Gangster Lawrence Bishnoi Interview Case : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਕਿ ਉਹ ਖਤਰਨਾਕ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਖਰੜ ਪੁਲਿਸ ਥਾਣੇ ਵਿੱਚ ਇੰਟਰਵਿਊ ਦੀ ਨਿਗਰਾਨੀ ਦੀ ਨੈਤਿਕ ਜ਼ਿੰਮੇਵਾਰੀ ਲੈਣ ਅਤੇ ਉਹਨਾਂ ਨੇ ਇੰਟਰਵਿਊ ਕਰਵਾਉਣ ਲਈ ਜ਼ਿੰਮੇਵਾਰ ਪੁਲਿਸ ਅਫਸਰਾਂ ਨੂੰ ਮਿਸਾਲੀ ਸਜ਼ਾ ਦੇਣ ਦੀ ਮੰਗ ਕੀਤੀ।
ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਭਾਵੇਂ ਆਮ ਆਦਮੀ ਪਾਰਟੀ (ਆਪ) ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਿਸ਼ਨੋਈ ਦੀ ਇੰਟਰਵਿਊ ਪੰਜਾਬ ਦੀ ਜੇਲ੍ਹ ਵਿੱਚ ਹੋਣ ਦਾ ਖੰਡਨ ਕੀਤਾ ਸੀ, ਪਰ ਵਿਸ਼ੇਸ਼ ਜਾਂਚ ਟੀਮ (ਐਸ ਆਈ ਟੀ) ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸੌਂਪੀ ਰਿਪੋਰਟ ਵਿੱਚ ਸਪਸ਼ਟ ਹੋ ਗਿਆ ਹੈ ਕਿ ਇੰਟਰਵਿਊ ਖਰੜ ਪੁਲਿਸ ਥਾਣੇ ਵਿੱਚ ਹੋਈ ਹੈ।
ਮਜੀਠੀਆ ਨੇ ਕਿਹਾ ਕਿ ਇਹ ਵੀ ਸਾਹਮਣੇ ਆਇਆ ਹੈ ਕਿ ਖਰੜ ਵਿੱਚ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਉਸ ਵੇਲੇ ਹੋਈ ਜਦੋਂ ਉਹ ਪੁਲਿਸ ਰਿਮਾਂਡ ’ਤੇ ਸੀ ਅਤੇ ਮੁੱਖ ਮੰਤਰੀ ਦੀ ਸਿੱਧੀ ਨਿਗਰਾਨੀ ਹੇਠ ਸੀਨੀਅਰ ਪੁਲਿਸ ਅਫਸਰ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਮਲੇ ਵਿੱਚ ਉਸਦੀ ਭੂਮਿਕਾ ਦੀ ਜਾਂਚ ਕਰ ਰਹੇ ਸਨ। ਉਹਨਾਂ ਕਿਹਾ ਕਿ ਅਜਿਹਾ ਤਾਂ ਹੀ ਹੋ ਸਕਦਾ ਹੈ ਜੇਕਰ ਸਰਕਾਰ ਦੀ ਪੁਸ਼ਤਪਨਾਹੀ ਹਾਸਲ ਹੋਵੇ ਅਤੇ ਮੁੱਖ ਮੰਤਰੀ ਹੁਣ ਦੱਸਣ ਕਿ ਉਹਨਾਂ ਦੀ ਸਰਕਾਰ ਦਿੱਲੀ ਦੀ ਆਪ ਸਰਕਾਰ ਵਾਂਗੂ ਬਿਸ਼ਨੋਈ ਦੀ ਪੁਸ਼ਤਪਨਾਈ ਕਿਉਂ ਕਰ ਰਹੀ ਸੀ। ਉਹਨਾਂ ਇਹ ਵੀ ਮੰਗ ਕੀਤੀ ਕਿ ਪੁਲਿਸ ਥਾਣੇ ਵਿਚ ਜਿਹੜੇ ਅਫਸਰਾਂ ਨੇ ਟੀਵੀ ਇੰਟਰਵਿਊ ਕਰਵਾਈ ਉਹਨਾਂ ਨੂੰ ਮਿਸਾਲੀ ਸਜ਼ਾ ਦਿੱਤੀ ਜਾਵੇ।
ਉਹਨਾਂ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਮੁੱਖ ਮੰਤਰੀ ਆਪਣਾ ਫਰਜ਼ ਨਿਭਾਉਣ ਵਿੱਚ ਨਾਕਾਮ ਪਾਏ ਗਏ ਹੋਣ। ਉਹਨਾਂ ਕਿਹਾ ਕਿ ਮੂਸੇਵਾਲਾ ਨੂੰ ਕਤਲ ਕਰਨ ਦੀ ਸਾਜ਼ਿਸ਼ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਰਚੀ ਗਈ ਜੋ ਕਿ ਸਿੱਧਾ ਆਪ ਸਰਕਾਰ ਦੇ ਕੰਟਰੋਲ ਹੇਠ ਹੈ। ਉਹਨਾਂ ਕਿਹਾ ਕਿ ਇਹ ਵੀ ਸਪਸ਼ਟ ਹੈ ਕਿ ਮੁੱਖ ਮੰਤਰੀ ਨੇ ਨਾਂ ਸਿਰਫ ਮੂਸੇਵਾਲਾ ਦੀ ਸੁਰੱਖਿਆ ਵਾਪਸ ਲਈ ਬਲਕਿ ਇਸਦਾ ਪ੍ਰਚਾਰ ਵੀ ਕੀਤਾ। ਉਹਨਾਂ ਕਿਹਾ ਕਿ ਹੁਣ ਸਪਸ਼ਟ ਹੋ ਗਿਆ ਹੈ ਕਿ ਬਿਸ਼ਨੋਈ ਦੀ ਇੰਟਰਵਿਊ ਪੰਜਾਬ ਵਿੱਚ ਆਪ ਸਰਕਾਰ ਦੀ ਪੁਸ਼ਤਪਨਾਹੀ ਹੇਠ ਹੋਈ।
ਮੁੱਖ ਮੰਤਰੀ ਮਾਨ ਦੇਣ ਅਸਤੀਫਾ
ਮਜੀਠੀਆ ਨੇ ਕਿਹਾ ਕਿ ਭਗਵੰਤ ਮਾਨ ਸੂਬਾ ਚਲਾਉਣ ਦੇ ਸਮਰਥ ਨਹੀਂ ਹਨ ਤੇ ਉਹਨਾਂ ਨੇ ਗੈਂਗਸਟਰਾਂ ਨੂੰ ਖੁੱਲ੍ਹੀ ਛੁੱਟੀ ਦੇ ਰੱਖੀ ਹੈ। ਉਹਨਾਂ ਕਿਹਾ ਕਿ ਇਹ ਗੱਲ ਇਥੋਂ ਹੀ ਸਪਸ਼ਟ ਹੋ ਜਾਂਦੀ ਹੈ ਕਿ ਪੰਜਾਬ ਦੀਆਂ ਜੇਲ੍ਹਾਂ ਵਿਚੋਂ ਗੈਂਗਸਟਰਾਂ ਨੇ 43 ਹਜ਼ਾਰ ਫੋਨ ਕਾਲਾਂ ਕੀਤੀਆਂ ਹਨ। ਉਹਨਾਂ ਕਿਹਾ ਕਿ ਹੁਣ ਜਦੋਂ ਸਾਰੀ ਗੱਲ ਮੁੱਖ ਮੰਤਰੀ ’ਤੇ ਆ ਗਈ ਹੈ ਤਾਂ ਭਗਵੰਤ ਮਾਨ ਨੂੰ ਤੁਰੰਤ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ।
ਇਹ ਵੀ ਪੜ੍ਹੋ : Covid Back in India : ਕੋਰੋਨਾ ਦੀ ਵਾਪਸੀ ! ਇਸ ਸੂਬੇ ’ਚ 3 ਲੋਕ ਕੋਰੋਨਾ ਪਾਜ਼ੀਟਿਵ
https://www.ptcnews.tv/news-in-punjabi/lawrence-bishnoi-interview-case-bikram-singh-majithia-demands-cm-bhagwant-mann-resignation-4395529
Source link