ਲੁਧਿਆਣਾ: ਜ਼ਿਲ੍ਹੇ ਵਿੱਚ ਵਧ ਰਹੇ ਡੇਂਗੂ ਦੇ ਮਾਮਲਿਆਂ ਦੇ ਮੱਦੇਨਜ਼ਰ, ਸਿਵਲ ਸਰਜਨ ਡਾ. ਪ੍ਰਦੀਪ ਕੁਮਾਰ ਨੇ ਲੋਕਾਂ ਨੂੰ ਇਹ ਭਰੋਸਾ ਦਿਵਾਇਆ ਹੈ ਕਿ ਸਥਿਤੀ ਪੂਰੀ ਤਰ੍ਹਾਂ ਕਾਬੂ ਵਿੱਚ ਹੈ ਅਤੇ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਸਿਵਲ ਸਰਜਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਤੱਕ ਲੁਧਿਆਣਾ ਵਿੱਚ ਕੁੱਲ 74 ਡੇਂਗੂ ਦੇ ਮਾਮਲੇ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ 01 ਮਰੀਜ਼ ਇਸ ਵੇਲੇ ਹਸਪਤਾਲਾਂ ਵਿੱਚ ਦਾਖਲ ਹਨ, ਅਤੇ ਡੇਂਗੂ ਨਾਲ ਜੁੜੀ ਕੋਈ ਪੁਸ਼ਟੀਸ਼ੁਦਾ ਮੌਤ ਨਹੀਂ ਹੋਈ ਹੈ। ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਚੈੱਕਿੰਗ ਦੌਰਾਨ 1228 ਸਥਾਨਾਂ ਤੇ ਮੱਛਰਾਂ ਦੇ ਲਾਰਵਾ ਪਾਏ ਗਏ ਹਨ, ਜਿਸ ਸੰਬੰਧੀ ਮਿਊਂਸਪਲ ਕਾਰਪੋਰੇਸ਼ਨ ਲੁਧਿਆਣਾ (MCL) ਵੱਲੋਂ 671 ਜੁਰਮਾਨੇ ਜਾਰੀ ਕੀਤੇ ਗਏ ਹਨ। ਡਾ. ਕੁਮਾਰ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਡੇਂਗੂ ਦੇ ਪਸਾਰ ਨੂੰ ਰੋਕਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਸਪਰੇਅ ਮੁਹਿੰਮ ਲਗਾਤਾਰ ਚਲਾਈ ਜਾ ਰਹੀ ਹੈ। ਜ਼ਿਆਦਾਤਰ ਮਾਮਲੇ ਹਲਕੇ ਹਨ ਅਤੇ ਮਰੀਜ਼ ਠੀਕ ਹੋ ਰਹੇ ਹਨ। ਸਿਹਤ ਵਿਭਾਗ ਡੇਂਗੂ ਦੀ ਸਥਿਤੀ ‘ਤੇ ਨਿਗਰਾਨੀ ਕਰ ਰਿਹਾ ਹੈ ਅਤੇ ਲੋਕਾਂ ਨੂੰ ਮੱਛਰਾਂ ਤੋਂ ਬਚਣ ਲਈ ਸਹੀ ਸਾਵਧਾਨੀਆਂ ਵਰਤਣ ਦੀ ਸਲਾਹ ਦਿੰਦਾ ਹੈ, ਜਿਸ ਵਿੱਚ ਪੂਰੀ ਬਾਹਾਂ ਵਾਲੇ ਕੱਪੜੇ ਪਹਿਨਣਾ ਅਤੇ ਘਰਾਂ ਦੇ ਆਲੇ-ਦੁਆਲੇ ਖੜ੍ਹੇ ਪਾਣੀ ਤੋਂ ਬਚਣਾ ਸ਼ਾਮਲ ਹੈ।
ਇਸਦੇ ਨਾਲ ਹੀ, “ਹਰ ਸੁੱਕਰਵਾਰ ਡੇਂਗੂ ਤੇ ਵਾਰ” ਮੁਹਿੰਮ ਹੇਠ ਅੱਜ ਸਿਵਲ ਸਰਜਨ ਦਫ਼ਤਰ ਦੀ ਐਟੀ-ਲਾਰਵਾ ਟੀਮ ਨੇ ਜਿਲਾ ਐਪੀਡੀਮਾਲੋਜਿਸਟ ਡਾ. ਸ਼ੀਤਲ ਨਾਰੰਗ ਦੀ ਅਗਵਾਈ ਵਿੱਚ ਡੀ ਐਮ ਸੀ ਹਸਪਤਾਲ ਦਾ ਦੌਰਾ ਕੀਤਾ ਅਤੇ ਉੱਥੇ ਡੇਂਗੂ ਤੋਂ ਬਚਾਅ ਲਈ ਹਦਾਇਤਾਂ ਜਾਰੀ ਕੀਤੀਆਂ। ਸਿਵਲ ਸਰਜਨ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਲੁਧਿਆਣਾ ਨੂੰ ਡੇਂਗੂ-ਮੁਕਤ ਬਣਾਉਣ ਲਈ ਕਈ ਪ੍ਰਵੈਨਟੀਵ ਕਦਮ ਚੁੱਕੇ ਜਾ ਰਹੇ ਹਨ। ਜਾਗਰੂਕਤਾ ਮੁਹਿੰਮ ਲਗਾਤਾਰ ਚਲ ਰਹੀ ਹੈ, ਜਿਸ ਵਿੱਚ ਲੋਕਾਂ ਨੂੰ ਸਿਹਤ ਸਾਵਧਾਨੀਆਂ ਬਾਰੇ ਸੂਚਿਤ ਕੀਤਾ ਜਾ ਰਿਹਾ ਹੈ। ਰਿਹਾਇਸ਼ੀ ਅਤੇ ਹੋਰ ਇਲਾਕਿਆਂ ਵਿੱਚ ਵੀ ਸਫਾਈ ਮੁਹਿੰਮ ਚਲ ਰਹੀ ਹੈ, ਤਾਂ ਜੋ ਮੱਛਰਾਂ ਦੇ ਪੈਦਾ ਹੋਣ ਵਾਲੇ ਸਥਾਨਾਂ ਦੀ ਪਛਾਣ ਕੀਤੀ ਜਾ ਸਕੇ ਅਤੇ ਉਨ੍ਹਾਂ ਨੂੰ ਤੁਰੰਤ ਖਤਮ ਕੀਤਾ ਜਾ ਸਕੇ। ਡਾ. ਪ੍ਰਦੀਪ ਕੁਮਾਰ ਨੇ ਅੰਤ ਵਿੱਚ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਹਨਾਂ ਨੂੰ ਕੋਈ ਵੀ ਡੇਂਗੂ ਦੇ ਲੱਛਣ ਮਹਿਸੂਸ ਹੁੰਦੇ ਹਨ, ਤਾਂ ਤੁਰੰਤ ਆਪਣੇ ਨੇੜਲੇ ਸਿਹਤ ਕੇਂਦਰ ਜਾਂ ਹਸਪਤਾਲ ਵਿੱਚ ਜਾਂਚ ਕਰਵਾਓ।
Onkar Singh Uppal