ਪੰਜਾਬੀ ਸਾਹਿਤ ਸਭਾ ਦੀਨਾਨਗਰ ਵਲੋਂ ” ਨਿਕਾਸੀ ਪਾਰਕ ਦੀਨਾਨਗਰ” ਵਿਖੇ ਨਵੇਂ ਸਾਲ 2024 ਦੀ ਆਮਦ ‘ਤੇ ਕਵੀ ਦਰਬਾਰ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਪਠਾਨਕੋਟ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਮੁੱਖ ਮਹਿਮਾਨ ਪ੍ਰਸਿੱਧ ਗ਼ਜ਼ਲਗੋ ਜਨਾਬ ਪਾਲ ਗੁਰਦਾਸਪੁਰੀ, ਉੱਘੇ ਕਵੀ ਸ਼੍ਰੀ ਬਿਸ਼ਨ ਦਾਸ ‘ ਬਿਸ਼ਨ ‘ ਅਤੇ ਸ਼੍ਰੀ ਸੁਰਜੀਤ ਪਾਲ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ. ਸਿਖਿਆ) ਗੁਰਦਾਸਪੁਰ (ਰਿਟਾ.)ਨੇ ਕੀਤੀ। ਪ੍ਰਿੰਸੀਪਲ ਅਸ਼ਵਨੀ ਕੁਮਾਰ, ਪ੍ਰਿੰਸੀਪਲ ਪੂਰਨ ਚੰਦ ਅਤੇ ਪ੍ਰਿੰਸੀਪਲ ਬੂਟੀ ਰਾਮ ਜੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਪੰਜਾਬੀ ਸਾਹਿਤ ਸਭਾ ਦੀਨਾਨਗਰ ਦੇ ਪ੍ਰਧਾਨ ਸ਼੍ਰੀ ਅਮਰਜੀਤ ਥਾਪਾ ਵਲੋਂ ਮੁੱਖ ਮਹਿਮਾਨਾਂ, ਕਵੀਆਂ, ਗਾਇਕਾਂ ਤੇ ਹਾਜ਼ਰ ਸਰੋਤਿਆਂ ਨੂੰ ਜੀ ਆਇਆਂ ਕਿਹਾ ਗਿਆ।ਗਰਮਾ ਗਰਮ ਚਾਹ ਪਕੌੜਿਆਂ ਦਾ ਆਨੰਦ ਲੈਣ ਤੋਂ ਬਾਅਦ ਸਭ ਤੋਂ ਪਹਿਲਾਂ ਪ੍ਰਸਿੱਧ ਗਾਇਕ ਸ਼੍ਰੀ ਸੁਭਾਸ਼ ਸੂਫ਼ੀ ਜੀ ਨੇ ਧਾਰਮਿਕ ਗੀਤ ਗਾ ਕੇ ਇਸ ਕਵੀ ਦਰਬਾਰ ਦਾ ਆਗਾਜ਼ ਕੀਤਾ।ਇਸ ਤੋਂ ਬਾਅਦ ਸ੍ਰ. ਹਰਜਿੰਦਰ ਸਿੰਘ ਨੇ ਆਪਣਾ ਗੀਤ ਪੇਸ਼ ਕੀਤਾ ਜਿਸ ਨੇ ਖ਼ੂਬ ਰੰਗ ਬੰਨ੍ਹਿਆਂ। ਫੇਰ ਵਾਰੀ ਆਈ ਸੁਰੀਲੀ ਆਵਾਜ਼ ਤੇ ਤਰੰਨਮ ‘ਚ ਗਾਉਣ ਵਾਲੇ ਕਵੀ ਭਜਨ ਦਰਦੀ ਜੀ ਦੀ। ਉਨ੍ਹਾਂ ਵੱਲੋਂ “ਰੰਗ ਦੁਨੀਆਂ ਦਾ ਹੋਰ ਦਾ ਹੀ ਹੋਰ ਹੋ ਗਿਆ, ਜਿਹੜਾ ਸਾਧ ਬਣੀਂ ਫਿਰਦਾ ਉਹ ਚੋਰ ਹੋ ਗਿਆ”ਬਹੁਤ ਵਧੀਆ ਪੇਸ਼ਕਾਰੀ ਕੀਤੀ ਗਈ। ਕਵੀ ਬੂਟਾ ਨੇ ਟੱਪੇ”ਨਾੜ ਸਾੜਦਾ ਕਰੋੜਾਂ ਜੀਵ ਮਾਰਦਾ,ਮੰਗੇ ਸਰਬੱਤ ਦਾ ਭਲਾ”ਪੇਸ਼ ਕੀਤੇ। ਗਾਇਕ ਪ੍ਰੀਤਮ ਰਾਣਾ ਨੇ ਆਪਣਾਂ ਗੀਤ “ਨਵਾਂ ਸਾਲ ਸੁੱਖਾਂ ਦਾ ਚੜ੍ਹਾਈਂ ਮੇਰੇ ਮਾਲਕਾ” ਸੁਰੀਲੀ ਆਵਾਜ਼ ਵਿੱਚ ਗਾਇਆ। ਮੁੱਖ ਮਹਿਮਾਨ ਜਨਾਬ ਪਾਲ ਗੁਰਦਾਸਪੁਰੀ ਨੇ ਆਪਣੀ ਗ਼ਜ਼ਲ ਆਪਣੇ ਹੀ ਅੰਦਾਜ਼ ਵਿੱਚ ਪੇਸ਼ ਕੀਤੀ ਜਿਸ ਦਾ ਇੱਕ ਸ਼ੇਅਰ ਹੈ ” ਧੁੱਪ ਵਿੱਚ ਮੌਸਮ ਦਾ ਮੰਗ ਪੱਤਰ ਬਹੁਤ ਕਮੀਂ ਹੈ ਰੁੱਖਾਂ ਦੀ, ਪਰ ਮਿਲਿਆ ਗਮਲੇ ਵਿੱਚ ਬੂਟਾ ਦੇਵੇਗਾ ਕੀ ਛਾਵਾਂ “।ਫਿਰ ਗਾਇਕ ਸੁਭਾਸ਼ ਸੂਫ਼ੀ ਨੇ ਸ਼੍ਰੀ ਅਮਰਜੀਤ ਥਾਪਾ ਦਾ ਲਿਖਿਆ ਹੋਇਆ ਇੱਕ ਹੋਰ ਗੀਤ ” ਤੇਰਾ ਕਿਉਂ ਨਹੀਂ ਜੀਅ ਲੱਗਾ ਮੇਰੇ ਸ਼ਹਿਰ ਸੱਜਣਾ ਵੇ ” ਪੇਸ਼ ਕੀਤਾ ਜੋ ਇੱਕ ਆਪਣਾ ਵੱਖਰਾ ਹੀ ਰੰਗ ਬੰਨ ਗਿਆ।ਇਸ ਤੋਂ ਬਾਅਦ ਬਹੁਤ ਮਸ਼ਹੂਰ ਕਵੀ ਤੇ ਪ੍ਰਮੁੱਖ ਗੀਤਕਾਰ ਸ਼੍ਰੀ ਬਿਸ਼ਨ ਦਾਸ ‘ ਬਿਸ਼ਨ ‘ਜੀ ਨੇ ਆਪਣੀ ਇੱਕ ਕਵਿਤਾ ਤੇ ਇੱਕ ਗੀਤ ਸਰੋਤਿਆਂ ਦੀ ਫਰਮਾਇਸ਼ ‘ਤੇ ਤਰੰਨਮ ‘ਚ ਪੇਸ਼ ਕੀਤਾ ਜਿਸ ਦੇ ਬੋਲ ਸਨ “ਰੇਸ਼ਮੀ ਰੁਮਾਲ ਉੱਤੇ ਫੁੱਲ ਪਾਇਆ ਕਾਹੀ ਦਾ,
ਰੀਝਾਂ ਨਾਲ ਕੱਢਿਆ ਸੀ ਨਾਮ ਉੱਤੇ ਮਾਹੀ ਦਾ। ਦੇਣਾ ਸੀ ਉਹ ਮਾਹੀ ਨੂੰ ਸੰਦੂਕ ਵਿੱਚ ਰਹਿ ਗਿਆ। ਜਾਣ ਵੇਲੇ ਜਾਣ ਵਾਲਾ ਜਾਣ ਮੇਰੀ ਲੈ ਗਿਆ। ਗੱਲਾਂ ਗੱਲਾਂ ਵਿੱਚ ਗੱਲ ਜਾਣ ਵਾਲੀ ਕਹਿ ਗਿਆ “ਨੇ ਖ਼ੂਬ ਰੰਗ ਬੰਨ੍ਹਿਆਂ। ਫੇਰ ਸਭਾ ਦੇ ਮੀਤ ਪ੍ਰਧਾਨ ਸ਼੍ਰੀ ਹੇਮ ਰਾਜ ਐਸ. ਡੀ. ਓ.ਨੇ ਆਏ ਹੋਏ ਸੱਭ ਸੱਜਣਾ ਦਾ ਕਵੀ ਦਰਬਾਰ ਵਿੱਚ ਆਉਣ ਦਾ ਧੰਨਵਾਦ ਕੀਤਾ ਅਤੇ ਆਪਣਾ ਕਲਾਮ ਵੱਖਰੇ ਹੀ ਬੌਧਿਕ ਢੰਗ ਨਾਲ ਬਿਆਨ ਕੀਤਾ।ਇਸ ਤੋਂ ਬਾਅਦ ਸ਼੍ਰੀ ਅਮਰਜੀਤ ਥਾਪਾ ਨੇ ਆਪਣੀ ਕਵਿਤਾ ” ਸੁਣ ਵੇ ਦਿਲਾ ਤੈਨੂੰ ਇੱਕ ਗੱਲ ਦੱਸਾਂ,ਕੈਸਾ ਇਹ ਤੇਰਾ ਦੇਸ਼। ਇੱਥੇ ਢਿੱਡਾਂ ਵਿੱਚ ਬੇਈਮਾਨੀਆਂ, ਤੇ ਉਂਝ ਦਿੱਸਣ ਦਰਵੇਸ਼ “ਇੱਕ ਵਧੀਆ ਪੇਸ਼ਕਾਰੀ ਸਿੱਧ ਹੋਈ।ਅੰਤ ਵਿੱਚ ਸੁਭਾਸ਼ ਸੂਫ਼ੀ ਨੇ ਇੱਕ ਹੋਰ ਗੀਤ, ਬੋਲੀਆਂ ਤੇ ਟੱਪੇ ਪੂਰੇ ਸੁਰ ਤੇ ਉੱਚੀ ਆਵਾਜ਼ ਵਿੱਚ ਗਾਏ ਜਿਸ ਉੱਤੇ ਸਾਰੇ ਹੀ ਸਰੋਤੇ ਨੱਚਣ ਲੱਗ ਪਏ। ਇੰਝ ਲੱਗਦਾ ਸੀ ਜਿਵੇਂ ਦੀਨਾਨਗਰ ਦੇ “ਨਿਕਾਸੀ ਪਾਰਕ” ਵਿੱਚ ਕਵਿਤਾਵਾਂ, ਗ਼ਜ਼ਲਾਂ, ਗੀਤਾਂ, ਬੋਲੀਆਂ ਤੇ ਟੱਪਿਆਂ ਦਾ ਹੜ੍ਹ ਆ ਗਿਆ ਹੋਵੇ। ਮੁੱਖ ਮਹਿਮਾਨਾਂ ਦੇ ਪੈਰ ਵੀ ਹੋਲੀ ਹੋਲੀ ਥਿਰਕਣ ਲੱਗ ਪਏ ਤੇ ਉਹ ਵੀ ਝੂਮ ਉੱਠੇ। ਇਸ ਤਰ੍ਹਾਂ ਗਾਇਕ ਸੁਭਾਸ਼ ਸੂਫ਼ੀ ਕਵੀ ਦਰਬਾਰ ਵਾਲਾ ਮੇਲਾ ਲੁੱਟ ਕੇ ਲੈ ਗਿਆ। ਸਰੋਤਿਆਂ ‘ਚ ਹਾਜ਼ਰ ਸ੍ਰ. ਗੁਰਦੀਪ ਸਿੰਘ ਨਾਜੋਵਾਲੀਆ ਦਾ ਕਹਿਣਾ ਸੀ ਕਿ ਮੈਂ ਮਹਿਸੂਸ ਕੀਤਾ ਹੈ ਕਿ ਅੱਜ ਦੇ ਸਮਾਗਮ ਵਿੱਚ ਸਿਰਾਂ ਨਾਲੋਂ ਦਿੱਲ ਜ਼ਿਆਦਾ ਹਾਜ਼ਰ ਸਨ ਜਿਨ੍ਹਾਂ ਨੇ ਦਿੱਲ ਤੇ ਰੂਹ ਦੀ ਗੱਲ ਕੀਤੀ ਹੈ।ਇਸ ਸਾਰੇ ਪ੍ਰੋਗਰਾਮ ਦੀ ਕਵਰੇਜ਼ ਸਭਾ ਦੇ ਪ੍ਰੈਸ ਸਕੱਤਰ ਡਾ. ਰਮੇਸ਼ ਸਰੰਗਲ ਜੀ ਨੇ ਕੀਤੀ। ਸ਼੍ਰੀ ਅਮਰਜੀਤ ਥਾਪਾ ਨੇ ਸਟੇਜ ਸਕੱਤਰ ਦੇ ਪੂਰੇ ਫਰਜ਼ ਨਿਭਾਏ।ਇਸ ਮੌਕੇ ਮੁਨੀਸ਼ ਕੁਮਾਰ ,ਪ੍ਰੀਤਮ ਚੰਦ ਐਸ.ਐਚ.ਓ., ਮਨਜੀਤ (ਢੋਲਕੀ ਮਾਸਟਰ), ਯਸ਼ ਪਾਲ,ਰਾਮ ਕ੍ਰਿਸ਼ਨ, ਜੋਗਿੰਦਰ ਸਿੰਘ ਠਾਕੁਰ, ਮੰਹਿਦਰ ਪਾਲ, ਰਮੇਸ਼ ਲਾਲ, ਸਰਦਾਰੀ ਲਾਲ, ਬਲਦੇਵ ਰਾਜ, ਰਾਕੇਸ਼ ਬੱਬਰ, ਰਜਿੰਦਰ ਸੈਣੀ, ਸੁਰੇਸ਼ ਸਿੰਘ, ਪ੍ਰਵੀਨ ਬਿਜਲੀ ਵਾਲੇ, ਬਲਕਾਰ ਸਿੰਘ,ਗਗਨਦੀਪ ਸਿੰਘ, ਇੰਸਪੈਕਟਰ ਜਗਦੀਸ਼ ਰਾਜ, ਦਵਿੰਦਰ ਸਿੰਘ,ਡਾ. ਸੁਨੀਲ ਮਹਾਜਨ, ਮਾਸਟਰ ਕਸ਼ਮੀਰ,
ਦੀਪਕ ਅਗਰਵਾਲ , ਰਮੇਸ਼ ਅਗਰਵਾਲ,ਆਰ. ਕੇ. ਸੰਰਗਲ,ਸੰਕੁਤਲਾ ਦੇਵੀ, ਪ੍ਰਵੀਨ , ਦਰਸ਼ਨ ਕੁਮਾਰ, ਕਿਸ਼ਨ ਚੰਦ, ਰਮੇਸ਼ ਚੰਦਰ, ਤਰਸੇਮ ਲਾਲ,ਅਮਰ ਸਿੰਘ, ਸੁਖਦੇਵ ਕੁਮਾਰ, ਰਾਜ ਰਾਣੀ, ਰਜਿੰਦਰ ਕੁਮਾਰੀ ਮਿਨਾਕਸ਼ੀ, ਸ਼ੀਤਲ, ਗੁਰਪ੍ਰੀਤ ਕੌਰ, ਬਿਸ਼ਨ ਦਾਸ (ਬਸੰਤ ਵਿਹਾਰ ਕਾਲੋਨੀ),ਰਾਹੁਲ ਅਤੇ ਬਲਬੀਰ ਕੁਮਾਰ ਆਦਿ ਹਾਜ਼ਰ ਸਨ।
Sukhdev Singh