ਸ਼ਾਹਕੋਟ : ਸਤਲੁਜ ਦਰਿਆ ‘ਚ ਪਾਣੀ ਦਾ ਪੱਧਰ ਵਧਣ ਤੋਂ ਬਾਅਦ ਲੋਹੀਆਂ ਇਲਾਕੇ ‘ਚ ਹੜ੍ਹਾਂ ਦਾ ਮੁੱਖ ਕਾਰਨ ਬਣਦੀ ਗਿੱਦੜਪਿੰਡੀ ਰੇਲਵੇ ਪੁਲ਼ ਹੇਠਾਂ ਜੰਮੀ ਮਿੱਟੀ ਨੂੰ ਕੱਢਣ ਦਾ ਕੰਮ ਲਗਾਤਾਰ ਜਾਰੀ ਹੈ।
ਮਿੱਟੀ ਨਾਲ ਭਰੇ ਟਿੱਪਰਾਂ ਨੂੰ ਦਰਿਆ ‘ਚੋਂ ਬਾਹਰ ਕੱਢਣ ਲਈ ਕੋਈ ਢੁੱਕਵਾਂ ਰਸਤਾ ਨਾ ਹੋਣ ਕਰ ਕੇ ਬੰਨ੍ਹ ਨੂੰ ਤੋੜ ਕੇ ਜਾਣਾ ਪੈਂਦਾ ਸੀ ਜਦਕਿ ਪੁਰਾਣੀ ਲੋਹੀਆਂ-ਮੱਖੂ ਰੋਡ ‘ਤੇ ਰੇਲਵੇ ਲਾਈਨ ਦੇ ਉੱਪਰੋਂ ਜਾਣ ਲਈ ਰੇਲਵੇ ਫਾਟਕ ਦੀ ਬਹੁਤ ਲੋੜ ਸੀ। ਆਰਜ਼ੀ ਰੇਲਵੇ ਫਾਟਕ ਲਾਉਣ ਦੀ ਮੰਗ ਨੂੰ ਮੰਨਵਾਉਣ ਲਈ ਪਹਿਲਕਦਮੀ ਕਰਦਿਆਂ ਭਾਜਪਾ ਦੇ ਸੀਨੀਅਰ ਆਗੂ ਰਾਣਾ ਹਰਦੀਪ ਸਿੰਘ ਨੇ ਰੇਲਵੇ ਮੰਤਰੀ ਤੇ ਅਧਿਕਾਰੀਆਂ ਨਾਲ ਗੱਲਬਾਤ ਕਰ ਕੇ ਫਾਟਕ ਮਨਜ਼ੂਰ ਕਰਵਾ ਕੇ ਇਲਾਕੇ ਦੇ ਲੋਕਾਂ ਦੀ ਮੰਗ ਨੂੰ ਪੂਰਾ ਕੀਤਾ ਹੈ।
ਇਸ ਸਬੰਧੀ ਗੱਲਬਾਤ ਕਰਦਿਆਂ ਹੜ੍ਹ ਰੋਕੂ ਕਮੇਟੀ ਦੇ ਪ੍ਰਧਾਨ ਕੁਲਵਿੰਦਰ ਸਿੰਘ ਜੰਮੂ ਨੇ ਦੱਸਿਆ ਕਿ ਇਲਾਕੇ ‘ਚ ਹਰ ਵਾਰ ਹੜ੍ਹ ਆਉਣ ਦਾ ਮੁੱਖ ਕਾਰਨ ਰੇਲਵੇ ਪੁਲ਼ ਦੇ ਹੇਠ ਲੰਮੇ ਸਮੇਂ ਤੋਂ ਜੰਮੀ ਹੋਈ ਮਿੱਟੀ ਹੈ। ਉਨ੍ਹਾਂ ਵੱਲੋਂ ਮਿੱਟੀ ਨੂੰ ਕੱਢਣ ਦੀ ਮੰਗ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਸੀ। ਸਰਕਾਰ ਵੱਲੋਂ ਹੁਣ ਮਿੱਟੀ ਕੱਢਣ ਦਾ ਕੰਮ ਕਰਵਾਇਆ ਜਾ ਰਿਹਾ ਹੈ। ਮੀਂਹ ਪੈਣ ਕਰ ਕੇ ਦਰਿਆ ‘ਚ ਦਲਦਲ ਬਣਨ ਕਾਰਨ ਮਿੱਟੀ ਕੱਢਣ ਲਈ ਵਰਤੀ ਜਾਂਦੀ ਮਸ਼ੀਨਰੀ ਤੇ ਟਿੱਪਰਾਂ ਨੂੰ ਦਰਿਆ ‘ਚੋਂ ਬਾਹਰ ਕੱਢਣ ਵਿਚ ਮੁਸ਼ਿਕਲਾਂ ਝੱਲਣੀਆਂ ਪੈਂਦੀਆਂ ਸਨ ਤੇ ਮਿੱਟੀ ਦੀ ਨਿਕਾਸੀ ਲਈ ਬੰਨ੍ਹ ਤੋੜ ਕੇ ਰਸਤਾ ਬਣਾਉਣਾ ਪੈਂਦਾ ਸੀ, ਜਿਸ ਕਾਰਨ ਮੱਖੂ ਇਲਾਕੇ ਦੇ ਕੁਝ ਵਿਅਕਤੀਆਂ ਨਾਲ ਉਨ੍ਹਾਂ ਦੀ ਤਕਰਾਰ ਵੀ ਹੋਈ।
ਇਸ ਸਮੱਸਿਆ ਦੇ ਹੱਲ ਲਈ ਹੜ੍ਹ ਰੋਕੂ ਕਮੇਟੀ ਨੇ ਰੇਲਵੇ ਲਾਈਨ ਦੇ ਉੱਪਰੋਂ ਟਿੱਪਰਾਂ ਤੇ ਮਸ਼ੀਨਾਂ ਨੂੰ ਲੰਘਾਉਣ ਦਾ ਸੁਝਾਅ ਪੇਸ਼ ਕੀਤਾ ਸੀ ਪਰ ਇਸ ਲਈ ਆਰਜ਼ੀ ਰੇਲਵੇ ਫਾਟਕ ਦੀ ਜ਼ਰੂਰਤ ਸੀ। ਕਮੇਟੀ ਦੇ ਕੁਝ ਵਿਅਕਤੀਆਂ ਵੱਲੋਂ ਭਾਜਪਾ ਦੇ ਸੀਨੀਅਰ ਆਗੂ ਰਾਣਾ ਹਰਦੀਪ ਸਿੰਘ ਨਾਲ ਸੰਪਰਕ ਕੀਤਾ ਗਿਆ ਸੀ, ਜਿਨ੍ਹਾਂ ਮਸਲੇ ਦਾ ਹੱਲ੍ਹ ਕਰਵਾਉਣ ਲਈ ਪਹਿਲਕਦਮੀ ਕੀਤੀ। ਇਸ ਸਬੰਧੀ ਭਾਜਪਾ ਆਗੂ ਰਾਣਾ ਹਰਦੀਪ ਸਿੰਘ ਨੇ ਕਿਹਾ ਕਿ ਪਿਛਲੇ ਸਾਲ ਜੁਲਾਈ ਮਹੀਨੇ ‘ਚ ਹੜ੍ਹ ਆਉਣ ਤੋਂ ਬਾਅਦ ਇਲਾਕੇ ਦੇ ਪੀੜਤ ਲੋਕ ਮਿੱਟੀ ਕੱਢਣ ਦੀ ਮੰਗ ਵਾਰ ਵਾਰ ਉਠਾ ਰਹੇ ਸਨ, ਜਿਸ ਨੂੰ ਸਰਕਾਰ ਨੇ ਮੰਨ ਤਾਂ ਲਿਆ ਪਰ ਮਿੱਟੀ ਦੀ ਨਿਕਾਸੀ ਦਾ ਕੋਈ ਢੁੱਕਵਾਂ ਹੱਲ ਨਹੀਂ ਲੱਭਿਆ। ਹੜ੍ਹ ਰੋਕੂ ਕਮੇਟੀ ਵੱਲੋਂ ਸੰਪਰਕ ਕਰਨ ਤੋਂ ਬਾਅਦ ਉਨ੍ਹਾਂ ਮੌਕੇ ‘ਤੇ ਜਾ ਕੇ ਕਿਸਾਨਾਂ ਨਾਲ ਗੱਲਬਾਤ ਕੀਤੀ ਤੇ ਫਿਰ ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨਾਲ ਸੰਪਰਕ ਕੀਤਾ।
ਉਨ੍ਹਾਂ ਰੇਲਵੇ ਡਵੀਜ਼ਨ ਫਿਰੋਜ਼ਪੁਰ ਦੇ ਐੱਸਡੀਓ ਰਮੇਸ਼ ਸੋਲੰਕੀ ਦੀ ਡਿਊਟੀ ਲਗਾਈ, ਜਿਨ੍ਹਾਂ ਦੇ ਨਾਲ ਸੋਮਵਾਰ ਨੂੰ ਗਿੱਦੜਪਿੰਡੀ ਪੁੱਲ ਦਾ ਦੌਰਾ ਕੀਤਾ ਗਿਆ। ਰਾਣਾ ਹਰਦੀਪ ਸਿੰਘ ਨੇ ਦੱਸਿਆ ਕਿ ਕਮੇਟੀ ਵੱਲੋਂ ਜੋ ਆਰਜੀ ਫਾਟਕ ਲਗਾਉਣ ਦੀ ਮੰਗ ਕੀਤੀ ਜਾ ਰਹੀ ਸੀ, ਉਸਨੂੰ ਮਨਜ਼ੂਰ ਕਰ ਲਿਆ ਗਿਆ ਹੈ। ਜਲਦ ਹੀ ਰੇਲਵੇ ਕਰਾਸਿੰਗ ‘ਤੇ ਫਾਟਕ ਲੱਗ ਜਾਵੇਗਾ, ਜਿਸ ਨਾਲ ਮਿੱਟੀ ਦੀ ਨਿਕਾਸੀ ਲਈ ਵਾਹਨਾਂ ਨੂੰ ਕੋਈ ਸਮੱਸਿਆ ਪੇਸ਼ ਨਹੀਂ ਆਵੇਗੀ।
ਉਨ੍ਹਾਂ ਦੱਸਿਆ ਕਿ ਮਿੱਟੀ ਕੱਢਣ ਦਾ ਠੇਕਾ ਜੀਆਰ ਇਨਫੋਟੈੱਕ ਕੰਪਨੀ ਕੋਲ ਹੈ, ਜਿਨ੍ਹਾਂ ਵੱਲੋਂ ਇਹ ਮਿੱਟੀ ਨੈਸ਼ਨਲ ਹਾਈਵੇਅ ਦੇ ਚੱਲ ਰਹੇ ਪ੍ਰਾਜੈਕਟਾਂ ਵਿਚ ਵਰਤੀ ਜਾਵੇਗੀ। ਇਸ ਮੌਕੇ ਹੜ੍ਹ ਰੋਕੂ ਕਮੇਟੀ ਦੇ ਆਗੂਆਂ ਵੱਲੋਂ ਭਾਜਪਾ ਆਗੂ ਰਾਣਾ ਹਰਦੀਪ ਸਿੰਘ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਐੱਸਡੀਓ ਮਾਈਨਿੰਗ ਜਲੰਧਰ ਮਨੋਹਰ ਧੀਰ, ਨਾਇਬ ਤਹਿਸੀਲਦਾਰ ਲੋਹੀਆਂ ਸੁਖਵਿੰਦਰ ਸਿੰਘ, ਅੰਮ੍ਰਿਤਪਾਲ ਸਿੰਘ ਜੋਨਾ ਮਲਸੀਆਂ, ਕਵਲਜੀਤ ਸਿੰਘ ਲਾਲੀ ਪੀਏ ਆਦਿ ਹਾਜ਼ਰ ਸਨ।
ਰੇਲਵੇ ਪੁਲ਼ ਹੇਠਾਂ ਜੰਮੀ ਮਿੱਟੀ ਬਣਦੀ ਹੈ ਹੜ੍ਹਾਂ ਦਾ ਕਾਰਨ
ਲੋਹੀਆਂ ਇਲਾਕੇ ਦੇ ਪਿੰਡਾਂ ਵਿਚ ਪਹਿਲਾਂ 2019 ਤੇ ਫਿਰ 2023 ਵਿਚ ਹੜ੍ਹ ਆਇਆ ਸੀ। ਇਸ ਦਾ ਮੁੱਖ ਕਾਰਨ ਗਿੱਦੜਪਿੰਡੀ ਰੇਲਵੇ ਪੁੱਲ ਹੇਠਾਂ ਜੰਮੀ ਮਿੱਟੀ (ਸਿਲਟ) ਨੂੰ ਮੰਨਿਆ ਜਾ ਰਿਹਾ ਹੈ। ਸਤਲੁਜ ਦਰਿਆ ‘ਚ ਮਿੱਟੀ ਤੇ ਰੇਲਵੇ ਪੁਲ ਦੀਆਂ ਨੀਵੀਂਆਂ ਕੈਂਚੀਆਂ ਦੀ ਡਾਫ ਕਾਰਨ ਬੰਨ੍ਹ ਟੁੱਟ ਜਾਂਦੇ ਹਨ ਤੇ ਇਲਾਕੇ ਵਿਚ ਹੜ੍ਹਾਂ ਦੀ ਸਥਿਤੀ ਪੈਦਾ ਹੋ ਜਾਂਦੀ ਹੈ। ਇਲਾਕੇ ਦੇ ਲੋਕਾਂ ਵੱਲੋਂ ਬਣਾਈ ਹੜ੍ਹ ਰੋਕੂ ਕਮੇਟੀ ਵੱਲੋਂ ਮੁੱਖ ਮੰਤਰੀ ਤੇ ਹੋਰ ਉੱਚ ਅਧਿਕਾਰੀਆਂ ਨੂੰ ਦਲੀਲਾਂ ਦਿੱਤੀਆਂ ਜਾਂਦੀਆਂ ਰਹੀਆਂ ਹਨ ਕਿ ਰੇਲਵੇ ਪੁਲ਼ ਦੀਆਂ ਕੈਂਚੀਆਂ ਥੱਲੇ ਦੀ ਥਾਂ ਉੱਪਰ ਨੂੰ ਬਣਾ ਦਿੱਤੀਆਂ ਜਾਣ, ਤਾਂ ਡਾਫ਼ ਲੱਗਣ ਵਾਲੀ ਸਮੱਸਿਆ ਜੜ੍ਹੋਂ ਖਤਮ ਹੋ ਜਾਵੇਗੀ। ਇਸ ਤੋਂ ਇਲਾਵਾ ਦਰਿਆ ‘ਚ ਜੰਮੀ ਗਾਰ ਨੂੰ ਕੱਢਿਆ ਜਾਵੇ। ਹੁਣ ਸਰਕਾਰ ਵੱਲੋਂ ਮਿੱਟੀ ਕੱਢਣ ਦਾ ਕੰਮ ਜ਼ਰਾਂ ਸ਼ੋਰਾਂ ਨਾਲ ਕਰਵਾਇਆ ਜਾ ਰਿਹਾ ਹੈ, ਤਾਂ ਜੋ ਹੜ੍ਹਾਂ ਵਰਗੀ ਸਥਿਤੀ ਦਾ ਮੁੜ ਸਾਹਮਣਾ ਨਾ ਕਰਨਾ ਪਵੇ।