ਮੱਲ੍ਹੀਆ ਕਲਾਂ : ਚਿੱਟੀ ਵੇਈਂ ਜੋ ਹੁਣ ਪ੍ਰਦੂਸ਼ਿਤ ਹੋ ਕੇ ਕਾਲੀ ਵੇਈਂ ਨਾਲ ਪ੍ਰਸਿੱਧ ਹੋ ਚੁੱਕੀ ਹੈ, ’ਚ ਵੇਲ-ਬੂਟੀ ਦੇ ਜਮਾਵੜੇ ਕਾਰਨ ਪਾਣੀ ਦਾ ਵਹਾਅ ਠੀਕ ਹੋਣ ਕਾਰਨ ਹੜ੍ਹਾਂ ਨੂੰ ਸੱਦਾ ਦੇ ਰਿਹਾ ਹੈ। ਹਿਮਾਚਲ ਦੇ ਪਹਾੜਾਂ ਤੇ ਜ਼ਿਲ੍ਹਾ ਹੁਸ਼ਿਆਰਪੁਰ ’ਚੋਂ ਹੁੰਦੀ ਹੋਈ ਦੁਆਬਾ ਖੇਤਰ ਰਾਹੀਂ ਲੰਘਦੀ ਹੈ, ਉਤੇ ਨਕੋਦਰ-ਕਪੂਰਥਲਾ ਮੁੱਖ ਮਾਰਗ ’ਤੇ ਅੱਡਾ ਮੱਲ੍ਹੀਆਂ ਕਲਾਂ ਨੇੜੇ ਇਸ ਉੱਪਰ ਕਾਫੀ ਪੁਰਾਣਾ ਪੁਲ਼ ਬਣਿਆ ਹੋਇਆ ਹੈ। ਇਸ ਪੁਲ਼ ਦੇ ਕੰਢੇ ਵੀ ਟੁੱਟ ਚੁੱਕੇ ਹਨ ਤੇ ਪੁਲ ਉੱਪਰ ਦੋਵੇਂ ਪਾਸੇ ਘਾਹ-ਫੂਸ ਉੱਗਿਆ ਹੋਇਆ ਹੈ। ਪੁਲ ਕਾਫੀ ਖ਼ਸਤਾ ਹਾਲਤ ਹੈ ਤੇ ਭਾਰੀ ਗੱਡੀਆਂ ਦੇ ਲੰਘਣ ਨਾਲ ਹਿਲਦਾ ਵੀ ਨਜ਼ਰ ਆਉਂਦਾ ਹੈ, ਜਿਸ ਕਾਰਨ ਪੁਲ਼ ਤੋਂ ਲੰਘਣ ਵੇਲੇ ਲੋਕ ਹਮੇਸ਼ਾ ਡਰੇ ਹੋਏ ਤੇ ਖ਼ਤਰੇ ’ਚੋਂ ਲੰਘਦੇ ਹਨ। ਪੁਲ਼ ਦੇ ਹੇਠਾਂ ਪਾਣੀ ’ਚ ਬੂਟੀ ਜੰਮੀ ਹੋਈ ਹੈ ਜਿਸ ਨਾਲ ਪਾਣੀ ਦਾ ਵਹਾਅ ਪੂਰੀ ਤਰ੍ਹਾਂ ਨਹੀਂ ਹੋ ਰਿਹਾ। ਬਰਸਾਤ ਦੇ ਮੌਸਮ ’ਚ ਪਾਣੀ ਦਾ ਪੱਧਰ ਵਧੇਗਾ ਤਾਂ ਇਸ ਵੇਲ-ਬੂਟੀ ਨਾਲ ਪਾਣੀ ਕੰਢਿਆਂ ਵੱਲ ਫੈਲੇਗਾ ਜੋ ਕਿ ਹੜ੍ਹ ਦਾ ਕਾਰਨ ਬਣ ਸਕਦਾ ਹੈ।
ਮੱਲ੍ਹੀਆਂ ਕਲਾਂ ਦੇ ਸਾਬਕਾ ਸਰਪੰਚ ਅਮਰਜੀਤ ਸਿੰਘ ਮਠਾੜੂ, ਅਵਤਾਰ ਸਿੰਘ ਮੱਲੀ, ਬਲਾਕ ਪ੍ਰਧਾਨ ਨਕੋਦਰ ਕਾਂਗਰਸ ਤਰਲੋਚਨ ਸਿੰਘ ਸੰਘਾ, ਦੀਨਾ ਨਾਥ, ਸਾਬਕਾ ਸਰਪੰਚ ਮੁਖਤਿਆਰ ਸਿੰਘ ਹੇਅਰ, ਕਿਸਾਨ ਆਗੂ ਮੇਜਰ ਸਿੰਘ ਗਿੱਲ, ਠੇਕੇਦਾਰ ਕੁਲਦੀਪ ਸਿੰਘ ਮਠਾੜੂ ਤੇ ਜਥੇਦਾਰ ਹਰਜਿੰਦਰ ਸਿੰਘ ਜਹਾਂਗੀਰ ਨੇ ਕਿਹਾ ਕਿ ਕਈ ਵਾਰ ਸਮੇਂ ਦੀਆਂ ਸਰਕਾਰਾ ਤੇ ਪ੍ਰਸ਼ਾਸਨ ਨੂੰ ਚਿੱਟੀ ਵੇਈਂ ਦੀ ਸਾਫ ਸਫਾਈ ਕਰਨ ਵਾਸਤੇ ਕਿਹਾ ਜਾ ਚੁੱਕਾ ਹੈ ਪਰ ਪਿਛਲੇ ਕਈ ਸਾਲਾਂ ਤੋਂ ਇਸ ਦੀ ਸਫਾਈ ਨਹੀਂ ਕੀਤੀ ਗਈ। ਇਸ ਕਾਰਨ ਜਦੋਂ ਵੇਈਂ ’ਚ ਪਾਣੀ ਦਾ ਪੱਧਰ ਵਧਦਾ ਹੈ ਤਾਂ ਹੜ੍ਹਾਂ ਦੀ ਸਥਿਤੀ ਪੈਦਾ ਹੋ ਜਾਂਦੀ ਹੈ। ਉਕਤ ਲੋਕਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਨੂੰ ਜਲਦੀ ਤੋਂ ਜਲਦੀ ਸਾਫ ਕਰਾ ਕੇ ਇਲਾਕੇ ਦੇ ਲੋਕਾਂ ਦੀ ਪਰੇਸ਼ਾਨੀ ਨੂੰ ਦੂਰ ਕੀਤਾ ਜਾਵੇ। ਵਿਸ਼ੇਸ਼ ਗੱਲ ਇਹ ਵੀ ਹੈ ਕਿ ਇਹ ਮਾਰਗ ਦੋ ਜਿਲਿ੍ਹਆਂ-ਕਪੂਰਥਲਾ ਤੇ ਜਲੰਧਰ ਨੂੰ ਜੋੜਦਾ ਹੈ। ਇਸ ਲਈ ਇਸ ਮਾਰਗ ਦੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ। ਸਰਕਾਰ ਤੇ ਪ੍ਰਸ਼ਾਸਨ ਨੂੰ ਇਸ ਵੱਲ ਖਾਸ ਧਿਆਨ ਦੇਣ ਦੀ ਲੋੜ ਹੈ।