ਮਹਾਂ ਪੁਰਖ ਸੰਤ ਬਾਬਾ ਪ੍ਰੀਤਮ ਸਿੰਘ ਜੀ ਦਾ ਜਨਮ ਜਨਵਰੀ 1910 ਈਸਵੀ ਨੂੰ ਮਾਤਾ ਦਰੋਪਦੀ ਜੀ ਤੇ ਪਿਤਾ ਗੁਰਦਿੱਤ ਸਿੰਘ ਜੀ ਦੇ ਗ੍ਰਹਿ ਕੀਰਤਪੁਰ ਸਾਹਿਬ ਵਿਖੇ ਹੋਇਆ। ਫ਼ਰਵਰੀ ਮਹੀਨਾ ਸੰਤ ਬਾਬਾ ਜੀ ਦੇ ਜੀਵਨ ਦੀਆ ਯਾਦਾਂ ਤੇ ਗੁਰੂ ਪ੍ਰਤੀ ਪਿਆਰ ਸੇਵਾ ਸ਼ਰਧਾ ਤੇ ਉਹਨਾਂ ਦੀਆ ਅਰਦਾਸਾਂ ਨਾਲ ਦੀਨ ਦੁਖੀ ਦੇ ਰਾਸ ਹੁੰਦੇ ਕਾਰਜ ਸਾਰਾ ਸਾਲ ਚੜ੍ਹਦੇ ਸੂਰਜ ਦੀਆ ਕਿਰਨਾਂ ਦੀ ਤਰ੍ਹਾਂ ਨਵੀਂ ਉਤੇਜਨਾ ਜੀਵਨ ਜਾਂਚ ਦੇ ਸਬਕ ਤੇ ਤੁਰਨ ਲਈ ਝੰਜੋੜਦੀਆਂ ਹਨ। ਪਿਤਾ ਬਾਬਾ ਜੀਵਨ ਸਿੰਘ ਜੀ ਦੇ ਪਾਵਨ ਸ਼ਹੀਦੀ ਅਸਥਾਨ ਨੂੰ ਸਾਂਭਣ ਦੀ ਦਲੇਰਾਨਾ ਤੇ ਕਠਿਨ ਭਰੀ ਤਪੱਸਿਆ ਦੀ ਯਾਦ ਨੂੰ ਵੀ ਉਕੇਰਦਾ ਹੈ ਜੋ ਕਿ ਸਿੱਖ ਕੌਮ ਤੇ ਖ਼ਾਸ ਕਰ ਗੁਰੂ ਕੇ ਬੇਟਿਆਂ ਲਈ ਮਾਣ ਕਰ ਸਕਣ ਵਾਲੀ ਗੱਲ ਹੈ। ਸੰਤ ਬਾਬਾ ਪ੍ਰੀਤਮ ਸਿੰਘ ਜੀ ਅਨੁਸਾਰ ਗੁਰੂ ਘਰ ਦੀ ਸੇਵਾ ਸੰਭਾਲ਼ ਦੌਰਾਨ ਉਹਨਾ ਨੂੰ ਬਹੁਤ ਹੀ ਔਕੜਾਂ ਦਾ ਸਾਹਮਣਾ ਕਰਨਾ ਪਿਆ।ਕਾਰ ਸੇਵਾ ਵਾਲੇ ਬਾਬਿਆਂ ਵੱਲੋਂ ਗੁਰੂ ਘਰ ਛੱਡਣ ਬਦਲੇ ਉਹਨਾਂ ਨੂੰ ਕਈ ਵੱਡੇ ਲਾਲਚ ਤੇ ਬਾਅਦ ਵਿੱਚ ਬੁਰੇ ਨਤੀਜੇ ਭੁਗਤਣ ਦੀਆ ਧਮਕੀਆਂ ਵੀ ਮਿਲੀਆਂ ।
ਪਰ ਅੰਤਰ ਹੋਏ ਗਿਆਨ ਪ੍ਰਕਾਸ਼
ਉਸ ਅਸਥਾਨ ਕਾ ਨਹੀਂ ਵਿਨਾਸ਼
ਅਨੁਸਾਰ ਅਕਾਲ ਪੁਰਖ ਦੀ ਮੇਹਰ ਸਦਕਾ ਕਾਰ ਸੇਵਾ ਵਾਲੇ ਤੇ ਹੋਰ ਤਾਕਤਾਂ ਨੂੰ (ਜਿਹੜੇ ਸ਼ਹੀਦ ਬਾਬਾ ਜੀਵਨ ਸਿੰਘ ਦੇ ਸ਼ਹੀਦੀ ਅਸਥਾਨ ਨੂੰ ਸਦਾ ਲਈ ਮੱਲੀਆਂ ਮੇਟ ਕਰ ਦੇਣਾ ਚਾਹੁੰਦੇ ਸੀ )ਇਹ ਸਮਝ ਲੱਗ ਚੁੱਕੀ ਸੀ ਕਿ ਇਹ ਅਸਥਾਨ ਰਹਿੰਦੀ ਦੁਨੀਆ ਤੱਕ ਆਬਾਦ ਰਹੇਗਾ।
ਸੰਤ ਬਾਬਾ ਪ੍ਰੀਤਮ ਸਿੰਘ ਜੀ ਦੇ ਜੀਵਨ ਤੇ ਝਾਤ ਮਾਰੀਏ ਤਾਂ ਉਹ ਬਹੁਤ ਹੀ ਸਾਧਾਰਨ ਬਿਰਤੀ ਵਾਲੇ ਪੁਰਸ਼ ਸਨ। ਉਨ੍ਹਾਂ ਆਪਣੇ ਜੀਵਨ ਵਿੱਚ ਕਦੇ ਵੀ ਕਿਸੇ ਤੇ ਗੁੱਸਾ ਤਾਂ ਕੀ ਕਰਨਾ ਮੱਥੇ ਵੱਟ ਤੱਕ ਨੀ ਪਾਉਂਦੇ ਸਨ । ਅਨੇਕਾਂ ਸੰਗਤਾਂ ਘਰੇਲੂ ਕਲੇਸ਼ ਤੇ ਉਪਾਅ ਲਈ ਆਉਂਦੇ ਤਾਂ ਆਪ ਸਭ ਨੂੰ ਅਕਾਲ ਪੁਰਖ ਦਾ ਸਿਮਰਨ ਤੇ ਗੁਰੂ ਕੀ ਬਾਣੀ ਨਾਲ ਜੋੜਦੇ ਸਨ ।ਆਪ ਨੇ ਸੈਂਕੜੇ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਵਾਲੇ ਬਣਨ ਲਈ ਪ੍ਰੇਰਿਆ। ਕਈ ਵੇਰ ਜਦੋਂ ਪੰਜ ਪਿਆਰੇ ਦੀ ਵਿਵਸਥਾ ਨਾ ਹੁੰਦੀ ਤਾਂ ਆਪ ਸੇਵਕਾਂ ਨੂੰ ਪੰਜ ਕਕਾਰ ਧਾਰਨ ਕਰਵਾ ਦਿੰਦੇ ਤੇ ਬਾਅਦ ਵਿੱਚ ਅੰਮ੍ਰਿਤ ਦੀ ਦਾਤ ਪੰਜ ਪਿਆਰਿਆਂ ਪਾਸੋਂ ਉਹਨਾਂ ਦੀ ਝੋਲੀ ਪਾਉਂਦੇ ਸਨ । ਆਪ ਸਾਦੇ ਜੀਵਨ ਨਾਲ ਜੁੜੇ ਰਹੇ ਕਦੇ ਵੀ ਵਿਸ਼ੇਸ਼ ਆਸਣ ਤੇ ਨਾ ਬੈਠੇ। ਬਲਕਿ ਸੰਗਤਾਂ ਨੂੰ ਕਲਾਵੇ ਵਿੱਚ ਲੈਂਦੇ ਤੇ ਖਿੜੇ ਮੱਥੇ ਸਮੱਸਿਆਵਾਂ ਦਾ ਹੱਲ ਕਰਦੇ ਸਨ । ਸੰਤਾਂ ਨੇ ਆਪਣੀ ਸਾਰੀ ਜ਼ਿੰਦਗੀ ਸਾਦਾ ਪਹਿਰਾਵਾ ਸਾਦੇ ਭੋਜਨ ਤੇ ਗੁਜ਼ਾਰਾ ਕੀਤਾ ।
ਆਪ ਜੀਵ ਹੱਤਿਆ ਦੇ ਹਮੇਸ਼ਾਂ ਖ਼ਿਲਾਫ਼ ਰਹੇ ,ਇਸ ਗੱਲ ਦੀ ਮਿਸਾਲ ਇੱਥੋਂ ਮਿਲਦੀ ਹੈ ਕਿ ਆਪ ਦਾ ਮੰਨਣਾ ਸੀ ਕਿ ਜੇ ਅਸੀਂ ਚਮੜੇ ਦੀਆ ਬਣੀਆਂ ਵਸਤੂਆਂ ਦੀ ਵਰਤੋਂ ਕਰਦੇ ਹਾਂ ਤਾਂ ਉਹਨਾਂ ਨੂੰ ਬਣਾਉਣ ਲਈ ਕੀਤੇ ਜਾਂਦੇ ਜੀਵਾਂ ਦੀ ਹੱਤਿਆ ਦੇ ਅਸੀਂ ਉਨੇ ਹੀ ਬਰਾਬਰ ਦੇ ਭਾਗੀ ਹੁੰਦੇ ਹਾਂ ।ਜਿਨਾਂ ਉਨ੍ਹਾਂ ਨੂੰ ਮਾਰਨ ਵਾਲਾ ਹੁੰਦਾ ਹੈ ।ਇਸ ਲਈ ਮਹਾਂਪੁਰਖ ਨੇ ਸਾਰੀ ਜ਼ਿੰਦਗੀ ਰਬੜ ਦੀ ਜੁੱਤੀ ਦੀ ਵਰਤੋਂ ਕਰਦੇ ਰਹੇ ਸਨ ।ਅੱਜ ਸਾਨੂੰ ਵੀ ਅਜੇਹੀ ਸੇਧ ਤੇ ਸੋਚ ਤੇ ਚੱਲਣ ਦੀ ਲੋੜ ਹੈ ਤਾਂ ਜੋ ਸਾਡੇ ਸ਼ੌਕ ਕਾਰਣ ਕਿਸੇ ਬੇ-ਜ਼ਬਾਨ ਦੀ ਜਾਨ ਨਾ ਚਲੀ ਜਾਵੇ।
ਸੰਤਾਂ ਦੇ ਪਰਿਵਾਰਕ ਪਿਛੋਕੜ ਵੀ ਗੱਲ ਕਰੀਏ ਤਾਂ ਕਰਤਾਰਪੁਰ (ਪਾਕਿਸਤਾਨ) ਦੇ ਵਸਨੀਕ ਸਨ ।ਜਦੋਂ ਗੁਰੂ ਹਰਿਗੋਬਿੰਦ ਸਾਹਿਬ ਨੇ ਕੀਰਤਪੁਰ ਸਾਹਿਬ ਆਬਾਦ ਕੀਤਾ ਤਾਂ ਉਹਨਾਂ ਨੇ ਪਹਿਲੇ ਪੰਜ ਘਰ ਕਰਤਾਰਪੁਰ ਤੋਂ ਲੈ ਕੇ ਆਂਦੇ ਸਨ। ਇਹਨਾਂ ਹੀ ਪੰਜ ਘਰਾਂ ਵਿੱਚ ਇੱਕ ਘਰ ਸੰਤਾਂ ਦੇ ਵਡੇਰਿਆਂ ਦਾ ਸੀ। ਜਿਹੜੇ ਬਹੁਤ ਲੰਬੇ ਸਮੇ ਗੁਰੂ ਹਰਿਗੋਬਿੰਦ ਸਾਹਿਬ ਤੋਂ ਲੈ ਕੇ ਗੁਰੂ ਘਰ ਵਿੱਚ ਹਜੂਰੀ ਸਿੱਖ ਹੋਣ ਦਾ ਮਾਣ ਹਾਸਿਲ ਸੀ ਤੇ ਨਗਾਰਾ ਵਜਾਉਣ ਦੀ ਵੀ ਸੇਵਾ ਕਰਿਆ ਕਰਦੇ ਸਨ ।
ਸੰਤਾਂ ਨੇ ਸੰਗੀਤ ਦੀ ਵਿੱਦਿਆ ਤੇ ਗਿਆਨੀ ਪਾਸ ਲਾਹੌਰ (ਪਾਕਿਸਤਾਨ) ਤੋਂ ਪ੍ਰਾਪਤ ਕੀਤੀ ਆਪ ਨੂੰ ਛੇ ਜ਼ੁਬਾਨਾਂ ਦੀ ਚੰਗੀ ਜਾਣਕਾਰੀ ਸੀ ਪੰਜਾਬੀ ਉਰਦੂ ਫ਼ਾਰਸੀ ਸੰਸਕ੍ਰਿਤ ਹਿੰਦੀ ਅੰਗਰੇਜ਼ੀ ਜ਼ੁਬਾਨਾਂ ਦੀ ਜਾਣਕਾਰੀ ਹੋਣ ਕਾਰਨ ਆਪ ਨੂੰ ਸਾਰੇ ਧਰਮਾਂ ਦੇ ਗ੍ਰੰਥ ਬਾਰੇ ਜਾਣਕਾਰੀ ਸੀ ਤੇ ਜ਼ੁਬਾਨੀ ਰਟਨ ਵੀ ਸਨ।ਲਾਹੌਰ ਰਹਿੰਦਿਆਂ ਰੇਲਵੇ ਵਿੱਚ ਨੌਕਰੀ ਵੀ ਮਿਲ ਗਈ ਪਰ ਗੁਰਮਤ ਦੀ ਸੋਝੀ ਨੇ ਆਪ ਨੂੰ ਗੁਰਦੁਆਰਾ ਸ਼ਹੀਦ ਬੁਰਜ ਸਾਹਿਬ ਜਿੱਥੇ ਪਹਿਲਾਂ ਤੋਂ ਆਪ ਦੇ ਪਿਤਾ ਸੇਵਾ ਕਰ ਰਹੇ ਸਨ ਤਾਂ ਇਥੇ ਲੈ ਆਂਦਾ। ਇੱਥੇ ਆਪ ਨੇ ਪਿਤਾ ਤੋਂ ਬਾਅਦ 6 ਦਹਾਕੇ ਲਗਾਤਾਰ ਸੇਵਾ ਸੰਭਾਲ਼ ਕੀਤੀ । ਸੰਤਾਂ ਨੇ ਸੇਵਾ ਕਿਸੇ ਸਵਾਰਥ ਜਾ ਲਾਲਚ ਵੱਸ ਨਹੀਂ ਕੀਤੀ। ਆਪ ਇਸ ਨੂੰ ਆਪਣਾ ਇਸ਼ਕ ਸਮਝਦੇ ਸਨ ।ਆਪ ਜੀ ਦੇ ਪਰਿਵਾਰ ਨੂੰ ਗੁਰਦੁਆਰਾ ਸ਼ਹੀਦ ਬੁਰਜ ਸਾਹਿਬ (ਸ਼ਹੀਦੀ ਅਸਥਾਨ ਬਾਬਾ ਜੀਵਨ ਸਿੰਘ ਜੀ ) ਦੀ ਇਕ ਸਦੀ ਤੋਂ ਵੱਧ ਸੇਵਾ ਸੰਭਾਲ਼ ਕਰਨ ਦਾ ਸੁਭਾਗ ਹਾਸਲ ਹੈ ।ਹੁਣ ਸੰਤਾਂ ਦਾ ਸਪੁੱਤਰ ਮੌਜੂਦਾ ਮੁੱਖ ਪ੍ਰਬੰਧਕ ਬਾਬਾ ਧਰਮ ਸਿੰਘ ਖਾਲਸਾ ਜੀ ਤਨ ਮਨ ਨਾਲ ਗੁਰੂ ਘਰ ਦੀ ਕਾਰ ਸੇਵਾ ਤੇ ਸੇਵਾ ਸੰਭਾਲ਼ ਕਰਦੇ ਆ ਰਹੇ ਹਨ ।
ਮਹਾਂ ਪੁਰਖ ਸੰਤ ਬਾਬਾ ਪ੍ਰੀਤਮ ਸਿੰਘ ਜੀ 1 ਫਰਵਰੀ 1996 ਈਸਵੀ ਨੂੰ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ 86ਵਰ੍ਹਿਆਂ ਦੀ ਉਮਰ ਭੋਗ ਕੇ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ। ਉਨ੍ਹਾਂ ਦੀ ਨਿੱਘੀ ਤੇ ਮਿੱਠੀ ਯਾਦ ਨੂੰ ਤਾਜ਼ਾ ਰਖਦਿਆਂ ਹੋਇਆਂ ਸੰਗਤਾਂ ਵਲੋਂ ਹਰ ਸਾਲ ਗੁਰਦੁਆਰਾ ਸ਼ਹੀਦ ਬੁਰਜ ਸਾਹਿਬ ਚਮਕੌਰ ਸਾਹਿਬ ਵਿਖੇ ਬਰਸੀ ਸਮਾਗਮ ਕਰਵਾਇਆ ਜਾਂਦਾ ਹੈ। ਜਿਸ ਵਿਚ ਦੇਸ ਵਿਦੇਸ਼ ਤੋਂ ਸੰਗਤਾਂ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਪਹੁੰਚਦੀਆਂ ਹਨ।
ਹਰ ਸਾਲ ਗੁਰੂਦੁਆਰਾ ਸ਼ਹੀਦ ਬੁਰਜ ਸਾਹਿਬ ਵਿਖੇ ਫ਼ਰਵਰੀ ਦੇ ਪਹਿਲੇ ਹਫਤੇ ਦੇ ਐਤਵਾਰ ਨੂੰ ਸੰਗਤਾਂ ਦੇ ਸਹਿਯੋਗ ਨਾਲ ਸੰਤਾਂ ਦੀ ਬਰਸੀ ਮਨਾਈ ਜਾਂਦੀ ਹੈ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਬਾਅਦ ਕੀਰਤਨ ਦਰਬਾਰ ਵੀ ਸਜਾਏ ਜਾਂਦੇ ਹਨ ਤੇ ਗੁਰੂ ਕਾ ਲੰਗਰ ਅਤੁੱਟ ਵਰਤਦਾ ਹੈ ਜੀ ।
94630-90551 98146-52551
ਜ਼ਰੂਰੀ ਬੇਨਤੀ
ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ ਨੂੰ ਬੇਨਤੀ ਹੈ ਕਿ ਗੁਰੁਦਵਾਰਾ ਸਹੀਦ ਬੁਰਜ ਸਾਹਿਬ ਜੀ ਦੇ ਲੰਗਰ ਹਾਲ ਦੀ ਇਮਾਰਤ ਦੀ ਕਾਰ ਸੇਵਾ ਜਾਰੀ ਹੈ ਸਹਿਜੋਗ ਲਈ ਮੁੱਖ ਪ੍ਰਬੰਧਕ, ਬਾਬਾ ਧਰਮ ਸਿੰਘ ਖਾਲਸਾ ਜੀ ਨਾਲ ਹੇਠ ਲਿਖੇ ਨੰਬਰਾਂ ਤੇ ਸਪਰਕ ਕੀਤਾ ਜਾਵੇ ਜੀ