ਲੁਧਿਆਣਾ 11 ਜੁਲਾਈ (ਉਂਕਾਰ ਸਿੰਘ ਉੱਪਲ) ਸਿਵਲ ਸਰਜਨ ਲੁਧਿਆਣਾ ਡਾ. ਜਸਬੀਰ ਸਿੰਘ ਔਲਖ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਲ੍ਹੇ ਭਰ ਵਿੱਚ ਵਿਸ਼ਵ ਆਬਾਦੀ ਦਿਵਸ ਮਨਾਇਆ ਗਿਆ । ਇਸ ਮੌਕੇ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਵੱਖ ਵੱਖ ਥਾਵਾਂ ਤੇ ਜਾਗਰੂਕਤਾ ਸੈਮੀਨਾਰਾਂ ਦਾ ਆਯੋਜਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ ਔਲਖ ਨੇ ਦੱਸਿਆ ਕਿ ਆਬਾਦੀ ਦਿਵਸ ਮਨਾਉਣ ਦਾ ਮੁੱਖ ਮਕਸਦ ਆਬਾਦੀ ਕੰਟਰੋਲ ਕਰਨ ਲਈ ਯੋਗ ਪ੍ਰਬੰਧ ਕਰਨਾ ਹੈ।ਯੋਗ ਜੋੜਿਆਂ ਨੂੰ ਸੀਮਿਤ ਪਰਿਵਾਰ ਦੀ ਮਹੱਤਤਾ ਅਤੇ ਪਰਿਵਾਰ ਨਿਯੋਜਨ ਦੇ ਤਰੀਕਿਆਂ ਸਬੰਧੀ ਜਾਣਕਾਰੀ ਹੋਣੀ ਬੁਹਤ ਜ਼ਰੂਰੀ ਹੈ ।ਉਨ੍ਹਾਂ ਕਿਹਾ ਕਿ ਵੱਧ ਰਹੀ ਆਬਾਦੀ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ, ਜਿਸ ‘ਤੇ ਕਾਬੂ ਪਾਉਣ ਲਈ ਹਰ ਨਾਗਰਿਕ ਨੂੰ ਆਪਣੀ ਸਰਗਰਮ ਭੂਮਿਕਾ ਨਿਭਾਉਣਾ ਅਤੇ ਇਸ ਕਾਰਜ ਵਿੱਚ ਚੰਗੀ ਸਫਲਤਾ ਪ੍ਰਾਪਤ ਕਰਨ ਲਈ ਸਾਂਝੇ ਸਮਾਜਿਕ ਯਤਨਾਂ ਦੀ ਵੀ ਲੋੜ ਹੁੰਦੀ ਹੈ।ਉਨ੍ਹਾਂ ਕਿਹਾ ਕਿ ਸਿਹਤਮੰਦ ਪਰਿਵਾਰ ਲਈ ਲਾਜ਼ਮੀ ਹੈ ਕਿ ਦੋ ਬੱਚਿਆਂ ਦੇ ਜਨਮ ਵਿੱਚ ਘੱਟੋ ਘੱਟ ਤਿੰਨ ਸਾਲ ਦਾ ਫ਼ਰਕ ਰੱਖਿਆ ਜਾਵੇ ਅਤੇ ਵਿਆਹ ਸਹੀ ਉਮਰ ਵਿੱਚ ਕੀਤਾ ਜਾਵੇ।
ਉਹਨਾਂ ਨੇ ਇਹ ਵੀ ਕਿਹਾ ਕਿ ਵਧਦੀ ਅਬਾਦੀ ਕਾਰਨ ਲੋਕਾਂ ਦੀ ਵੱਡੀ ਗਿਣਤੀ ਬੁਨਿਆਦੀ ਲੋੜਾਂ ਤੋਂ ਵਾਂਝੀ ਰਹਿ ਜਾਂਦੀ ਹੈ, ਇਸ ਲਈ ਪਰਿਵਾਰ ਨਿਯੋਜਨ ਦੇ ਕੱਚੇ ਅਤੇ ਪੱਕੇ ਤਰੀਕੇ ਅਪਨਾਏ ਜਾ ਸਕਦੇ ਹਨ, ਜਿਨ੍ਹਾਂ ਦੀ ਵਿਸਥਾਰਪੂਰਵਕ ਜਾਣਕਾਰੀ ਵੀ ਦਿਤੀ ਜਾਂਦੀ ਹੈ ਅਤੇ ਸਿਹਤ ਵਿਭਾਗ ਵੱਲੋਂ ਇਹ ਸੇਵਾਵਾਂ ਮੁਫਤ ਦਿੱਤੀਆਂ ਜਾਂਦੀਆ ਹਨ। ਉਨ੍ਹਾਂ ਕਿਹਾ ਕਿ ਇਸ ਰਫਤਾਰ ਨਾਲ ਆਬਾਦੀ ਦਾ ਵਧਣਾ, ਵਿਕਾਸ ਦੇ ਰਾਹ ਵਿਚ ਨਿੱਤ ਨਵੀਆਂ ਵੰਗਾਰਾਂ ਖੜ੍ਹੀਆਂ ਕਰ ਰਿਹਾ ਹੈ ਅਤੇ ਵਧੀ ਆਬਾਦੀ ਕਰਕੇ ਗ਼ਰੀਬੀ, ਭੁੱਖਮਰੀ, ਅਨਪੜ੍ਹਤਾ, ਬੇਰੁਜ਼ਗਾਰੀ, ਮਹਿੰਗਾਈ ਤੇ ਪ੍ਰਦੂਸ਼ਣ ਆਦਿ ਵਿੱਚ ਵੀ ਬੇਪਨਾਹ ਵਾਧਾ ਹੋਇਆ ਹੈ।
Onkar Singh Uppal