ਲੁਧਿਆਣਾ 13 ਨਵੰਬਰ (ਉਂਕਾਰ ਸਿੰਘ ਉੱਪਲ) ਸਿਵਲ ਸਰਜਨ ਡਾ ਪ੍ਰਦੀਪ ਕੁਮਾਰ ਮਹਿੰਦਰਾ ਦੀ ਅਗਵਾਈ ਹੇਠ ਸਿਹਤ ਵਿਭਾਗ ਦੇ ਮਾਸ ਮੀਡੀਆ ਵਿੰਗ ਵੱਲੋਂ ਡੇਂਗੂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਸਕੂਲਾਂ ਅਤੇ ਕਾਲਜਾਂ ਵਿੱਚ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਮੁਹਿੰਮ ਤਹਿਤ ਅੱਜ ਸਰਕਾਰੀ ਹਾਈ ਸਕੂਲ ਢੰਡਾਰੀ ਕਲਾਂ ਵਿਖੇ ਜਾਗਰੂਕਤਾ ਸੈਮੀਨਾਰ ਆਯੋਜਿਤ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਜਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫਸਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਡੇੰਗੂ ਦਾ ਮੱਛਰ ਘਰਾਂ ਵਿੱਚ ਅਤੇ ਆਲੇ ਦੁਆਲੇ ਖੜੇ ਸਾਫ ਪਾਣੀ ਵਿੱਚ ਪੈਦਾ ਹੁੰਦਾ ਹੈ।ਇਸ ਲਈ ਕੂਲਰਾਂ,ਗਮਲਿਆਂ, ਫਰਿੱਜ਼ਾ ਦੇ ਪਿਛਲੇ ਪਾਸੇ ਲੱਗੀਆਂ ਟਰੇਆਂ ਵਿੱਚ ਪਾਣੀ ਖੜਾ ਨਾ ਹੋਣ ਦਿੱਤਾ ਜਾਵੇ। ਹਰ ਸੁੱਕਰਵਾਰ ਡੇਂਗੂ ਤੇ ਵਾਰ ਮੁਹਿੰਮ ਤਹਿਤ ਹਰ ਸੁੱਕਰਵਾਰ ਨੂੰ ਕੂਲਰਾਂ ਅਤੇ ਗਮਲਿਆਂ ਆਦਿ ਵਿੱਚੋਂ ਪਾਣੀ ਕੱਢ ਕੇ ਸਾਫ ਕੀਤਾ ਜਾਵੇ ਤਾਂ ਕਿ ਡੇਂਗੂ ਦਾ ਲਾਰਵਾ ਪੈਦਾ ਨਾ ਹੋ ਸਕੇ।ਡੇੰਗੂ ਬਾਰੇ ਹੋਰ ਜਾਣਕਾਰੀ ਦਿੰਦੇ ਉਨਾਂ ਦੱਸਿਆ ਕਿ ਡੇਂਗੂ ਏਡੀਜ਼ ਨਾਮ ਦੇ ਮੱਛਰ ਦੇ ਕੱਟਣ ਨਾਲ ਫੈਲਦਾ ਹੈ।ਇਹ ਮੱਛਰ ਦਿਨ ਵੇਲੇ ਕੱਟਦਾ ਹੈ।ਜੇਕਰ ਕਿਸੇ ਵਿਅਕਤੀ ਨੂੰ ਤੇਜ਼ ਬੁਖਾਰ,ਸਿਰ ਦਰਦ,ਮਾਸ ਪੇਸ਼ੀਆਂ ਵਿੱਚ ਦਰਦ,ਚਮੜੀ ਤੇ ਦਾਣੇ ਹੋਣਾ, ਅੱਖਾਂ ਦੇ ਪਿਛਲੇ ਪਾਸੇ ਦਰਦ, ਮਸੂੜਿਆਂ ਅਤੇ ਨੱਕ ਵਿਚੋ ਖੂਨ ਦਾ ਵਗਣਾ ਆਦਿ ਡੇਂਗੂ ਦੇ ਲੱਛਣ ਹੋ ਸਕਦੇ ਹਨ।ਜੇਕਰ ਕਿਸੇ ਵੀ ਵਿਅਕਤੀ ਨੂੰ ਅਜਿਹੇ ਲੱਛਣ ਪਾਏ ਜਾਂਦੇ ਹਨ ਤਾਂ ਉਹ ਨੇੜੇ ਦੇ ਸਰਕਾਰੀ ਹਸਪਤਾਲ ਵਿਚ ਜਾ ਕੇ ਆਪਣਾ ਫਰੀ ਟੈਸਟ ਅਤੇ ਇਲਾਜ ਕਰਵਾ ਸਕਦਾ ਹੈ।ਇਸ ਮੌਕੇ ਸਕੂਲ ਦੇ ਹੈੱਡ ਮਿਸਟ੍ਰੈਸ ਨਵਨਿੰਦਰ ਕੌਰ ਨੇ ਕਿਹਾ ਕਿ ਸਿਹਤ ਵਿਭਾਗ ਦੇ ਸਟਾਫ ਅਤੇ ਮਾਸ ਮੀਡੀਆ ਵਿੰਗ ਦੀ ਟੀਮ ਵੱਲੋ ਸਕੂਲਾਂ ਵਿਚ ਬੱਚਿਆਂ ਅਤੇ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਜੋ ਸਰਕਾਰ ਦਾ ਇੱਕ ਚੰਗਾ ਉਪਰਾਲਾ ਹੈ।ਇਸ ਮੌਕੇ ਜ਼ਿਲ੍ਹਾ ਬੀ ਸੀ ਸੀ ਕੋਆਡੀਨੇਟਰ ਬਰਜਿੰਦਰ ਸਿੰਘ ਬਰਾੜ ਤੋ ਇਲਾਵਾ ਸਕੂਲ ਅਧਿਆਪਕ ਰੂਚੀ ਸ਼ਰਮਾ,ਨਵਦੀਪ ਸਿੰਘ,ਕੰਵਲਪ੍ਰੀਤ ਸਿੰਘ, ਹਰਨੀਤ ਕੌਰ, ਕੁਲਵੀਰ ਕੌਰ, ਸਵਰਨਜੀਤ ਕੌਰ, ਵਰਿੰਦਰ ਸਿੰਘ ਆਦਿ ਨੇ ਵੀ ਡੇਂਗੂ ਤੋਂ ਬਚਾਅ ਲਈ ਜਾਗਰੂਕ ਕੀਤਾ।
Onkar Singh Uppal