ਨਕੋਦਰ: ਪਿੰਡ ਆਲੋਵਾਲ ਵਿੱਚ ਨਵੇਂ ਮੁੜ ਚੁਣੇ ਗਏ ਸਰਪੰਚ ਹਰਪ੍ਰੀਤ ਸਿੰਘ (ਹੈਪੀ) ਅਤੇ ਨਵੀਂ ਚੁਣੀ ਗਈ ਪੰਚਾਇਤ ਵੱਲੋਂ ਪਿੰਡ ਵਾਸੀਆਂ ਦੇ ਸ਼ੁਕਰਾਨੇ ਵਜੋਂ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ। ਇਹ ਸ਼ੁਕਰਾਨਾ ਸਮਾਗਮ ਸਥਾਨਕ ਗੁਰਦੁਆਰਾ ਸਾਹਿਬ ਵਿਖੇ ਹੋਇਆ, ਜਿਸ ਦਾ ਮੁੱਖ ਉਦੇਸ਼ ਪਿੰਡ ਦੇ ਸਾਰੇ ਵਾਸੀਆਂ ਦੀ ਮਿਹਨਤ ਅਤੇ ਭਰੋਸੇ ਨੂੰ ਸਨਮਾਨ ਦੇਣਾ ਸੀ। ਇਸ ਮੌਕੇ ‘ਤੇ ਗੁਰਦੁਆਰੇ ਵਿੱਚ ਸਵੇਰੇ 10 ਵਜੇ ਤੋਂ ਸ਼ੁਰੂ ਹੋਏ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਨੇ ਪਿੰਡ ਦੇ ਲੋਕਾਂ ਨੂੰ ਆਤਮਕ ਸੁਖ ਅਤੇ ਸ਼ਾਂਤੀ ਪ੍ਰਦਾਨ ਕੀਤੀ। ਪਾਠ ਦੀ ਸਮਾਪਤੀ ਤੋਂ ਬਾਅਦ ਪਿੰਡ ਵਾਸੀਆਂ ਦੀ ਭਲਾਈ ਅਤੇ ਪਿੰਡ ਦੇ ਚਿਰਕਾਲੀ ਖੁਸ਼ਹਾਲੀ ਲਈ ਅਰਦਾਸ ਕੀਤੀ ਗਈ।
ਸਮਾਗਮ ਵਿੱਚ ਪਿੰਡ ਦੇ ਹਰੇਕ ਪਰਿਵਾਰ ਨੂੰ ਸ਼ਾਮਿਲ ਹੋਣ ਲਈ ਵਿਸ਼ੇਸ਼ ਸੱਦਾ ਭੇਜਿਆ ਗਿਆ ਸੀ, ਜਿਸ ਵਿੱਚ ਪਿੰਡ ਵਾਸੀਆਂ ਨੇ ਬੜੇ ਚਾਅ ਅਤੇ ਸ਼ਰਧਾ ਨਾਲ ਹਿੱਸਾ ਲਿਆ। ਸਵੇਰ ਤੋਂ ਹੀ ਦਾਵਤ ਵਿੱਚ ਚਾਹ ਪਕੌੜਿਆਂ ਦਾ ਲੰਗਰ ਚੱਲ ਰਿਹਾ ਸੀ ਅਤੇ ਪਾਠ ਪੂਰੇ ਹੋਣ ਤੋਂ ਬਾਅਦ ਸਭ ਨੂੰ ਗੁਰੂ ਦੇ ਲੰਗਰ ਵਿੱਚ ਸ਼ਾਮਿਲ ਹੋਣ ਦਾ ਨਿਮੰਤਰਣ ਦਿੱਤਾ ਗਿਆ। ਲੰਗਰ ਦਾ ਪ੍ਰਬੰਧ ਪੰਚਾਇਤ ਦੁਆਰਾ ਕੀਤਾ ਗਿਆ, ਜਿਸ ਵਿੱਚ ਸਭ ਦੇ ਸਹਿਯੋਗ ਅਤੇ ਭਾਈਚਾਰੇ ਦਾ ਇੱਕਜੁਟ ਪ੍ਰਗਟ ਹੋਇਆ। ਹਰਪ੍ਰੀਤ ਸਿੰਘ ਨੇ ਸਾਰੀ ਗ੍ਰਾਮ ਪੰਚਾਇਤ ਵਲੋਂ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਅਤੇ ਆਸ ਵਿਆਕਤ ਕੀਤੀ ਕਿ ਨਵੀਂ ਚੁਣੀ ਪੰਚਾਇਤ ਪਿੰਡ ਦੇ ਵਿਕਾਸ ਲਈ ਸੱਚੀ ਲਗਨ ਅਤੇ ਇਮਾਨਦਾਰੀ ਨਾਲ ਕੰਮ ਕਰੇਗੀ।
ਇਸ ਸਮਾਗਮ ਵਿੱਚ ਨਕੋਦਰ ਅਤੇ ਆਲੇ-ਦੁਆਲੇ ਦੇ ਕਈ ਪ੍ਰਮੁੱਖ ਵਿਅਕਤੀਆਂ ਨੇ ਵੀ ਹਾਜ਼ਰੀ ਭਰੀ। ਹਲਕਾ ਵਿਧਾਇਕਾ ਬੀਬੀ ਇੰਦਰਜੀਤ ਕੌਰ ਮਾਨ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਮੌਜੂਦ ਸਨ। ਆਪਣੇ ਸੰਬੋਧਨ ਵਿੱਚ ਉਨ੍ਹਾਂ ਨੇ ਹਰਪ੍ਰੀਤ ਸਿੰਘ ਅਤੇ ਪੰਚਾਇਤ ਦੇ ਸਮਾਜਿਕ ਅਤੇ ਵਿਕਾਸੀ ਕੰਮਾਂ ਦੀ ਭਰਪੂਰ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਕਿਹਾ ਕਿ ਇਹ ਪਿੰਡ ਆਪਣੇ ਭਾਈਚਾਰੇ ਦੇ ਸੱਚੇ ਰਿਸ਼ਤੇ ਅਤੇ ਇੱਕਜੁਟਤਾ ਲਈ ਮਿਸਾਲ ਕਾਇਮ ਕਰ ਰਿਹਾ ਹੈ, ਜਿਸ ਦੀ ਹਰ ਪਾਸੇ ਸਰਾਹਨਾ ਕੀਤੀ ਜਾਂਦੀ ਹੈ। ਬੀਬੀ ਮਾਨ ਨੇ ਪਿੰਡ ਦੀਆਂ ਪ੍ਰਗਤੀਸ਼ੀਲ ਯੋਜਨਾਵਾਂ ਤੇ ਸੰਭਾਵਨਾਵਾਂ ਨੂੰ ਸਮਰਥਨ ਦੇਣ ਦਾ ਭਰੋਸਾ ਦਿਵਾਇਆ ਅਤੇ ਕਿਹਾ ਕਿ ਉਹ ਪਿੰਡ ਦੇ ਵਿਕਾਸ ਲਈ ਹਰ ਸੰਭਵ ਯਤਨ ਕਰਨਗੇ।
ਸਮਾਗਮ ਦੌਰਾਨ ਆਲੇ-ਦੁਆਲੇ ਦੇ ਕਈ ਪਤਵੰਤੇ ਸੱਜਣਾ ਨੂੰ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਵਿੱਚ ਪੰਚਾਇਤੀ ਮੈਂਬਰਾਂ ਤੋਂ ਇਲਾਵਾ ਸ਼ਾਇਦ ਹੀ ਕੋਈ ਪਿੰਡ ਦਾ ਵਾਸੀ ਸੀ ਜਾਂ ਫਿਰ ਕਹਿ ਸਕਦੇ ਹਾਂ ਕਿ ਪੰਚਾਇਤ ਨੂੰ ਆਪਣੇ ਪਿੰਡ ਵਿੱਚ ਕੋਈ ਸਨਮਾਨਯੋਗ ਵਿਆਕਤੀ ਨਹੀ ਲੱਗਾ। ਇਹ ਵੀ ਸਭਾਵਿਕ ਹੈ ਕਿ ਇਸ ਬਾਰੇ ਮੈਨੂੰ ਜਾਣਕਾਰੀ ਨਾ ਹੋਵੇ, ਪਰ ਮੇਰੀ ਹਾਜ਼ਰੀ ਵਿੱਚ ਅਜਿਹਾ ਨਹੀ ਦੇਖਿਆ ਗਿਆ। ਇੱਕ ਸਮੇਂ ਅਜਿਹਾ ਵੀ ਲੱਗਾ ਜਿਵੇਂ ਕਿ ਇਹ ਪਿੰਡ ਵਾਸੀਆਂ ਦਾ ਸ਼ੁਕਰਾਨਾ ਘੱਟ ਅਤੇ ਆਮ ਆਦਮੀ ਪਾਰਟੀ ਦੇ ਕਾਰਜ਼ਕਰਤਾਂਵਾਂ ਦਾ ਸਨਮਾਨ ਸਮਾਰੋਹ ਵੱਧ ਹੋਵੇ। ਇੱਥੇ ਕੁੱਝ ਵਿਅਕਤੀਆਂ ਵਿੱਚ ਇਸ ਗੱਲ ਦੀ ਅਸ਼ੰਕਾਂ ਵੀ ਜਤਾਈ ਜਾ ਰਹੀ ਸੀ ਕਿ ਇਹ ਸਮਾਗਮ ਆਪਣਾ ਰਾਜਸੀ ਨਜ਼ਰਾਂ ਵਿੱਚ ਵਰਚੱਸਵ ਦਿਖਾਉਣ ਦਾ ਢੰਗ ਬਣਾਇਆ ਗਿਆ। ਇੱਥੇ ਇੱਕ ਨਿੱਜੀ ਸਲਾਹ ਹੈ ਕਿ ਪਿੰਡ ਦੀ ਪੰਚਾਇਤ ਵਲੋਂ ਜਦੋਂ ਵੀ ਕੋਈ ਪਿੰਡ ਪੱਧਰ ਤੇ ਸਮੂਹਿਕ ਸਮਾਗਮ ਹੁੰਦਾ ਹੈ ਆਪਣੇ ਪਿੰਡ ਦੇ ਟੈਲੇਂਟੈਡ (ਗੁਣਵਾਨ) ਵਿਆਕਤੀਆਂ ਨੂੰ ਸਨਮਾਨਿਤ ਜਰੂਰ ਕਰਿਆ ਕਰੇ ਤਾਂ ਜੋ ਬਾਹਰੌਨ ਆਏ ਲੋਕ ਵੀ ਪਿੰਡ ਵਿਚਲੇ ਗੁਣਵਾਨ ਵਿਆਕਤੀਆਂ ਤੋਂ ਜਾਣੂ ਹੋ ਸਕਣ।
ਅੱਗੇ ਗੱਲ ਕਰਦੇ ਹਾਂ ਤਾਂ ਸਮਾਗਮ ਦੌਰਾਨ ਗ੍ਰਾਮ ਪੰਚਾਇਤ ਦੇ ਮੈਂਬਰਾਂ ਨੇ ਵੀ ਪਿੰਡ ਦੇ ਵਿਕਾਸ ਲਈ ਆਪਣੇ ਸੁਰੱਖਿਅਤ ਰੂਪ-ਰੇਖਾ ਸੰਬੰਧੀ ਵਿਚਾਰ ਸਾਂਜੇ ਕੀਤੇ। ਪੰਚਾਇਤ ਦੇ ਮੈਂਬਰਾਂ ਨੇ ਪਿੰਡ ਵਿੱਚ ਸਫਾਈ, ਸਿੱਖਿਆ ਅਤੇ ਬੁਨਿਆਦੀ ਸਹੂਲਤਾਂ ਲਈ ਯਤਨ ਕਰਨ ਦਾ ਵਾਅਦਾ ਕੀਤਾ। ਇਸ ਸ਼ੁਕਰਾਨਾ ਸਮਾਗਮ ਦਾ ਸਭ ਤੋਂ ਵੱਡਾ ਮੰਤਵ ਪਿੰਡ ਵਾਸੀਆਂ ਨੂੰ ਇੱਕ ਜੁਟ ਕਰਨਾ ਅਤੇ ਭਾਈਚਾਰੇ ਦੇ ਮਹੱਤਵ ਨੂੰ ਉਭਾਰਨਾ ਸੀ। ਸਾਰੇ ਪਿੰਡ ਵਾਸੀਆਂ ਨੇ ਆਪਣੀ ਨਵੀਂ ਪੰਚਾਇਤ ਲਈ ਭਰਪੂਰ ਸਮਰਥਨ ਦਾ ਪ੍ਰਗਟਾਵਾ ਕੀਤਾ ਅਤੇ ਇਸ ਮੌਕੇ ਨੂੰ ਪਿੰਡ ਦੇ ਵਿਕਾਸ ਲਈ ਇਕ ਨਵੀਂ ਸ਼ੁਰੂਆਤ ਮੰਨਿਆ। ਸਮਾਗਮ ਦੇ ਅੰਤ ਵਿੱਚ ਹਰਪ੍ਰੀਤ ਸਿੰਘ ਨੇ ਆਪਣੇ ਭਰੋਸੇ ਨੂੰ ਪ੍ਰਗਟ ਕਰਦੇ ਹੋਏ ਕਿਹਾ ਕਿ ਪਿੰਡ ਦੀ ਅੱਗੇ ਵਾਲੀ ਯਾਤਰਾ ਵਿੱਚ ਸਭ ਦੇ ਸਹਿਯੋਗ ਦੀ ਲੋੜ ਹੈ, ਅਤੇ ਉਹ ਪਿੰਡ ਨੂੰ ਅੱਗੇ ਵਧਾਉਣ ਲਈ ਹਮੇਸ਼ਾਂ ਸੰਕਲਪਬੱਧ ਰਹਿਣਗੇ।ਇਸ ਸਮਾਗਮ ਨੇ ਪਿੰਡ ਵਿੱਚ ਭਾਈਚਾਰੇ ਅਤੇ ਇੱਕਜੁਟਤਾ ਦੀ ਮਿਸਾਲ ਕਾਇਮ ਕੀਤੀ, ਜਿਸ ਨਾਲ ਪਿੰਡ ਦੇ ਹਰ ਪਰਿਵਾਰ ਨੂੰ ਸੱਚੇ ਤੌਰ ‘ਤੇ ਗੁਰਦੁਆਰਾ ਸਾਹਿਬ ਵਿੱਚ ਆਤਮਕ ਤਾਜਗੀ ਅਤੇ ਮਿਲਾਪ ਦਾ ਅਹਿਸਾਸ ਹੋਇਆ।
ਨਵੀਂ ਚੁਣੀ ਗਈ ਪੰਚਾਇਤ ਦਾ ਵੇਰਵਾ:
ਨਾਮ | ਪੰਚਾਇਤ ਅਹੁੱਦਾ | ਵਾਰਡ ਨੰਬਰ | ਮੋਬਾਇਲ ਨੰਬਰ |
---|---|---|---|
ਹਰਪ੍ਰੀਤ ਸਿੰਘ ਪੁੱਤਰ ਸੁਲੱਖਣ ਸਿੰਘ | ਸਰਪੰਚ | ਆਲੋਵਾਲ | 9815914283 |
ਵਿਜੈ ਕੁਮਾਰ ਪੁੱਤਰ ਬਚਨ ਰਾਮ | ਪੰਚ | 01 | 7355414031 |
ਹਰਪਾਲ ਕੌਰ ਪਤਨੀ ਗੁਰਮੀਤ ਪਾਲ | ਪੰਚ | 02 | 9915355358 |
ਪਰਮਜੀਤ ਕੌਰ ਪਤਨੀ ਪਰਮਜੀਤ | ਪੰਚ | 03 | 9593541859 |
ਹਰਦੀਪ ਸਿੰਘ ਪੁੱਤਰ ਗੁਰਦੇਵ ਸਿੰਘ | ਪੰਚ | 04 | 9776151744 |
ਬਲਦੇਵ ਪੁੱਤਰ ਜੁਗਿੰਦਰ ਰਾਮ | ਪੰਚ | 05 | 9855676062 |
ਸਰਬਜੀਤ ਸਿੰਘ ਪੁੱਤਰ ਗੁਰਪਾਲ ਸਿੰਘ | ਪੰਚ | 06 | 7087478453 |
ਬਲਵੀਰ ਕੌਰ ਪਤਨੀ ਦਲਬੀਰ ਸਿੰਘ | ਪੰਚ | 07 | 9779965911 |