ਨਵੀਂ ਦਿੱਲੀ: ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਜਸਪ੍ਰੀਤ ਸਿੰਘ ਢਿੱਲੋ ਯੂਥ ਵੈਲਫੇਅਰ ਕਲੱਬ ਰਜਿਸਟਰ ਪੰਜਾਬ ਦੇ ਪ੍ਰਧਾਨ ਨੇ ਦੱਸਿਆ ਕਿ ਵਰਲਡ ਪੀਸ ਆਫ਼ ਯੂਨਾਇਟਡ ਨੇਸ਼ਨਜ਼ ਯੂਨੀਵਰਸਿਟੀ ਵੱਲੋਂ ਸਮਾਜ ਸੇਵੀ ਤੇ ਰਾਸ਼ਟਰੀ ਯੁਵਾ ਯੋਜਨਾ ਦੇ ਪੰਜਾਬ ਪ੍ਰਧਾਨ ਸ੍ਰ. ਅਮਰੀਕ ਸਿੰਘ ਕਲੇਰ ਨੂੰ ਡਾਕਟਰੇਟ (ਡਾ.) ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ ਹੈ । ਨਵੀਂ ਦਿੱਲੀ ਵਿਖੇ ਔਨਰੇਰੀ ਡਾਕਟਰੇਟ ਅਵਾਰਡ ਕੌਂਸਲ ਅਤੇ ਮਨਿਸਟਰੀ ਆਫ਼ ਕਾਰਪੋਰੇਟ ਅਫੇਅਰਜ਼ ਭਾਰਤ ਸਰਕਾਰ ਵੱਲੋਂ ਕਰਵਾਏ ਗਏ ਇੱਕ ਪ੍ਰਭਾਵ਼ਸ਼ਾਲੀ ਸਮਾਗਮ ਵਿੱਚ ਪ੍ਰਸਿੱਧ ਸਮਾਜ ਸੇਵੀ , ਖੂਨਦਾਨੀ ਅਤੇ ਰਾਸ਼ਟਰੀ ਯੁਵਾ ਮਾਮਲਿਆਂ ਨਾਲ ਲੰਬੇ ਸਮੇਂ ਤੋਂ ਜੁੜੇ ਰਹੇ ਅਮਰੀਕ ਸਿੰਘ ਕਲੇਰ ਨੂੰ ਉਹਨਾਂ ਦੀਆਂ ਸਮਾਜ ਪ੍ਰਤੀ ਸੇਵਾਵਾਂ ਅਤੇ ਨੌਜਵਾਨਾਂ ਨੂੰ ਨਵੀਂ ਸੇਧ ਦੇਣ ਦੀਆਂ ਕੋਸ਼ਿਸ਼ਾਂ ਸਦਕਾ ਆਨਰੇਰੀ ਡਾਕਟਰੇਟ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ ਹੈ । ਅਮਰੀਕ ਸਿੰਘ ਕਲੇਰ ਪਿਛਲੇ ਚਾਲੀ ਸਾਲ ਤੋਂ ਵਧੇਰੇ ਸਮੇਂ ਵਿੱਚ ਨੌਜਵਾਨਾਂ ਅਤੇ ਸਮਾਜ ਸੇਵਾ ਦੀਆਂ ਗਤੀਵਿਧੀਆਂ ਵਿੱਚ ਵੱਧ ਚੜ੍ਹ ਕੇ ਆਪਣਾ ਯੋਗਦਾਨ ਪਾਉਂਦੇ ਰਹੇ ਹਨ । ਇਹਨਾਂ ਗਤੀਵਿਧੀਆਂ ਸਦਕਾ ਅਮਰੀਕ ਸਿੰਘ ਕਲੇਰ ਨੂੰ ਰਾਸ਼ਟਰੀ ਯੁਵਾ ਅਵਾਰਡ ਤੇ ਸ਼ਹੀਦ ਭਗਤ ਸਿੰਘ ਸਟੇਟ ਅਵਾਰਡ ਵੀ ਮਿਲ ਚੁੱਕੇ ਹਨ । ਅਮਰੀਕ ਸਿੰਘ ਕਲੇਰ ਨੇ ਹਮੇਸ਼ਾ ਹੀ ਨੌਜਵਾਨਾਂ ਨੂੰ ਦੇਸ਼ ਸੇਵਾ ਤੇ ਸਮਾਜ ਸੇਵਾ ਲਈ ਪ੍ਰੇਰਿਤ ਕੀਤਾ ਹੈ । ਅਮਰੀਕ ਸਿੰਘ ਕਲੇਰ ਨੇ ਆਪਣੀ ਜ਼ਿੰਦਗੀ ਵਿੱਚ ਪਿਛਲੇ ਮਹੀਨੇ ਹੀ 116 ਵੀਂ ਵਾਰੀ ਖੂਨਦਾਨ ਕੀਤਾ ਹੈ । ਪਿਛਲੇ ਲੰਬੇ ਸਮੇਂ ਤੋਂ ਅਮਰੀਕ ਸਿੰਘ ਕਲੇਰ ਨੇ ਵੱਖ ਵੱਖ ਸੂਬਿਆਂ ਅਤੇ ਖਾਸਕਰ ਪੰਜਾਬ ਦੇ ਪੇਂਡੂ ਖੇਤਰ ਦੇ ਯੂਥ ਕਲੱਬਾਂ ਤੇ ਸਪੋਰਟਸ ਕਲੱਬਾਂ ਦੇ ਨੌਜਵਾਨਾਂ ਨੂੰ ਸਮਾਜ ਸੇਵਾ ਲਈ ਪ੍ਰੇਰਿਤ ਕੀਤਾ ਹੈ । ਉਹਨਾਂ ਨੌਜਵਾਨਾਂ ਨੂੰ ਕੁਦਰਤੀ ਆਫ਼ਤਾਂ ਜਿਵੇਂ ਹੜ੍ਹਾਂ ਵੇਲੇ ਲੋੜਵੰਦਾਂ ਦੀ ਮੱਦਦ ਕਰਨਾ ਅਤੇ ਕਿਸਾਨੀ ਸੰਘਰਸ਼ ਮੌਕੇ ਵੀ ਕਿਸਾਨਾਂ ਮਜ਼ਦੂਰਾਂ ਦੀ ਹਮਾਇਤ ਕਰਨ ਦੀ ਪ੍ਰੇਰਨਾ ਦਿੱਤੀ ਤਾਂ ਜੋ ਸਮਾਜ ਦੇ ਦੱਬੇ ਕੁਚਲੇ ਲੋਕਾਂ ਦੀ ਮੱਦਦ ਸਮੇਂ ਸਿਰ ਕੀਤੀ ਜਾ ਸਕੇ । ਸਮਾਜ ਸੇਵੀ ਅਮਰੀਕ ਸਿੰਘ ਕਲੇਰ ਨੂੰ ਇਸ ਡਾਕਟਰੇਟ ਦੀ ਉਪਾਧੀ ਨਾਲ ਸਨਮਾਨ ਕਰਕੇ ਵਰਲਡ ਪੀਸ ਆਫ਼ ਯੂਨਾਇਟਿਡ ਨੇਸ਼ਨਜ਼ ਯੂਨੀਵਰਸਿਟੀ ਨੇ ਨੌਜਵਾਨਾਂ ਤੇ ਸਮਾਜ ਸੇਵੀਆਂ ਦੇ ਮਾਣ ਵਿੱਚ ਵਾਧਾ ਕੀਤਾ ਹੈ ।
ਸਰਵਣ ਹੰਸ