ਜਲੰਧਰ : ਵਿਧਾਇਕ ਰਮਨ ਅਰੋੜਾ ਤੇ ਨਿਗਮ ਕਮਿਸ਼ਨਰ ਗੌਤਮ ਜੈਨ ਵੱਲੋਂ ਬੀਤੇ ਸ਼ਨਿਚਰਵਾਰ ਨੂੰ ਰਾਮਾ ਮੰਡੀ ਦੇ ਇਲਾਕੇ ਧੰਨੋਵਾਲੀ ਅਤੇ ਅਰਮਾਨ ਨਗਰ ਦਾ ਮੁਆਇਨਾ ਕੀਤਾ ਗਿਆ ਸੀ। ਜਿਥੇ ਗੰਦੇ ਪਾਣੀ ਦੀ ਸਪਲਾਈ ਤੇ ਬੰਦ ਸੀਵਰੇਜ ਦੀ ਸਮੱਸਿਆ ਤੋਂ ਲੋਕ ਪਰੇਸ਼ਾਨ ਸਨ ਤੇ ਲੋਕਾਂ ਦੀ ਪਰੇਸ਼ਾਨੀ ਨੂੰ ਖ਼ਤਮ ਕਰਨ ਲਈ ਵਿਧਾਇਕ ਨੇ ਕਮਿਸ਼ਨਰ ਨੂੰ ਹਦਾਇਤ ਕੀਤੀ ਸੀ ਕਿ ਉਕਤ ਦੋਵਾਂ ਸ਼ਿਕਾਇਤਾਂ ਦਾ ਜੰਗੀ ਪੱਧਰ ’ਤੇ ਕੰਮ ਕਰ ਕੇ ਨਿਪਟਾਰਾ ਕੀਤਾ ਜਾਵੇ, ਪਰ ਐਤਵਾਰ ਤੱਕ ਕੇਵਲ ਧੰਨੋਵਾਲੀ ਦੀ ਸਮੱਸਿਆ ਦਾ ਤਾਂ ਹੱਲ ਹੋ ਗਿਆ ਪਰ ਅਰਮਾਨ ਨਗਰ ਦੇ ਗੁਰਦੁਆਰਾ ਸਾਹਿਬ ਦੇ ਸੀਵਰੇਜ ਦੀ ਸਮੱਸਿਆ ਜਿਉਂ ਦੀ ਤਿਉਂ ਹੀ ਖੜ੍ਹੀ ਹੈ ਜਿਸ ਕਾਰਨ ਲੋਕਾਂ ਦੀ ਪਰੇਸ਼ਾਨੀ ਅਜੇ ਵੀ ਜਾਰੀ ਹੈ ਅਤੇ ਲੋਕ ਗੁਰੂ ਘਰ ਜਾਣ ਤੋਂ ਕਾਫ਼ੀ ਪਰੇਸ਼ਾਨੀ ਮਹਿਸੂਸ ਕਰ ਰਹੇ ਹਨ। ਇਥੇ ਸੀਵਰੇਜ ਬੰਦ ਦੀ ਸਮੱਸਿਆ ਪਿਛਲੇ ਇਕ ਸਾਲ ਤੋਂ ਜਾਰੀ ਹੈ ਜਿਸ ਦੀ ਨਿਗਮ ਪ੍ਰਸ਼ਾਸਨ ਵਲੋਂ ਕੋਈ ਸੁਣਵਾਈ ਨਹੀਂ ਕੀਤੀ ਗਈ ਅਤੇ ਹੁਣ ਵਿਧਾਇਕ ਦੇ ਦੌਰੇ ਕਾਰਨ ਇਸ ਦੀ ਸਾਰ ਲਈ ਤਾਂ ਗਈ ਹੈ ਪਰ ਸਮੱਸਿਆ ਦਾ ਅਜੇ ਹੱਲ ਨਹੀਂ ਹੋ ਸਕੀ।
ਲੋਕਾਂ ਦਾ ਕਹਿਣਾ ਹੈ ਕਿ ਸੀਵਰੇਜ ਦੀ ਸਮੱਸਿਆ ਦਾ ਸਥਾਈ ਤੌਰ ’ਤੇ ਹੱਲ ਕੀਤਾ ਜਾਵੇ ਤਾਂ ਜੋ ਮੁੜ ਸਮੱਸਿਆ ਪੈਦਾ ਨਾ ਹੋ ਸਕੇ। ਅਰਮਾਨ ਨਗਰ ਦਾ ਸੀਵਰੇਜ ਬੰਦ ਰਹਿਣ ਕਾਰਨ ਅਜੇ ਵੀ ਉਸ ਦੀਆਂ ਸੜਕਾਂ ਤੇ ਗਲੀਆਂ ’ਚ ਗੰਦਾ ਪਾਣੀ ਖੜ੍ਹਾ ਹੈ ਜਿਸ ਕਾਰਨ ਸੜਕਾਂ ਖ਼ਰਾਬ ਹੋ ਗਈਆਂ ਹਨ ਤੇ ਉਥੇ ਟੋਏ ਆਦਿ ਬਣ ਗਏ ਤੇ ਸੀਵਰੇਜ ਦੇ ਮੇਨ ਹੋਲ ਦੇ ਢੱਕਣ ਆਦਿ ਵੀ ਨਹੀਂ ਹਨ ਜਿਸ ਕਾਰਨ ਕਿਸੇ ਵੀ ਸਮੇਂ ਕਿਸੇ ਵੀ ਅਣਸੁਖਾਵੀਂ ਘਟਨਾ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਤੋਂ ਇਲਾਵਾ ਤੱਲ੍ਹਣ ਬਾਹਿਬ ਗੁਰਦੁਆਰਾ ਜਾਣ ਵਾਲੀ ਸੜਕ ਵੀ ਕਾਫ਼ੀ ਖ਼ਰਾਬ ਹੈ, ਜਿਸ ਕਾਰਨ ਗੁਰੂ ਘਰ ਜਾਣ ਵਾਲੇ ਲੋਕਾਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਰਨਣਯੋਗ ਹੈ ਕਿ ਸ਼ਨਿਚਰਵਾਰ ਤੋਂ ਹੀ ਨਗਰ ਨਿਗਮ ਦੀ ਮਸ਼ੀਨਰੀ ਲਗਾਤਾਰ ਕੰਮ ਕਰ ਰਹੀ ਹੈ, ਪਰ ਅਜੇ ਤਕ ਉਸ ਦਾ ਕੋਈ ਸਥਾਈ ਹੱਲ ਨਹੀਂ ਹੋ ਸਕਿਆ ਹੈ।
ਮਹੀਨਾ ਪਹਿਲਾਂ ਵੀ ਕਮਿਸ਼ਨਰ ਦੇ ਧਿਆਨ ’ਚ ਲਿਆਂਦਾ ਸੀ ਮਾਮਲਾ
ਇਸ ਦੌਰਾਨ ਸਾਬਕਾ ਕੌਂਸਲਰ ਜਗਦੀਸ਼ ਦਕੋਹਾ ਨੇ ਕਿਹਾ ਹੈ ਕਿ ਉਨ੍ਹਾਂ ਨੇ ਅਰਮਾਨ ਨਗਰ ਦੀ ਸੀਵਰੇਜ ਦੀ ਸਮੱਸਿਆ ਬਾਰੇ ਨਿਗਮ ਕਮਿਸ਼ਨਰ ਗੌਤਮ ਜੈਨ ਨੂੰ ਜਾਣੂ ਕਰਾਇਆ ਸੀ ਅਤੇ ਸੀਵਰੇਜ ਬੰਦ ਹੋਣ ਕਾਰਨ ਉਨ੍ਹਾਂ ਦੇ ਘਰ ਦੇ ਇਲਾਕਾ ਗੁਰਦੁਆਰਾ ਸਿੰਘ ਸਭਾ ਦੀ ਰੋਡ ਪਾਣੀ ਨਾਲ ਭਰੀ ਹੋਈ ਸੀ। ਉਨ੍ਹਾਂ ਕਿਹਾ ਕਿ ਕਮਿਸ਼ਨਰ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਸੀ ਕਿ ਉਹ ਅਗਲੇ ਦਿਨ ਮੌਕਾ ਦੇਖਣਗੇ ਅਤੇ ਇਸ ਸਮੱਸਿਆ ਦਾ ਸਥਾਈ ਹੱਲ ਕਰਨਗੇ। ਪਰ ਮਹੀਨਾ ਬੀਤੇ ਜਾਣ ਤੋਂ ਬਾਅਦ ਵੀ ਸਮੱਸਿਆ ਦਾ ਅਜੇ ਤੱਕ ਹੱਲ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਜੇ ਕਮਿਸ਼ਨਰ ਮਹੀਨਾ ਪਹਿਲਾਂ ਆਏ ਹੁੰਦੇ ਅਤੇ ਸਮੱਸਿਆ ਦਾ ਹੱਲ ਕੀਤਾ ਹੁੰਦਾ ਤਾਂ ਅੱਜ ਇਹ ਦਿਨ ਨਾ ਦੇਖਣੇ ਪੈਂਦੇ ਅਤੇ ਨਿਗਮ ਪ੍ਰਸ਼ਾਸਨ ਨੂੰ ਸਿਆਸੀ ਫਟਕਾਰ ਦਾ ਸਾਹਮਣਾ ਨਾ ਕਰਨਾ ਪੈਂਦਾ। ਜਦੋਂ ਤੱਕ ਇਥੇ ਸੁਪਰਸੱਕਸ਼ਨ ਮਸ਼ੀਨ ਨਹੀਂ ਲਗਾਈ ਜਾਂਦੀ ਤਦ ਤੱਕ ਸੱਮਸਿਆ ਦਾ ਸਥਾਈ ਹੱਲ ਨਹੀਂ ਹੋ ਸਕਦਾ। ਉਨ੍ਹਾਂ ਦੋਸ਼ ਲਾਇਆ ਕਿ ਨਗਰ ਨਿਗਮ ਦਾ ਓਐਂਡਐੱਮ ਵਿਭਾਗ ਕਿਸੇ ਵੀ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲੈਂਦਾ ਜਿਸ ਕਾਰਨ ਉਕਤ ਸਮੱਸਿਆ ਵਧਦੀ ਜਾ ਰਹੀ ਹੈ।