ਭਾਰਤ ਰਿਸ਼ੀਆਂ ਮੁਨੀਆਂ, ਪੀਰਾਂ ਪੈਗੰਬਰਾਂ ,ਅਵਤਾਰਾਂ, ਗੁਰੂਆਂ ਤੇ ਸ਼ਹੀਦਾਂ ਦੀ ਧਰਤੀ ਹੈ। ਜਿਸ ਸਮੇਂ ਦੇਸ਼ ਤੇ ਭੀੜ ਬਣੀ ਜਾਂ ਵਿਦੇਸ਼ੀ ਹਮਲਾਵਰਾਂ ਨੇ ਭਾਰਤ ਤੇ ਹਮਲਾ ਕੀਤਾ ਤਾਂ ਇਥੋਂ ਦੇ ਸੂਰਬੀਰਾਂ ਆਪਣੀ ਅਣਖ ਤੇ ਈਮਾਨ ਦੀ ਖਾਤਰ ਉਹਨਾਂ ਦਾ ਡੱਟ ਕੇ ਮੁਕਾਬਲਾ ਕਰਦਿਆਂ ਅਨੇਕਾਂ ਸ਼ਹੀਦੀਆਂ ਪਾਈਆਂ।
ਸ਼ਹੀਦ ਅਰਬੀ ਭਾਸ਼ਾ ਦੇ ਸ਼ਬਦ ਤਸ਼ਾਹਿਦ ਤੋਂ ਬਣਿਆ ਹੈ ਜਿਸ ਦਾ ਅਰਥ ਹੈ ਗਵਾਹੀ ਜਾਂ ਸਾਖੀ ਭਰਨ ਵਾਲਾ । ਭਾਈ ਕਾਨ੍ਹ ਸਿੰਘ ਨਾਭਾ ਜੀ ਮਹਾਨ ਕੋਸ਼ ਵਿੱਚ ਸ਼ਹੀਦ ਦੇ ਅਰਥ ਕਰਦੇ ਲਿਖਦੇ ਹਨ ਕਿ “ਜਿਸ ਨੇ ਧਰਮ ਯੁੱਧ ਵਿੱਚ ਜੀਵਨ ਅਰਪਿਆ ਹੋਵੇ ਉਸ ਨੂੰ ਸ਼ਹੀਦ ਕਿਹਾ ਜਾਂਦਾ ਹੈ।” ਸ਼ਹੀਦ ਦੇਸ਼ ਅਤੇ ਕੌਮ ਦਾ ਸਰਮਾਇਆ ਹੁੰਦੇ ਹਨ ਅਤੇ ਸ਼ਹੀਦਾਂ ਦੀਆਂ ਦਿੱਤੀਆਂ ਕੁਰਬਾਨੀਆਂ ਹੀ ਕੌਮ ਨੂੰ ਜਿੰਦਾ ਰੱਖਦੀਆਂ ਹਨ।
ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਫੁਰਮਾਨ ਹੈ :
ਜਉ ਤਉ ਪ੍ਰੇਮ ਖੇਲਣ ਕਾ ਚਾਉ।।
ਸਿਰੁ ਧਰਿ ਤਲੀ ਗਲੀ ਮੇਰੀ ਆਉ ।।
ਇਤੁ ਮਾਰਗਿ ਪੈਰ ਧਰੀਜੇ ।। ਸਿਰ ਦੀਜੈ ਕਾਣਿ ਨਾ ਕੀਜੇ ।
(ਸ੍ਰੀ ਗੁਰੂ ਗ੍ਰੰਥ ਸਾਹਿਬ ਪੰਨਾ ਨੰਬਰ 1412)
ਇਨ੍ਹਾਂ ਉਪਰੋਕਤ ਹੁਕਮਾਂ ਦੀ ਪਾਲਣਾ ਕਰਦੇ ਹੋਏ ਬਾਬਾ ਦੀਪ ਸਿੰਘ ਜੀ ਸ਼ਹੀਦ ਨੇ ਆਪਣੀ ਬਿਰਧ ਅਵਸਥਾ ਵਿੱਚ ਸਕਾਰ ਕਰਕੇ ਦਿਖਾਇਆ। ਧਾਰਮਿਕ ਸਥਾਨਾਂ ,ਅਬਲਾ ਦੀ ਬੇ ਪਤੀ ਨੂੰ ਨਾ ਸਹਾਰਦੇ ਹੋਏ ਹੱਥ ਵਿੱਚ ਖੰਡਾ ਲੈ ਕੇ ਜੰਗ ਹੀ ਨਹੀਂ ਕੀਤਾ, ਸਗੋਂ ਵੈਰੀਆਂ ਦੇ ਆਹੂ ਲਾਹੁੰਦੇ ਹੋਏ ਆਪ ਵੀ ਸ਼ਹੀਦੀ ਜਾਮ ਪ੍ਰਾਪਤ ਕਰਕੇ ਅਮਰ ਪਦਵੀ ਹਾਸਲ ਕੀਤੀ ਤੇ ਅਨੋਖੇ ਅਮਰ ਸ਼ਹੀਦ ਹੋਣ ਦਾ ਮਾਣ ਹਾਸਲ ਕੀਤਾ।
ਬਾਬਾ ਦੀਪ ਸਿੰਘ ਜੀ ਦੀ ਜਾਤ ਤੇ ਗੋਤ ਬਾਰੇ ਇਤਿਹਾਸਕਾਰ ਇੱਕ ਮੱਤ ਨਹੀਂ ਹਨ। ਕੁਝ ਇਤਿਹਾਸਕਾਰਾਂ ਨੇ ਸੰਧੂ ਤੇ ਖਹਿਰਾ ਜੱਟ ਲਿਖਿਆ ਹੈ।ਪਰ ਸ.ਨਰੰਜਨ ਸਿੰਘ ਆਰਫੀ,ਸ.ਸਵਰਨ ਸਿੰਘ IAS ਦੀ ਖੋਜ ਤੇ ਵਿਕੀਪੀਡੀਆ ਅਨੁਸਾਰ ਬਾਬਾ ਦੀਪ ਸਿੰਘ ਜੀ ਮਜ਼੍ਹਬੀ ਸਿੱਖ ਪਰਿਵਾਰ ਨਾਲ ਸਬੰਧ ਰੱਖਦੇ ਸਨ। (ਦੇਖੋ ਰੰਘਰੇਟਿਆਂ ਦਾ ਇਤਿਹਾਸ ਭਾਗ ਦੂਜਾ ਤੇ ਡਾ.ਭੁਪਿੰਦਰ ਸਿੰਘ ਮੱਟੂ ਦੀ ਪੁਸਤਕ ‘ਇਤਿਹਾਸ ਵਿਚ ਮਜ਼੍ਹਬੀ ਸਿੱਖਾਂ ਦੀ ਜਦੋ ਜਹਿਦ’)
ਬਾਬਾ ਦੀਪ ਸਿੰਘ ਜੀ ਦਾ ਜਨਮ 14 ਮਾਘ ਸੰਮਤ 1739 ਬਿਕਰਮੀ (26 ਜਨਵਰੀ 1682 ਈਸਵੀ )ਨੂੰ ਭਾਈ ਭਗਤੂ ਜੀ ਤੇ ਮਾਤਾ ਜਿਉਣੀ ਜੀ ਦੀ ਪਵਿੱਤਰ ਕੁੱਖ ਤੋਂ ਜਨਮ ਲਿਆ। ਭਾਈ ਭਗਤੂ ਜੀ ਪਿੰਡ ਪਹੂਵਿੰਡ ਤਹਿਸੀਲ ਪੱਟੀ ਜ਼ਿਲ੍ਹਾ ਅੰਮ੍ਰਿਤਸਰ ਦਾ ਵਸਨੀਕ ਸੀ ਮਾਤਾ ਪਿਤਾ ਨੇ ਬਾਲਕ ਦਾ ਨਾਉਂ ਦੀਪ ਰੱਖਿਆ। ਦੀਪ ਸਿੰਘ ਨੂੰ ਸਾਰਾ ਪਰਿਵਾਰ ਬਹੁਤ ਲਾਡਾਂ ਤੇ ਚਾਵਾਂ ਨਾਲ ਰੱਖਦੇ ਸਨ । ਦੀਪੇ ਨੂੰ ਗੁਰਮੁਖੀ ਦੀ ਵਿੱਦਿਆ ਪੜ੍ਹਨ ਦੇ ਨਾਲ ਨਾਲ ਗੁਰਬਾਣੀ ਦਾ ਪਾਠ ਕਰਨਾ ਵੀ ਸਿਖਾ ਦਿੱਤਾ ਸੀ ।
ਦੀਪਾ ਜਵਾਨ ਹੋਇਆ ਤੇ ਉਸ ਨੂੰ ਘੋੜ ਸਵਾਰੀ ਤੇ ਕੁਸ਼ਤੀ ਕਰਨ ਦਾ ਸ਼ੌਕ ਸੀ। ਤਲਵਾਰ ਚਲਾਉਣਾ, ਨੇਜਾ ਸੁੱਟਣਾ ਆਦਿ ਜੰਗੀ ਖੇਡਾਂ ਖੇਡਣ ਦਾ ਅਭਿਆਸ ਕਰਨਾ ਉਸ ਦਾ ਨਿਤ ਕਰਮ ਬਣ ਗਿਆ ਸੀ ।
ਜਦੋਂ 18 ਸਾਲਾਂ ਦੀ ਭਰ ਜਵਾਨੀ ਦੀ ਉਮਰ ਵਿੱਚ ਦੀਪ ਸਿੰਘ ਮਾਤਾ ਪਿਤਾ ਨਾਲ ਗੁਰੂ ਗੋਬਿੰਦ ਸਿੰਘ ਜੀ ਦੀ ਸੇਵਾ ਵਿੱਚ ਹਾਜ਼ਰ ਹੋਏ ਤੇ ਅਗਲੇ ਸਾਲ 1700 ਈਸਵੀ (1757 ਬਿਕਰਮੀ) ਨੂੰ ਦੀਪ ਸਿੰਘ ਨੇ ਆਪਣੇ ਮਾਤਾ ਪਿਤਾ ਸਮੇਤ ਗੁਰੂ ਜੀ ਪਾਸੋਂ ਅੰਮ੍ਰਿਤ ਪਾਨ ਕੀਤਾ ਤੇ ਸਿੰਘ ਸਜ ਗਏ।
ਬਾਬਾ ਦੀਪ ਸਿੰਘ ਜੀ ਸੰਮਤ 1761 ਬਿਕਰਮੀ ਤੱਕ ਪੰਜ ਸਾਲ ਅਨੰਦਪੁਰ ਸਾਹਿਬ ਰਹੇ ਤੇ ਇਹਨਾਂ ਨੇ ਅਨੰਦਪੁਰ ਦੀਆਂ ਮੁਢਲੀਆਂ ਲੜਾਈਆਂ ਵਿੱਚ ਗੁਰੂ ਜੀ ਦੇ ਸਾਥ ਰਹਿ ਕੇ ਕਾਫੀ ਬਹਾਦਰੀ ਦਿਖਾਈ । ਹਮੇਸ਼ਾਂ ਗੁਰੂ ਜੀ ਦੇ ਅੰਗ ਸੰਗ ਰਹੇ ਤੇ ਜਦੋਂ 20 ਦਸੰਬਰ 1704 ਈਸਵੀ ਨੂੰ ਗੁਰੂ ਸਾਹਿਬ ਨੇ ਆਪਣੇ ਪਰਿਵਾਰ ਸਮੇਤ ਅਨੰਦਪੁਰ ਨੂੰ ਛੱਡਿਆ ਤਾਂ ਬਾਬਾ ਦੀਪ ਸਿੰਘ ਜੀ ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਜੀ ਨਾਲ ਦਿੱਲੀ ਚਲੇ ਗਏ । ਕੁਝ ਸਮਾਂ ਦਿੱਲੀ ਰਹਿਣ ਉਪਰੰਤ 15 ਫਰਵਰੀ 1705 ਈਸਵੀ ਨੂੰ ਵਾਪਸ ਆਪਣੇ ਪਿੰਡ ਪਹੂਵੰਡ ਆ ਗਏ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਚਮਕੌਰ ਸਾਹਿਬ ਤੇ ਮੁਕਤਸਰ ਸਾਹਿਬ ਦੀਆਂ ਜੰਗਾਂ ਦੀ ਸਮਾਪਤੀ ਤੋਂ ਬਾਅਦ ਆਪਣਾ ਪਰਿਵਾਰ ਸ਼ਹੀਦ ਕਰਾਉਣ ਉਪਰੰਤ 21 ਜਨਵਰੀ 1705 ਈਸਵੀ ਨੂੰ ਤਲਵੰਡੀ ਸਾਬੋ ਦੀ ਬਠਿੰਡਾ ਪਹੁੰਚੇ। ਜੋ ਕਿ ਸਿੱਖ ਪੰਥ ਦੇ ਪੰਜਵੇਂ ਤਖਤ ਸਾਹਿਬ ਦੇ ਨਾਂ ਨਾਲ ਪ੍ਰਸਿੱਧ ਹੈ ।ਇੱਥੇ ਰਹਿ ਕੇ ਗੁਰੂ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਕਲਨ ਕਰਨ ਦਾ ਸੰਕਲਪ ਲਿਆ ਤੇ ਗੁਰੂ ਜੀ ਨੇ ਇਸ ਕਾਰਜ ਲਈ ਬਾਬਾ ਦੀਪ ਸਿੰਘ ਨੂੰ ਪਹੂਵਿੰਡ ਤੋਂ ਦਮਦਮਾ ਸਾਹਿਬ ਮੰਗਵਾ ਕੇ ਭਾਈ ਮਨੀ ਸਿੰਘ ਦੇ ਨਾਲ ਬੀੜ ਮੁਕੰਮਲ ਕਰਨ ਲਈ ਸਹਿਯੋਗੀ ਨਿਯੁਕਤ ਕੀਤੇ ਗਏ। ਗੁਰੂ ਜੀ ਨੇ ਨੌ ਮਹੀਨੇ ਨੌ ਦਿਨ ਤੇ ਨੌ ਘੜੀਆਂ ਵਿੱਚ ਇਹ ਕਾਰਜ ਮੁਕੰਮਲ ਕਰਵਾਇਆ ਜੋ ਦਮਦਮੀ ਬੀੜ ਦੇ ਨਾਂ ਨਾਲ ਪ੍ਰਸਿੱਧ ਹੈ। ਬਾਬਾ ਜੀ ਨੇ ਇਸ ਦੇ ਚਾਰ ਉਤਾਰੇ ਕਰਕੇ ਤਖ਼ਤ ਸ੍ਰੀ ਪਟਨਾ ਸਾਹਿਬ , ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ਤਖ਼ਤ ਸ੍ਰੀ ਅਬਚਲ ਨਗਰ ਹਜੂਰ ਸਾਹਿਬ ਭੇਜੇ ।
ਬਾਬਾ ਦੀਪ ਸਿੰਘ ਕੇਵਲ ਪੰਜਾਬੀ ਭਾਸ਼ਾ ਦੇ ਵਿਦਵਾਨ ਹੀ ਨਹੀਂ ਸਨ ਸਗੋਂ ਅਰਬੀ ,ਫਾਰਸੀ ਦੇ ਫਿਲਾਸਫਰ ਸਨ। ਉਸ ਸਮੇਂ ਦੀ ਪ੍ਰਚੱਲਿਤ ਬੋਲੀਆਂ ਅਰਬੀ ਫ਼ਾਰਸੀ ਤੇ ਸੰਸਕ੍ਰਿਤ ਦਾ ਗਿਆਨ ਵੀ ਹਾਸਿਲ ਕੀਤਾ। ਵਿਦਵਾਨਾਂ ਦਾ ਮੱਤ ਹੈ ਕਿ ਬੀੜ ਸਾਹਿਬ ਦਾ ਉਤਾਰਾ ਅਰਬੀ ਭਾਸ਼ਾ ਵਿੱਚ ਕਰਕੇ ਅਰਬ ਦੇਸ਼ ਭੇਜਿਆ ਗਿਆ। ਜਿਸ ਕਰਕੇ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਪ੍ਰਚਾਰ ਇਸਲਾਮੀ ਮੱਤ ਵਿੱਚ ਵੀ ਪ੍ਰਚਲਤ ਹੈ ।
ਬਾਬਾ ਦੀਪ ਸਿੰਘ ਜੀ ਦੇ ਜੀਵਨ ਵਿੱਚ ਅਨੇਕਾਂ ਘਟਨਾਵਾਂ ਦਾ ਵਰਣਨ ਆਉਂਦਾ ਹੈ ਤੇ ਚਾਰ ਬੀੜਾਂ ਦੇ ਉਤਾਰੇ ਕਰਨ ਬਾਅਦ ਗੁਰੂ ਪਿਤਾ ਦਸ਼ਮੇਸ਼ ਜੀ ਦੀ ਬਾਣੀ ਇਕੱਠੀ ਕਰਨ ਦਾ ਉਪਰਾਲਾ ਕੀਤਾ ਤੇ “ਮਿਤ੍ਰ ਪਿਆਰੇ ਨੂੰ ਹਾਲ ਫਕੀਰਾਂ ਦਾ ਕਹਿਣਾ” ਦੀ ਬਜਾਏ ‘ਹਾਲ ਮੁਰੀਦਾਂ ਦਾ ਕਹਿਣਾ ‘ਲਿਖ ਕੇ ਸਿਰ ਦੇਣ ਦਾ ਪ੍ਰਣ ਲਿਆ ਤੇ ਜਿੰਦਾ ਸ਼ਹੀਦ ਹੋਣ ਦਾ ਮਾਣ ਹਾਸਿਲ ਕੀਤਾ। ਅਹਿਮਦ ਸ਼ਾਹ ਅਬਦਾਲੀ ਨੇ ਹਿੰਦੁਸਤਾਨ ਤੇ ਕਈ ਹਮਲੇ ਕੀਤੇ ਤੇ ਇਥੋਂ ਦੀਆਂ ਅਬਲਾ ਔਰਤਾਂ ,ਧੀਆਂ ਭੈਣਾਂ ਦੀਆਂ ਇੱਜ਼ਤਾਂ ਲੁੱਟੀਆਂ ਤੇ ਇੱਥੇ ਦੇ ਮੁੰਡੇ ਕੁੜੀਆਂ ਨੂੰ ਗ਼ੁਲਾਮ ਬਣਾ ਕੇ ਰੱਖਿਆ ਗਿਆ ਅਤੇ ਅਰਬ ਵਿੱਚ ਮੁੱਲ ਵੇਚਿਆ ਜਾਂਦਾ ਸੀ। ਜਦੋਂ ਸਿੱਖ ਪੰਥ ਦੇ ਮਹਾਨ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਪਤਾ ਲੱਗਾ ਤੇ ਉਹਨਾਂ ਨੇ ਮਿਸਲਾਂ ਦੇ ਸਰਦਾਰਾਂ ਨੂੰ ਲਿਖ ਕੇ ਭੇਜਿਆ ਕਿ ਜੇਕਰ ਅਹਿਮਦ ਸ਼ਾਹ ਹਿੰਦੁਸਤਾਨ ਦੀ ਇੱਜ਼ਤ ਆਬਰੂ ਲੁੱਟ ਕੇ ਲਿਆਂਦਾ ਰਿਹਾ ਤਾਂ ਖਾਲਸੇ ਸਿਰ ਕਲੰਕ ਹੈ ।
ਜਦੋਂ ਇਹ ਖ਼ਬਰ ਸ੍ਰੀ ਦਮਦਮਾ ਸਾਹਿਬ ਬਾਬਾ ਦੀਪ ਸਿੰਘ ਜੀ ਨੂੰ ਮਿਲੀ ਕਿ ਤੈਮੂਰ ਸ਼ਾਹ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਭੰਗ ਕਰ ਦਿੱਤੀ ਹੈ ਤਾਂ ਬਾਬਾ ਜੀ ਦਮਦਮਾ ਸਾਹਿਬ ਤੋਂ ਚੱਲ ਕੇ ਰਸਤੇ ਵਿੱਚ ਕਈ ਪੜਾਅ ਕਰਦੇ ਹੋਏ ਬਹੁਤ ਸਾਰੇ ਯੋਧਿਆਂ ਨੂੰ ਨਾਲ ਲੈ ਕੇ ਤਰਨਤਾਰਨ ਪੁੱਜ ਗਏ। ਬਾਬਾ ਜੀ ਨੇ ਤਰਨਤਾਰਨ ਤੋਂ ਬਾਹਰ ਆ ਕੇ ਲਕੀਰ ਖਿੱਚ ਦਿੱਤੀ ਕਿ ਜੇਕਰ ਕਿਸੇ ਨੂੰ ਜਾਨ ਪਿਆਰੀ ਹੈ ਤਾਂ ਪਿੱਛੇ ਮੁੜ ਜਾਵੇ। ਸਾਰੇ ਸੂਰਬੀਰ ਲਕੀਰ ਨੂੰ ਪਾਰ ਕਰ ਜੰਗ ਦੀਆਂ ਤਿਆਰੀਆਂ ਕਰਦੇ ਹੋਏ ਅੰਮ੍ਰਿਤਸਰ ਵੱਲ ਰਵਾਨਾ ਹੋਏ । ਗੋਲ੍ਹਵੜ ਦੇ ਸਥਾਨ ਤੇ ਬਾਬਾ ਦੀਪ ਸਿੰਘ ਦੀ ਟੱਕਰ ਜਹਾਨ ਖਾਨ ਤੇ ਮੁਗ਼ਲਈ ਫੌਜ ਨਾਲ ਹੋਈ। ਜਹਾਨ ਖਾਂ ਨੱਥਾ ਸਿੰਘ ਤੇ ਦਿਆਲ ਸਿੰਘ ਹੱਥੋਂ ਮਾਰਿਆ ਗਿਆ ।
ਬਾਬਾ ਦੀਪ ਸਿੰਘ ਨੇ ਮੁਗ਼ਲਾਂ ਦੀਆਂ ਫੌਜਾਂ ਦਾ ਡੱਟ ਕੇ ਮੁਕਾਬਲਾ ਕੀਤਾ ਤੇ ਜਮਾਲ ਖਾਂ ਨਾਲ ਆਹਮੋ ਸਾਹਮਣੇ ਟੱਕਰ ਹੋਈ ।ਗਿਆਨੀ ਗਿਆਨ ਸਿੰਘ ਜੀ ‘ਪੰਥ ਪ੍ਰਕਾਸ਼’ ਵਿੱਚ ਲਿਖਦੇ ਹਨ-
“ਚਲੀ ਤੇਗ ਅਤਿ ਬੇਗ ਸੈ ਦੋਹੂ ਕੇਰਬਲ ਧਾਰ ।
ਉਤਰ ਗਏ ਸਿਰ ਦੋਹਾਂ ਦੇ ਪਰਸ ਪਰੈ ਇਕ ਸਾਰ ।”
ਅੰਤ ਬਾਬਾ ਦੀਪ ਸਿੰਘ ਜੀ ਨੇ ਆਪਣਾ ਪ੍ਰਣ ਪੂਰਾ ਕੀਤਾ ਤਾਂ ਸੀਸ ਸ੍ਰੀ ਦਰਬਾਰ ਸਾਹਿਬ ਵਿੱਚ ਭੇਟ ਕੀਤਾ । ਇਹ ਘਟਨਾ 11 ਨਵੰਬਰ 1757 ਈਸਵੀ ਦੀ ਹੈ
ਲਾਲਾ ਧਨੀਰਾਮ ਚਾਤ੍ਰਿਕ ਲਿਖਦੇ ਹਨ-
“ਧਰਮ ਧੁਜਾ ਫਹਿਰਾ ਗਏ ਕਰ ਕੁਰਬਾਨ ਸਰੀਰ
ਜਗ ਪ੍ਰਸਿੱਧ ਅਜ ਹੋ ਗਏ ਦੀਪ ਸਿੰਘ ਬਲਵੀਰ ।
ਧਰਮ ਪਾਲ ਪ੍ਰਣ ਪਾਲਿਆ ਕੀਤਾ ਯੁੱਧ ਅਪਾਰ।
ਫਤਿਹ ਗਜਾ ਕੇ ਅੰਤ ਦੀ ਗੁਰਪੁਰ ਗਏ ਸੁਧਾਰ ।”
ਅਮਰ ਸ਼ਹੀਦ ਬਾਬਾ ਦੀਪ ਸਿੰਘ ਦੇ ਸਰੀਰ ਦਾ ਸੰਸਕਾਰ ਰਾਮਗੜ੍ਹੀਆ ਮਿਸਲ ਦੇ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਨੇ ਕੀਤਾ ।ਉਸ ਅਸਥਾਨ ਤੇ ਗੁਰਦੁਆਰਾ ਸ਼ਹੀਦ ਗੰਜ ਹੈ। ਜਿਸ ਜਗ੍ਹਾ ਬਾਬਾ ਜੀ ਨੇ ਸੀਸ ਟਿਕਾਇਆ ਤੇ ਉਹ ਸਰੋਵਰ ਸ਼੍ਰੀ ਦਰਬਾਰ ਸਾਹਿਬ ਦੀ ਪਰਿਕ੍ਰਮਾ ਵਿੱਚ ਸ਼ਹੀਦ ਬੁੰਗਾ ਬਾਬਾ ਦੀਪ ਸਿੰਘ ਬਣਿਆ ਹੋਇਆ ਹੈ। ਜਿੱਥੇ ਹਰ ਸਿੱਖ ਸ਼ਰਧਾਲੂ ਆਪਣਾ ਸੀਸ ਨਿਵਾ ਕੇ ਸ਼ਰਧਾਂਜਲੀ ਭੇਟ ਕਰਦਾ ਹੈ।
ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਤੇ ਸਮੂੰਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ।।
ਬੂਟਾ ਸਿੰਘ ਪੰਡੋਰੀ
ਮੁੱਖ ਸੰਪਾਦਕ ਤ੍ਰੈਮਾਸਿਕ ਰੰਘਰੇਟਾ ਮੈਗਜ਼ੀਨ
9815244571
Sarwan Hans