਅਣੈਤਿਕ ਕਿਰਿਆਵਾਂ ਵਿੱਚ ਸ਼ਾਮਲ ਹੋਣਾ। ਭਿਖਾਰੀ ਆਮ ਤੌਰ ਤੇ ਉਹਨਾਂ ਸਥਾਨਾਂ ਨੂੰ ਨਿਸ਼ਾਨਾ ਬਣਾ ਰਹੇ ਹਨ ਜਿੱਥੇ ਲੋਕ ਧਾਰਮਿਕ ਜਾਂ ਸਮਾਜਕ ਕਾਰਜਾਂ ਲਈ ਇੱਕੱਠੇ ਹੁੰਦੇ ਹਨ। ਇਹਨਾਂ ਥਾਵਾਂ ਤੇ ਜਿਥੇ ਵੀ ਭੀੜ ਹੁੰਦੀ ਹੈ, ਉਹਨਾਂ ਭਿਖਾਰੀਆਂ ਦੀ ਟੀਮ ਮੌਜੂਦ ਰਹਿੰਦੀ ਹੈ। ਸਿਰਫ ਮੰਗਣੀ ਲਈ ਹੀ ਨਹੀਂ, ਬਲਕਿ ਉਹਨਾ ਨੂੰ ਪੈਸਾ ਨਾ ਦੇਣ ‘ਤੇ ਉਹ ਲੋਕਾਂ ‘ਤੇ ਚੀਖਣ-ਚਿੱਲਾਉਣ ਅਤੇ ਹਿੰਸਕ ਹੋਣ ਤੋਂ ਵੀ ਪਿੱਛੇ ਨਹੀਂ ਹਟਦੇ। ਇਹ ਸਥਿਤੀ ਨਕੋਦਰ ਵਾਸੀਆਂ ਲਈ ਕਾਫ਼ੀ ਚਿੰਤਾਜਨਕ ਹੈ।
ਵਾਪਾਰ ਥੱਲੇ ਆ ਰਹੇ ਹਨ, ਸਫਾਈ ਢਹਿ ਰਹੀ ਹੈ
ਇਹ ਗੰਭੀਰ ਹੈ ਕਿ ਜਦੋਂ ਸ਼ਹਿਰ ਦੇ ਆਮ ਵਪਾਰੀ ਆਪਣੇ ਕਾਰੋਬਾਰ ‘ਤੇ ਧਿਆਨ ਦੇਣਾ ਚਾਹੁੰਦੇ ਹਨ, ਤਾਂ ਉਹਨਾਂ ਨੂੰ ਇਨ੍ਹਾਂ ਭਿਖਾਰੀਆਂ ਨਾਲ ਨਜਿੱਠਣਾ ਪੈਂਦਾ ਹੈ। ਗਾਹਕ ਵੀ ਬਹੁਤ ਵਾਰ ਇਸ ਕਾਰਨ ਦੁਕਾਨਾਂ ‘ਤੇ ਆਉਣ ਤੋਂ ਕੱਤਰਦੇ ਹਨ। ਇਸ ਕਰਕੇ ਸਥਾਨਕ ਵਪਾਰ ਠੱਪ ਹੋ ਰਿਹਾ ਹੈ। ਇਸ ਦੇ ਨਾਲ ਹੀ, ਭਿਖਾਰੀ ਸ਼ਹਿਰ ਦੀ ਸਫ਼ਾਈ ਦੀ ਸਥਿਤੀ ਨੂੰ ਵੀ ਬਰਬਾਦ ਕਰ ਰਹੇ ਹਨ। ਉਨ੍ਹਾਂ ਦਾ ਹਰ ਚੌਰਾਹੇ ਤੇ ਬੇਵਕੂਫ਼ੀ ਦੇ ਨਾਲ ਪਾਣ ਗੁਟਖਾ ਚਬਾ ਕੇ ਜਿਥੇ ਮਰਜ਼ੀ ਥੁੱਕਣਾ, ਕਿਸੇ ਵੀ ਗਲੀ ਵਿੱਚ ਮੂਤਨਾ, ਬੱਚਿਆਂ ਦਾ ਮਲਮੂਤਰ ਕਰਨਾ, ਆਮ ਰੀਵਾਜ਼ ਬਣ ਚੁੱਕਾ ਹੈ। ਕੂੜਾ ਕਰਕਟ ਜਿੱਥੇ ਮਰਜ਼ੀ ਸੁੱਟਣਾ ਵੀ ਇਹਨਾਂ ਲਈ ਇੱਕ ਮਾਮੂਲੀ ਗੱਲ ਹੈ। ਇਹ ਸਾਫ ਹੈ ਕਿ ਨਕੋਦਰ ਸ਼ਹਿਰ ਦੀ ਸਫਾਈ ਤੇ ਇਨ੍ਹਾਂ ਮੰਗਣ ਵਾਲਿਆਂ ਨੇ ਕਾਬੂ ਪਾ ਲਿਆ ਹੈ ਅਤੇ ਇਹਨਾਂ ਦੇ ਸਿਰਫ ਇੱਥੇ ਹੋਣ ਨਾਲ ਹੀ ਨਕੋਦਰ ਦੇ ਸਵੱਛਤਾ ਅਭਿਆਨ ਨੂੰ ਪੂਰੀ ਤਰ੍ਹਾਂ ਢੇਹ ਤੇ ਲਿਆ ਦਿੱਤਾ ਹੈ।
ਬੱਚਿਆਂ ਦਾ ਭਵਿੱਖ ਖਤਰੇ ‘ਚ
ਇਹ ਸਮੱਸਿਆ ਸਿਰਫ ਸਾਫ-ਸਫਾਈ ਅਤੇ ਜੇਬ ਕਟਾਈ ਤਕ ਸੀਮਤ ਨਹੀਂ। ਨਕੋਦਰ ਵਿੱਚ ਅੱਜ ਕਈ ਛੋਟੇ ਬੱਚੇ ਜਿਨ੍ਹਾਂ ਦਾ ਭਵਿੱਖ ਚਮਕਣਾ ਚਾਹੀਦਾ ਸੀ, ਉਹਨਾਂ ਨੂੰ ਭੀਖ ਮੰਗਵਾਉਣ ਲਈ ਵਰਤਿਆ ਜਾ ਰਿਹਾ ਹੈ। ਕਈ ਪਰਿਵਾਰ ਆਪਣੇ ਬੱਚਿਆਂ ਨੂੰ ਭਿੱਖ ਮੰਗਣ ਲਈ ਭੇਜ ਰਹੇ ਹਨ ਜਾਂ ਬੱਚਿਆਂ ਦਾ ਇਹਨਾਂ ਮੰਗਣ ਵਾਲਿਆਂ ਦੀ ਟੀਮ ਵਿੱਚ ਸ਼ਾਮਲ ਹੋਣਾ ਵੀ ਸ਼ੱਕੀ ਬਣਦਾ ਹੈ ਕੀ ਕਿਤੇ ਇਹ ਬੱਚੇ ਕਿਸੇ ਦੂਸਰੇ ਦੇ ਤਾਂ ਨਹੀ ਜਿਹਨਾਂ ਦਾ ਅਪਹਰਣ ਕਰਕੇ ਇਸ ਧੰਦੇ ਵਿੱਚ ਲਾਇਆ ਹੋਵੇ। ਇਸ ਦਾ ਵੀ ਪਤਾ ਕਰਨਾ ਜਰੂਰੀ ਬਣਦਾ ਜਾ ਰਿਹਾ ਹੈ। ਬੱਚਿਆਂ ਦੀ ਇਹ ਨਰਕ ਵਾਂਗ ਜ਼ਿੰਦਗੀ ਇਕ ਵੱਡੀ ਚਿੰਤਾ ਦਾ ਵਿਸ਼ਾ ਬਣ ਗਈ ਹੈ। ਇਹ ਸਿਰਫ ਕਾਨੂੰਨੀ ਮੁੱਦਾ ਨਹੀਂ, ਬਲਕਿ ਮਾਨਵ ਅਧਿਕਾਰਾਂ ਦੀ ਉਲੰਘਣਾ ਹੈ।
ਦੇਹ ਵਪਾਰ ਦੀ ਚੋਟ
ਨਕੋਦਰ ਵਿੱਚ ਭਿਖਾਰਣਾ ਦੀ ਇਕ ਹੋਰ ਡਰਾਉਣੀ ਸਚਾਈ ਦਾ ਪਤਾ ਲੱਗਾ ਹੈ ਪਹਿਲਾਂ ਇਹ ਕੋਈ ਖਾਲੀ ਜਗ੍ਹਾ ਵੇਖਦੇ ਹਨ, ਜਿਵੇ ਦੁਕਾਨ, ਬਿਲਡਿੰਗ, ਖੋਲਾ ਆਦਿ ਫਿਰ ਇਸਨੂੰ ਦੇਹ ਵਪਾਰ ਦੇ ਕੇਂਦਰ ਵਜੋਂ ਵਰਤ ਰਹੇ ਹਨ। ਇਹ ਮਰਦਾਂ ਨੂੰ ਅਕਸਰ 50, 100, 200 ਰੁਪਏ ਵਿੱਚ ਦੇਹ-ਵਪਾਰ ਵੀ ਚਲਾਉਂਦੀਆ ਹਨ। ਲੋਕ ਕਹਿ ਰਹੇ ਹਨ ਕਿ ਇਹ ਸਿਰਫ ਇੱਕ ਸਮੱਸਿਆ ਨਹੀਂ ਰਹੀ, ਸਗੋਂ ਅਜਿਹਾ ਜਾਲ ਬਣ ਚੁੱਕਾ ਹੈ ਜਿੱਥੇ ਲੋਕਾਂ ਦੇ ਜੀਵਨ, ਸੰਕਲਪਾਂ ਅਤੇ ਮਾਨ-ਮਰਯਾਦਾ ‘ਤੇ ਕਬਜ਼ਾ ਕੀਤਾ ਜਾ ਰਿਹਾ ਹੈ। ਇਨ੍ਹਾਂ ਅਣੈਤਿਕ ਕਿਰਿਆਵਾਂ ਨੇ ਨਕੋਦਰ ਦੇ ਬੀਤੇ ਸਮੇਂ ਦੇ ਸ਼ਰਾਫਤ ਭਰੇ ਇਤਿਹਾਸ ਨੂੰ ਦਾਗ਼ਦਾਰ ਕੀਤਾ ਹੈ।
ਪ੍ਰਸ਼ਾਸ਼ਨ ਦੀ ਲਾਪਰਵਾਹੀ: ਲੋਕ ਪਰੇਸ਼ਾਨ
ਸਥਿਤੀ ਇੰਨੀ ਖਰਾਬ ਹੈ ਕਿ ਸਥਾਨਕ ਲੋਕ ਸਿਰਫ ਆਪਣੀਆਂ ਜਾਇਦਾਦਾਂ ਅਤੇ ਵਪਾਰਾਂ ਨੂੰ ਬਚਾਉਣ ਦੇ ਚਿੰਤਾਵਾਂ ਵਿੱਚ ਹੀ ਨਹੀਂ ਹਨ, ਸਗੋਂ ਉਹਨਾਂ ਦੇ ਪਰਿਵਾਰਾਂ ਦੀ ਸੁਰੱਖਿਆ ਵੀ ਇੱਕ ਮੁੱਦਾ ਬਣ ਗਈ ਹੈ। ਪ੍ਰਸ਼ਾਸ਼ਨ ਪੂਰੀ ਤਰ੍ਹਾਂ ਸੁੱਤਾ ਹੋਇਆ ਲੱਗਦਾ ਹੈ ਜਾਂ ਬੇਪਰਵਾਹ ਹੋ ਚੁੱਕਾ ਹੈ। ਲੋਕਾਂ ਦਾ ਕਹਿਣਾ ਹੈ ਕਿ ਕਈ ਵਾਰ ਸੂਚਨਾਵਾਂ ਦੇ ਮੱਤ ਲਿਆਉਣ ਦੇ ਬਾਵਜੂਦ, ਇਨ੍ਹਾਂ ਭਿਖਾਰੀਆਂ ਅਤੇ ਅਜਿਹੀਆਂ ਗੈਰਕਾਨੂੰਨੀ ਕਿਰਿਆਵਾਂ ਵਿਰੁੱਧ ਕੋਈ ਕਠੋਰ ਕਾਰਵਾਈ ਨਹੀਂ ਕੀਤੀ ਗਈ। ਲੋਕਾਂ ਨੇ ਕਈ ਵਾਰ ਇਸ ਬਾਰੇ ਪ੍ਰਸ਼ਾਸ਼ਨ ਨੂੰ ਜਾਣਕਾਰੀ ਦਿੱਤੀਆਂ ਹਨ, ਪਰ ਪ੍ਰਸ਼ਾਸ਼ਨ ਦੀ ਬੇਹੋਸ਼ੀ ਦੇ ਕਾਰਨ ਕੋਈ ਵੀ ਨਤੀਜਾ ਨਹੀਂ ਨਿਕਲਿਆ।
ਪ੍ਰਸ਼ਾਸ਼ਨ ਨੂੰ ਕੜੇ ਕਦਮ ਚੁੱਕਣ ਦੀ ਲੋੜ
ਇਹ ਸਮਾਂ ਹੈ ਕਿ ਪ੍ਰਸ਼ਾਸ਼ਨ ਅੱਖਾਂ ਖੋਲ ਕੇ ਜ਼ਮੀਨੀ ਹਾਲਾਤਾਂ ਦਾ ਜ਼ਾਇਜ਼ਾ ਲਵੇ। ਸਿਰਫ ਬੈਠ ਕੇ ਦੇਖਦੇ ਰਹਿਣ ਨਾਲ ਸਮੱਸਿਆ ਹੱਲ ਨਹੀਂ ਹੋਵੇਗੀ। ਜੇਕਰ ਇਸ ਵਧਦੀ ਹੋਈ ਸਮੱਸਿਆ ਨੂੰ ਰੋਕਣ ਲਈ ਫੌਰੀ ਕਾਰਵਾਈ ਨਹੀਂ ਕੀਤੀ ਗਈ, ਤਾਂ ਨਕੋਦਰ ਸ਼ਹਿਰ ਇੱਕ ਅਜਿਹੇ ਹਾਲਾਤ ਵਿੱਚ ਪਹੁੰਚ ਜਾਵੇਗਾ ਜਿੱਥੇ ਲੋਕਾਂ ਲਈ ਰਹਿਣ ਅਤੇ ਕਮਾਉਣ ਬਹੁਤ ਮੁਸ਼ਕਲ ਹੋ ਜਾਵੇਗਾ। ਸਿਰਫ ਇਹੀ ਨਹੀਂ, ਇਹਨਾਂ ਦੀ ਜ਼ਿੰਦਗੀ ਵੀ ਅਨਸੁਰੱਖਿਅਤ ਹੋਵੇਗੀ। ਪ੍ਰਸ਼ਾਸ਼ਨ ਨੂੰ ਚਾਹੀਦਾ ਹੈ ਕਿ ਨਕੋਦਰ ਸ਼ਹਿਰ ਵਿੱਚ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਭਿਖਾਰੀਆਂ ਦਾ ਰੇਕੀ ਕਰਕੇ, ਉਨ੍ਹਾਂ ਦੀਆਂ ਗਤੀਵਿਧੀਆਂ ਨੂੰ ਕਾਬੂ ਕਰਨ ਲਈ ਪੂਰਾ ਪ੍ਰੋਗਰਾਮ ਤਿਆਰ ਕੀਤਾ ਜਾਵੇ। ਜੇਕਰ ਸਥਿਤੀ ਕਾਬੂ ‘ਚ ਨਾ ਆਈ, ਤਾਂ ਸ਼ਹਿਰ ਦੇ ਰਹਿਣ ਵਾਲਿਆਂ ਦੀ ਸੁਰੱਖਿਆ, ਸਫਾਈ ਅਤੇ ਮਾਨਮਰਯਾਦਾ ਦਾ ਮੁੱਲ ਚੁਕਾਉਣਾ ਪਵੇਗਾ। ਇਹ ਸਿਰਫ ਇੱਕ ਵਿਅਕਤੀ ਜਾਂ ਸੰਗਠਨ ਦੀ ਮੰਗ ਨਹੀਂ, ਸਗੋਂ ਪੂਰੇ ਨਕੋਦਰ ਵਾਸੀਆਂ ਦੀ ਇਹ ਬੇਨਤੀ ਹੈ ਕਿ ਇਨ੍ਹਾਂ ਭਿਖਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।
ਭਿਖਾਰੀਆਂ ਦੀ ਸਮਸਿਆ ਦਾ ਹੱਲ
ਨਕੋਦਰ ਵਿੱਚ ਭਿਖਾਰੀਆਂ ਦੀ ਵਧ ਰਹੀ ਸਮੱਸਿਆ ਨੂੰ ਹੱਲ ਕਰਨ ਲਈ ਕੁਝ ਮੁੱਖ ਕਦਮ ਚੁੱਕਣ ਦੀ ਲੋੜ ਹੈ। ਪਹਿਲਾਂ, ਭਿਖਾਰੀਆਂ ਦੀ ਪਛਾਣ ਅਤੇ ਰਜਿਸਟ੍ਰੇਸ਼ਨ ਕਰਕੇ ਇਹ ਪਤਾ ਲਗਾਇਆ ਜਾਵੇ ਕਿ ਉਨ੍ਹਾਂ ਦੀ ਮਜਬੂਰੀ ਕੀ ਹੈ ਜਾਂ ਉਨ੍ਹਾਂ ਦੇ ਪਿੱਛੇ ਕੋਈ ਮਾਫ਼ੀਆ ਹੈ। ਇਸ ਤੋਂ ਬਾਅਦ, ਪੁਨਰਵਾਸ ਅਤੇ ਕੌਸ਼ਲ ਵਿਕਾਸ ਪ੍ਰੋਗਰਾਮ ਸ਼ੁਰੂ ਕਰਕੇ ਇਨ੍ਹਾਂ ਲੋਕਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ ਜਾਣ, ਜਿਸ ਨਾਲ ਉਹ ਭੀਖ ਮੰਗਣ ਦੀ ਬਜਾਏ ਖੁਦਮੁਖਤਿਆਰ ਬਣ ਸਕਣ। ਕਾਨੂੰਨੀ ਰੋਕ ਨਾਲ ਭਿੱਖ ਮੰਗਣ ਵਾਲਿਆਂ ਤੇ ਜੁਰਮਾਨੇ ਲਗਾ ਕੇ ਸਖ਼ਤ ਕਾਰਵਾਈ ਕੀਤੀ ਜਾਵੇ। ਬੱਚਿਆਂ ਨੂੰ ਭੀਖ ਮੰਗਣ ਲਈ ਮਜਬੂਰ ਕਰਨ ਵਾਲਿਆਂ ਉੱਪਰ ਖਾਸ ਧਿਆਨ ਦਿੱਤਾ ਜਾਵੇ ਅਤੇ ਉਨ੍ਹਾਂ ਦੀ ਸੁਰੱਖਿਆ ਲਈ ਵਿਸ਼ੇਸ਼ ਕਦਮ ਚੁੱਕੇ ਜਾਣ। ਸਾਥ ਹੀ, ਲੋਕਾਂ ਵਿੱਚ ਜਾਗਰੂਕਤਾ ਫੈਲਾਈ ਜਾਵੇ ਕਿ ਉਹ ਭਿਖਾਰੀਆਂ ਨੂੰ ਪੈਸਾ ਨਾ ਦੇਣ, ਜੋ ਇਸ ਸਮੱਸਿਆ ਨੂੰ ਵਧਾਉਂਦਾ ਹੈ। ਪੁਲੀਸ ਦੀ ਸਖ਼ਤ ਨਿਗਰਾਨੀ ਅਤੇ ਸਜ਼ਾਵਾਂ ਦੇਣ ਨਾਲ ਜੇਬ ਕੱਟਣ, ਗੁਟਕਾ ਸੁੱਟਣ ਅਤੇ ਹੋਰ ਅਪਰਾਧਾਂ ‘ਤੇ ਵੀ ਰੋਕ ਲਾਈ ਜਾ ਸਕਦੀ ਹੈ। ਇਸਦੇ ਨਾਲ ਸਥਿਤੀ ਨੂੰ ਬਿਹਤਰ ਕੀਤਾ ਜਾ ਸਕਦਾ ਹੈ।