ਲੁਧਿਆਣਾ 24 ਜੁਲਾਈ (ਉਂਕਾਰ ਸਿੰਘ ਉੱਪਲ) ਸਿਵਲ ਸਰਜਨ ਡਾਕਟਰ ਜਸਬੀਰ ਸਿੰਘ ਔਲਖ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨੋਡਲ ਅਫਸਰ ਤੰਬਾਕੂ ਕੰਟਰੋਲ ਡਾ ਅਸ਼ੀਸ਼ ਚਾਵਲਾ ਦੀ ਅਗਵਾਈ ਹੇਠ ਅੱਜ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ,ਜਿਲ੍ਹਾ ਸਿੱਖਿਆ ਅਫਸਰ ਐਲੀਮੈਟਰੀ ਅਤੇ ਬਲਾਕ ਸਿੱਖਿਆ ਅਫਸਰਾਂ ਨਾਲ ਤੰਬਾਕੂ ਕੰਟਰੋਲ ਪ੍ਰੋਗਰਾਮ ਨੂੰ ਜਿਲ੍ਹੇ ਅੰਦਰ ਸੰਚਾਰੂ ਰੂਪ ਵਿਚ ਲਾਗੂ ਕਰਨ ਲਈ ਮੀਟਿੰਗ ਕੀਤੀ ਗਈ।ਇਸ ਮੌਕੇ ਡਾ. ਚਾਵਲਾ ਨੇ ਤੰਬਾਕੂ ਕੰਟਰੋਲ ਐਕਟ ਕੋਟਪਾ ਸਬੰਧੀ ਜਾਣਕਾਰੀ ਦਿੰਦੇ ਅਧਿਕਾਰੀਆਂ ਦੱਸਿਆ ਨੂੰ ਕਿ ਬਿਨਾਂ ਚਿਤਾਵਨੀ ਵਾਲੀਆਂ ਵਿਦੇਸ਼ੀ ਸਿਗਰਟਾਂ ਅਤੇ ਖੁਸ਼ਬੂਦਾਰ ਤੰਬਾਕੂ ਵੇਚਣ ਵਾਲੇ ਦੁਕਾਨਦਾਰਾਂ ਨੂੰ ਪੰਜ ਸਾਲ ਦੀ ਸਜਾ ਅਤੇ ਦਸ ਹਜਾਰ ਰੁਪਏ ਤੱਕ ਜੁਰਮਾਨਾ ਹੋ ਸਕਦਾ ਹੈ।ਡਾ. ਚਾਵਲਾ ਨੇ ਅਧਿਕਾਰੀਆਂ ਨੂੰ ਕਿਹਾ ਕਿ ਆਪਣੇ ਅਧੀਨ ਪੈਦੇ ਸਕੂਲਾਂ ਦੀ ਬਾਹਰੀ ਦੀਵਾਰ ਤੋਂ 100 ਗਜ਼ ਦੇ ਘੇਰੇ ਦੀ ਨਿਸ਼ਾਨਦੇਹੀ ਕੀਤੀ ਜਾਵੇ ਅਤੇ ਜੇਕਰ ਕੋਈ ਵਿਅਕਤੀ ਇਸ ਘੇਰੇ ਅੰਦਰ ਤੰਬਾਕੂ ਦੀ ਵਰਤੋ ਜਾਂ ਵਿਕਰੀ ਕਰਦਾ ਹੈ ਤਾਂ ਉਸ ਦਾ ਚਲਾਨ ਕੀਤਾ ਜਾਵੇ, ਜੇਕਰ ਕੋਈ ਤੰਬਾਕੂ ਵਿਕਰੇਤਾ ਕੋਟਪਾ ਐਕਟ ਦੀ ਵਾਰ ਵਾਰ ਉਲੰਘਣਾ ਕਰਦਾ ਹੈ ਤਾਂ ਉਸ ਖਿਲਾਫ ਬਣਦੀ ਕਾਰਵਾਈ ਕਰਨ ਪੁਲਿਸ ਵਿਭਾਗ ਦੀ ਸਹਾਇਤਾ ਲਈ ਜਾਵੇ।ਉਨਾਂ ਜਾਣਕਾਰੀ ਦਿੰਦੇ ਦੱਸਿਆ ਕਿ ਸਕੂਲਾਂ ਦੇ ਸਾਰੇ ਮੁੱਖੀ ਕੋਟਪਾ ਐਕਟ ਤਹਿਤ ਚਲਾਨ ਕਰਨ ਦਾ ਅਧਿਕਾਰ ਰੱਖਦੇ ਹਨ।ਸਾਰੇੇ ਸਕੂਲਾਂ ਦੇ ਅੰਦਰ ਅਤੇ ਬਾਹਰ ਤੰਬਾਕੂ ਰਹਿਤ ਖੇਤਰ ਦੇ ਬੋਰਡ ਲਗਾਏ ਜਾਣ ਅਤੇ ਸਵੇਰ ਦੀ ਸਭਾ ਵਿਚ ਬੱਚਿਆਂ ਨੂੰ ਤੰਬਾਕੂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾਵੇ।
Onkar Singh Uppal