ਲੁਧਿਆਣਾ: ਸਿਵਲ ਸਰਜਨ ਲੁਧਿਆਣਾ, ਡਾ ਪਰਦੀਪ ਕੁਮਾਰ ਵੱਲੋਂ ਅੱਜ ਸਿਵਲ ਸਰਜਨ ਦਫਤਰ ਵਿਖੇ ਸਵੱਛਤਾ ਪੰਦਰਵਾੜੇ ਦੀ ਸ਼ੁਰੂਆਤ ਕੀਤੀ ਗਈ। ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਡਾ ਪਰਦੀਪ ਕੁਮਾਰ ਨੇ ਦੱਸਿਆ ਕਿ 17 ਸਤੰਬਰ ਤੋਂ 2 ਅਕਤੂਬਰ 2024 ਤੱਕ ਸਵੱਛਤਾ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਇਹ ਮੁਹਿੰਮ ਸਿਹਤ ਸਥਾਨਾਂ ਵਿੱਚ ਸਫਾਈ ਦੇ ਪ੍ਰਚਾਰ ਅਤੇ ਲੋਕਾਂ ਵਿੱਚ ਸਫਾਈ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਕੀਤੀ ਜਾ ਰਹੀ ਹੈ।
ਡਾ ਪਰਦੀਪ ਕੁਮਾਰ ਨੇ ਕਿਹਾ ਕਿ ਸਫਾਈ ਸਾਡੀ ਜ਼ਿੰਦਗੀ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਅਤੇ ਸਿਹਤਮੰਦ ਸਮਾਜ ਦੀ ਨੀਂਹ ਹੈ। ਸਵੱਛਤਾ ਪੰਦਰਵਾੜੇ ਦੌਰਾਨ ਸਿਵਲ ਸਰਜਨ ਦਫਤਰ, ਸਿਵਲ ਹਸਪਤਾਲਾਂ, ਕਮਿਊਨਟੀ ਹੈਲਥ ਸੈਂਟਰਾਂ ਅਤੇ ਹੈਲਥ ਐਡ ਵੈਲਨੈਸ ਸੈਂਟਰਾਂ ਵਿੱਚ ਵਿਸ਼ੇਸ਼ ਸਫਾਈ ਅਭਿਆਨ ਚਲਾਇਆ ਜਾਵੇਗਾ। ਇਨ੍ਹਾਂ ਸਥਾਨਾਂ ਤੇ ਗੰਦਗੀ ਦੀ ਸਮੱਸਿਆ ਨਾਲ ਨਜਿੱਠਣ ਲਈ ਸੁਚੱਜੇ ਢੰਗ ਨਾਲ ਕੰਮ ਕੀਤਾ ਜਾਵੇਗਾ ਅਤੇ ਸਫਾਈ ਦੀ ਪੂਰੀ ਸੁਵਿਧਾ ਯਕੀਨੀ ਬਣਾਈ ਜਾਵੇਗੀ।
ਸਿਵਲ ਸਰਜਨ ਨੇ ਲੋਕਾਂ ਨੂੰ ਇਸ ਮੁਹਿੰਮ ਵਿੱਚ ਭਾਗੀਦਾਰ ਬਣਨ ਦੀ ਅਪੀਲ ਕਰਦਿਆਂ ਕਿਹਾ ਕਿ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੀ ਅਸਲ ਜਿੰਮੇਵਾਰੀ ਨੂੰ ਸਮਝੇ ਅਤੇ ਸਵੱਛਤਾ ਨੂੰ ਆਪਣੀ ਦਿਨਚਰੀ ਦਾ ਹਿੱਸਾ ਬਣਾਵੇ। ਇਸ ਅਭਿਆਨ ਤਹਿਤ ਸਿਹਤ ਸੰਸਥਾਵਾਂ ਦੇ ਨਾਲ ਨਾਲ ਲੋਕਾਂ ਵਿੱਚ ਸਵੱਛਤਾ ਦੀ ਪ੍ਰੇਰਣਾ ਦੇਣ ਲਈ ਵੱਖ ਵੱਖ ਗਤੀਵਿਧੀਆਂ ਜਿਵੇਂ ਕਿ ਸਵੱਛਤਾ ਸੰਬੰਧੀ ਸੈਮੀਨਾਰ ਅਤੇ ਜਾਗਰੂਕਤਾ ਕੈਂਪ ਆਦਿ ਦਾ ਆਯੋਜਨ ਕੀਤਾ ਜਾਵੇਗਾ।
ਸਵੱਛ ਭਾਰਤ ਮਿਸ਼ਨ ਦੇ ਉਦੇਸ਼ ਨੂੰ ਧਿਆਨ ਵਿੱਚ ਰੱਖਦੇ ਹੋਏ, ਇਹ ਮੁਹਿੰਮ ਸਮਾਜ ਦੇ ਹਰ ਪੱਧਰ ਤੇ ਜਾਗਰੂਕਤਾ ਪੈਦਾ ਕਰਨ ਲਈ ਕੀਤੀ ਜਾ ਰਹੀ ਹੈ ਤਾਂ ਜੋ ਸਾਨੂੰ ਗੰਦਗੀ ਤੋਂ ਮੁਕਤ ਅਤੇ ਸਿਹਤਮੰਦ ਭਵਿੱਖ ਪ੍ਰਾਪਤ ਹੋ ਸਕੇ।ਇਸ ਮੌਕੇ ਤੇ ਸਹਾਇਕ ਸਿਵਲ ਸਰਜਨ ਡਾ ਵਿਵੇਕ ਕੁਮਾਰ, ਸੀਨੀਅਰ ਮੈਡੀਕਲ ਅਫਸਰ ਡਾ ਰਵੀਦੱਤ, ਡਾ ਮਨਦੀਪ ਸਿੰਘ, ਰਜਿੰਦਰ ਸਿੰਘ ਡਿਪਟੀ ਮਾਸ ਮੀਡੀਆ ਅਫਸਰ, ਸਤਿੰਦਰ ਸਿੰਘ ਹੈਲਥ ਇੰਸਪੈਕਟਰ, ਪ੍ਰੇਮ ਸਿੰਘ ਹੈਲਥ ਇੰਸਪੈਕਟਰ, ਸਰਬਜੀਤ ਸਿੰਘ ਹੈਲਥ ਇੰਸਪੈਕਟਰ, ਮਨਦੀਪ ਸਿੰਘ ਆਦਿ ਹਾਜਰ ਸਨ।
Onkar Singh Uppal