ਲੁਧਿਆਣਾ 10 ਜੁਲਾਈ(ਉਂਕਾਰ ਸਿੰਘ ਉੱਪਲ) ਸਿਵਲ ਸਰਜਨ ਡਾ. ਜਸਬੀਰ ਸਿੰਘ ਔਲ਼ਖ ਦੀ ਅਗਵਾਈ ਹੇਠ ਜਿਲਾ ਲੁਧਿਆਣਾ ਅਧੀਨ ਵੱਖ ਵੱਖ ਸਿਹਤ ਸੰਸਥਾਵਾਂ ‘ਚ ਵਾਤਾਵਰਨ ਦੀ ਸੰਭਾਲ ਲਈ ਬੂਟੇ ਲਗਾਏ ਜਾ ਰਹੇ ਹਨ। ਡਾ. ਔਲ਼ਖ ਨੇ ਪਲੀਤ ਹੋ ਰਹੇ ਵਾਤਾਵਰਣ ਕਰਕੇ ਫੈਲ ਰਹੀਆਂ ਬਿਮਾਰੀਆਂ ਦੇ ਖਾਤਮੇ ਲਈ ਰੁੱਖਾਂ ਦੀ ਮਹੱਤਤਾ ਬਾਰੇ ਜਾਗਰੂਕ ਕਰਦਿਆਂ ਵਾਤਾਵਰਨ ਪ੍ਰਤੀ ਸੁਹਿਰਦ ਹੋਣ ਦੀ ਅਪੀਲ ਕੀਤੀ। ਉਨ੍ਹਾ ਵੱਲੋਂ ਅੱਜ ਆਪਣੇ ਦਫਤਰ ਵਿੱਚ ਵੀ ਛਾਂਦਾਰ ਬੂਟੇ ਲਗਾਏ ਗਏ।ਇਸ ਮੌਕੇ ਉਹਨਾ ਕਿਹਾ ਕਿ ਦਿਨੋਂ-ਦਿਨ ਗੰਧਲੇ ਹੋ ਰਹੇ ਵਾਤਾਵਰਣ ਕਾਰਨ ਬਿਮਾਰੀਆਂ ਪੈਦਾ ਹੋ ਰਹੀਆਂ ਹਨ, ਜਿਸ ਕਰਕੇ ਸਾਡੀ ਸਿਹਤ ਖਰਾਬ ਹੋ ਰਹੀ ਹੈ। ਵਾਤਾਵਰਨ ਨੂੰ ਬਚਾਉਣ ਲਈ ਰੁੱਖ ਲਗਾਉਣੇ ਅਤੇ ਉਨ੍ਹਾਂ ਦੀ ਸੰਭਾਲ਼ ਕਰਨਾ ਬਹੁਤ ਲਾਜ਼ਮੀ ਹੈ। ਇਸ ਤੋਂ ਇਲਾਵਾ ਪਲਾਸਟਿਕ ਦੀ ਵਰਤੋ ਨੂੰ ਘਟਾਉਣ ਅਤੇ ਹੋਰ ਪ੍ਰਦੂਸ਼ਣ ਫੈਲਾਉਣ ਵਾਲੀਆਂ ਵਸਤੂਆਂ ਦੀ ਵਰਤੋ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।ਉਹਨਾ ਅਵਾਮ ਨੂੰ ਹਵਾ, ਪਾਣੀ ਅਤੇ ਮਿੱਟੀ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਆਪਣੇ ਆਸ-ਪਾਸ ਸਫਾਈ ਰੱਖਣੀ ਯਕੀਨੀ ਬਣਾਈ ਜਾਵੇ ਅਤੇ ਪਲਾਸਟਿਕ ਦੀ ਵਰਤੋਂ ਕਰਨ ਤੋਂ ਗੁਰੇਜ ਕੀਤਾ ਜਾਵੇ ਤਾਂ ਜੋ ਅਸੀਂ ਆਪਣੀ ਅਤੇ ਆਪਣੇ ਪਰਿਵਾਰ ਦੀ ਤੰਦਰੁਸਤੀ ਯਕੀਨੀ ਬਣਾ ਸਕੀਏ। ਪ੍ਰਦੂਸ਼ਣ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਕੂੜਾ, ਪੱਤੇ ਅਤੇ ਫਸਲਾਂ ਦੀ ਪਰਾਲੀ ਨੂੰ ਸਾੜਣ ਤੋਂ ਗੁਰੇਜ ਕੀਤਾ ਜਾਵੇ, ਕਿਉਂਕਿ ਇਨ੍ਹਾਂ ਦੇ ਧੂੰਏਂ ਕਰਕੇ ਹਵਾਵਾਂ ਜ਼ਹਿਰੀਲੀਆਂ ਹੋ ਰਹੀਆਂ ਹਨ, ਜਿਸ ਵਿਚ ਸਾਹ ਲੈਣਾ ਕਾਫੀ ਔਖਾ ਹੋ ਜਾਂਦਾ ਹੈ।
Onkar Singh Uppal