ਨਕੋਦਰ: ਨਕੋਦਰ ਹਲਕੇ ਵਾਸੀਆਂ ਲਈ ਵੱਡੀ ਖੁਸ਼ਖਬਰੀ, ਜਿਸ ਦਾ ਸਹਿਰ ਹਲਕਾ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ ਦੇ ਯਤਨਾਂ ਨੂੰ ਜਾਂਦਾ ਹੈ। ਕੈਬਿਨਟ ਮੰਤਰੀ ਸ. ਹਰਭਜਨ ਸਿੰਘ ਈਟੀਓ ਵੱਲੋਂ ਪੰਜਾਬ ਸਰਕਾਰ ਦੇ ਵਿਕਾਸ ਲਈ ਵਾਧੂ ਕਦਮ ਚੁੱਕਦਿਆਂ, ਬਿਜਲੀ ਪੱਖੋਂ ਪੰਜਾਬ ਨੂੰ ਸਰਪਲਸ ਬਣਾਉਣ ਅਤੇ ਲੋਕਾਂ ਦੀਆਂ ਸਹੂਲਤਾਂ ਨੂੰ ਧਿਆਨ ਵਿੱਚ ਰੱਖਦਿਆਂ, ਨਕੋਦਰ ਵਿਖੇ 7 ਕਰੋੜ ਰੁਪਏ ਦੀ ਲਾਗਤ ਨਾਲ ਨਵੇਂ 66 ਕੇਵੀ ਪਾਵਰ ਸਬ ਸਟੇਸ਼ਨ ਦਾ ਨੀਹ ਪੱਥਰ ਰੱਖਿਆ ਗਿਆ ਹੈ।
ਬਿਜਲੀ ਮੰਤਰੀ ਸ. ਹਰਭਜਨ ਸਿੰਘ ਈਟੀਓ ਨੇ ਪ੍ਰੈਸ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਇਸ ਪ੍ਰੋਜੈਕਟ ਨਾਲ ਇਲਾਕੇ ਦੇ 37 ਤੋਂ ਵੱਧ ਪਿੰਡਾਂ ਨੂੰ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਸਬ ਸਟੇਸ਼ਨ ਨਾਲ ਇਲਾਕੇ ਵਿੱਚ ਬਿਜਲੀ ਸਪਲਾਈ ਦੇ ਬੁਨਿਆਦੀ ਢਾਂਚੇ ਵਿੱਚ ਖਾਸਾ ਸੁਧਾਰ ਹੋਵੇਗਾ। ਉਨ੍ਹਾਂ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਿਜਲੀ ਵਿਭਾਗ ਵਿੱਚ ਬਹੁਤ ਜਲਦ ਹੋਰ ਮੁਲਾਜ਼ਮ ਭਰਤੀ ਕੀਤੇ ਜਾਣਗੇ। ਇਸ ਤੋਂ ਇਲਾਵਾ, ਪੰਜਾਬ ਸਰਕਾਰ ਦੀ ਮੁਫਤ ਬਿਜਲੀ ਸਕੀਮ ਤਹਿਤ ਲੋਕਾਂ ਨੂੰ ਹਰ ਮਹੀਨੇ 300 ਯੂਨਿਟ ਬਿਜਲੀ ਮੁਫਤ ਦਿੱਤੀ ਜਾਵੇਗੀ।
ਇਸ ਮੌਕੇ ‘ਤੇ ਹਲਕਾ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ ਨੇ ਦੱਸਿਆ ਕਿ ਇਹ ਪ੍ਰੋਜੈਕਟ ਹਲਕੇ ਦੇ ਲੋਕਾਂ ਦੀ ਲੰਬੇ ਸਮੇਂ ਤੋਂ ਚੱਲ ਰਹੀ ਮੁੱਖ ਮੰਗ ਨੂੰ ਪੂਰਾ ਕਰੇਗਾ। ਇਹ ਪ੍ਰੋਜੈਕਟ 132 ਕੇਵੀ ਨਕੋਦਰ, 220 ਕੇਵੀ ਨੂਰਮਹਿਲ ਅਤੇ 66 ਕੇਵੀ ਸਮਸਾਬਾਦ ਸਬ ਸਟੇਸ਼ਨਾਂ ਦੇ ਲੋਡ ਨੂੰ ਘਟਾਏਗਾ, ਜਿਸ ਨਾਲ ਇਹਨਾਂ ਸਟੇਸ਼ਨਾਂ ਦੀ ਸਮਰੱਥਾ ਵਿੱਚ ਸੁਧਾਰ ਆਵੇਗਾ। ਬਿਜਲੀ ਮੰਤਰੀ ਸਹਿਤ ਬੀਬੀ ਇੰਦਰਜੀਤ ਕੌਰ ਮਾਨ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਵੱਲੋਂ ਅਜੇਹੇ ਹੋਰ ਵਿਕਾਸ ਪ੍ਰੋਜੈਕਟ ਲਾਗੂ ਕਰਕੇ ਲੋਕਾਂ ਦੀਆਂ ਮੰਗਾਂ ਨੂੰ ਪੂਰਾ ਕੀਤਾ ਜਾਵੇਗਾ।
ਸਰਵਣ ਹੰਸ