ਨਕੋਦਰ: ਸਟੇਟ ਪਬਲਿਕ ਸਕੂਲ ਨਕੋਦਰ ਵਿੱਚ ਵਾਤਾਵਰਨ ਸ਼ੁੱਧਤਾ ਨੂੰ ਮੁੱਖ ਰੱਖਦੇ ਹੋਏ ‘ਰੁੱਖ ਲਗਾਓ’ ਪ੍ਰੋਗਰਾਮ ਅਧੀਨ ਵੱਖ-ਵੱਖ ਪੌਦੇ ਲਗਾਏ ਗਏ । ਇਸ ਮੁਹਿੰਮ ਦਾ ਆਰੰਭ ਮੁੱਖ ਮਹਿਮਾਨ ਤਹਿਸੀਲਦਾਰ ਸਰਦਾਰ ਗੁਰਦੀਪ ਸਿੰਘ ਸੰਧੂ ਜੀ ਦੁਆਰਾ ਪੌਦੇ ਲਗਾ ਕੇ ਕੀਤਾ ਗਿਆ । ਇਸ ਮੌਕੇ ‘ਤੇ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਨਰੋਤਮ ਸਿੰਘ ,ਉਪ-ਪ੍ਰਧਾਨ ਡਾ. ਗਗਨਦੀਪ ਕੌਰ ,ਮੈਨੇਜਿੰਗ ਡਾਇਰੈਕਟਰ ਸਰਦਾਰ ਅਨਮੋਲ ਸਿੰਘ, ਡਾਇਰੈਕਟਰ ਡਾ.ਰਿਤੂ ਭਨੋਟ, ਪ੍ਰਿੰਸੀਪਲ ਡਾਕਟਰ ਸੋਨੀਆ ਸਚਦੇਵਾ ,ਅਧਿਆਪਕਾਂ ਅਤੇ ਵਿਦਿਆਰਥੀਆਂ ਦੁਆਰਾ ਵੱਖ -ਵੱਖ ਪੌਦੇ ਜਿਵੇਂ ਸ਼ੀਸ਼ਮ, ਤੁਣ, ਸਾਗਵਾਨ, ਟਾਹਲੀ ਆਦਿ ਲਗਾਏ ਗਏ। ਬੱਚਿਆਂ ਦੁਆਰਾ ਇਹ ਪ੍ਰਣ ਲਿਆ ਗਿਆ ਕਿ ਉਹ 50 ਪੌਦੇ ਜ਼ਰੂਰ ਲਗਾਉਣਗੇ ਅਤੇ ਉਨ੍ਹਾਂ ਦੀ ਸਾਂਭ -ਸੰਭਾਲ ਵੀ ਕਰਨਗੇ।
ਇਸ ਮੌਕੇ ‘ਤੇ ਸੰਬੋਧਨ ਕਰਦਿਆਂ ਸਰਦਾਰ ਗੁਰਦੀਪ ਸਿੰਘ ਸੰਧੂ ਜੀ ਨੇ ਕਿਹਾ ਕਿ ਰੁੱਖਾਂ ਦਾ ਸਾਡੇ ਜੀਵਨ ਵਿੱਚ ਬਹੁਤ ਮਹੱਤਵ ਹੈ। ਆਪਣੇ ਵਾਤਾਵਰਨ , ਧਰਤੀ ,ਪਾਣੀ ਤੇ ਆਉਣ ਵਾਲੀ ਨੌਜਵਾਨ ਪੀੜ੍ਹੀ ਦੇ ਭਵਿੱਖ ਨੂੰ ਬਚਾਉਣ ਲਈ ਉਹਨਾਂ ‘ਰੁੱਖ ਲਗਾਓ ਜੀਵਨ ਬਚਾਓ’ਦਾ ਸੰਦੇਸ਼ ਦਿੱਤਾ । ਸਕੂਲ ਪ੍ਰਧਾਨ ਡਾਕਟਰ ਨਰੋਤਮ ਸਿੰਘ ਜੀ ਨੇ ਕਿਹਾ ਕਿ ਸਾਨੂੰ ਵਾਤਾਵਰਨ ਨੂੰ ਸੁਰੱਖਿਅਤ ਰੱਖਣ ਲਈ, ਧਰਤੀ ਨੂੰ ਭੂ-ਖੋਰ ਅਤੇ ਹੋਰ ਅਨੇਕਾਂ ਅਲਾਮਤਾਂ ਤੋਂ ਬਚਾਉਣ ਲਈ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ ਅਤੇ ਆਪਣੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਕਰਨ ਲਈ ਪਹਿਲਕਦਮੀ ਕਰਨੀ ਚਾਹੀਦੀ ਹੈ।
ਇਸ ਮੌਕੇ ‘ਤੇ ਸਕੂਲ ਦੇ ਨਰਸਰੀ ਵਿੰਗ ਵਿਭਾਗ ਵਿੱਚ ਸ੍ਰੀਮਤੀ ਸੀਮਾ ਜੈਨ ਦੀ ਅਗਵਾਈ ਵਿੱਚ ਨੰਨ੍ਹੇ -ਮੁੰਨ੍ਹੇ ਬੱਚਿਆਂ ਦੁਆਰਾ ‘ਹਰਿਆਲੀ ਤੀਜ’ ਵੀ ਮਨਾਈ ਗਈ। ਇਸ ਮੌਕੇ ‘ਤੇ ਬੱਚਿਆਂ ਦੁਆਰਾ ਗਿੱਧਾ, ਭੰਗੜਾ ਅਤੇ ਹੋਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ ਅਤੇ ਵੱਖ-ਵੱਖ ਖਾਣਿਆਂ ਦਾ ਆਨੰਦ ਲਿਆ ਗਿਆ। ਨੰਨ੍ਹੇ-ਮੁੰਨ੍ਹੇ ਬੱਚੇ ਸੁੰਦਰ ਪੁਸ਼ਾਕਾਂ ਵਿੱਚ ਸਜੇ ਹੋਏ ਬਹੁਤ ਮਨਮੋਹਕ ਲੱਗ ਰਹੇ ਸਨ। ਅੰਤ ਵਿੱਚ ਪ੍ਰਿੰਸੀਪਲ ਡਾਕਟਰ ਸੋਨੀਆ ਸਚਦੇਵਾ ਜੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਉਪਹਾਰ ਵਜੋਂ ਤੁਲਸੀ ਦਾ ਪੌਦਾ ਭੇਂਟ ਕੀਤਾ। ਉਨ੍ਹਾਂ ਬੱਚਿਆਂ ਦੀ ਹੌਂਸਲਾ ਅਫਜ਼ਾਈ ਕਰਦਿਆਂ ਉਨ੍ਹਾਂ ਨੂੰ ਆਪਣੇ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਪ੍ਰੇਰਿਤ ਕੀਤਾ ਅਤੇ ਵਾਤਾਵਰਨ ਨੂੰ ਬਚਾਈ ਰੱਖਣ ਲਈ ਵੱਧ ਤੋਂ ਵੱਧ ਪੌਦੇ ਲਗਾਉਣ ਤੇ ਉਹਨਾਂ ਦੀ ਦੇਖਭਾਲ ਕਰਨ ਲਈ ਪ੍ਰੇਰਿਤ ਕੀਤਾ।
ਸਰਵਣ ਹੰਸ