ਨਾਰੀ ਸ਼ਕਤੀ ਸਿੱਖਿਆ ਅਤੇ ਭਲਾਈ ਸੁਸਾਇਟੀ (NSE&WS) ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਉਤਸ਼ਾਹਪੂਰਵਕ ਮਨਾਇਆ ਗਿਆ। ਇਸ ਮੌਕੇ ‘ਨਾਰੀ ਸ਼ਕਤੀ’ ਸੰਸਥਾ ਵੱਲੋਂ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸਮਾਜ ਵਿੱਚ ਮਹਿਲਾਵਾਂ ਦੀ ਭੂਮਿਕਾ, ਉਨ੍ਹਾਂ ਦੇ ਅਧਿਕਾਰਾਂ ਅਤੇ ਸਸ਼ਕਤੀਕਰਨ ਉੱਤੇ ਖਾਸ ਚਰਚਾ ਕੀਤੀ ਗਈ। ਸਮਾਗਮ ਵਿੱਚ ਇਲਾਕੇ ਦੀਆਂ ਕਈ ਪ੍ਰਸਿੱਧ ਤੇ ਗਤੀਸ਼ੀਲ ਮਹਿਲਾਵਾਂ ਨੇ ਭਾਗ ਲਿਆ। ਇਨ੍ਹਾਂ ਵਿੱਚ ਅਮ੍ਰਿਤਪਾਲ ਕੌਰ, ਡਾ. ਰਮਿੰਦਰ ਕੌਰ, ਡਾ. ਹਰਮੀਤ ਕੌਰ, ਇੰਦਰਜੀਤ ਕੌਰ, ਸੰਦੀਪ ਕੌਰ, ਗਗਨਦੀਪ ਕੌਰ, ਰਾਜ ਰਾਣੀ, ਗੁਰਦੀਪ ਕੌਰ ਅਤੇ ਦੁਸ਼ਾਜ਼ ਆਦਿ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਈਆਂ। ਇਨ੍ਹਾਂ ਮਹਿਲਾਵਾਂ ਨੇ ਆਪਣੇ ਜੀਵਨ ਦੇ ਅਨੁਭਵ ਸਾਂਝੇ ਕਰਦਿਆਂ ਦੱਸਿਆ ਕਿ ਕਿਵੇਂ ਉਹਨਾਂ ਨੇ ਸਮਾਜ ਵਿੱਚ ਆ ਰਹੀਆਂ ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ ਆਪਣੇ ਲਈ ਇੱਕ ਵੱਖਰੀ ਪਹਿਚਾਣ ਬਣਾਈ।
ਇਸ ਸਮਾਗਮ ਵਿੱਚ ਸਰਕਾਰ ਵੱਲੋਂ ਮਹਿਲਾਵਾਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਵੱਖ-ਵੱਖ ਯੋਜਨਾਵਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਨਾਰੀ ਸ਼ਕਤੀ ਦੇ ਮੈਂਬਰਾਂ ਨੂੰ ਸਕੀਮਾਂ ਦੇ ਲਾਭ ਲੈਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਸਮਝਾਇਆ ਗਿਆ ਕਿ ਕਿਵੇਂ ਇਹ ਯੋਜਨਾਵਾਂ ਉਨ੍ਹਾਂ ਦੀ ਆਰਥਿਕ ਅਤੇ ਸਮਾਜਿਕ ਤਰੱਕੀ ਵਿੱਚ ਮਦਦਗਾਰ ਸਾਬਤ ਹੋ ਸਕਦੀਆਂ ਹਨ। ਇਸ ਦੌਰਾਨ ਨਾਰੀ ਸ਼ਕਤੀ ਦੇ ਮੈਂਬਰਾਂ ਨੇ ਆਪਣੇ ਅਧਿਕਾਰਾਂ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ ਅਤੇ ਇਹ ਸਮਝਾਇਆ ਗਿਆ ਕਿ ਮਹਿਲਾਵਾਂ ਆਪਣੇ ਹੱਕਾਂ ਦੀ ਪਛਾਣ ਕਰਦਿਆਂ ਆਤਮਨਿਰਭਰ ਬਣ ਸਕਦੀਆਂ ਹਨ।
ਸਮਾਗਮ ਵਿੱਚ ਰਾਜ ਰਾਣੀ, ਗਗਨ ਨਿਸ਼ਾ, ਪ੍ਰਵੀਨ ਸੂਰਜੀਤ, ਸੁਖਵਿੰਦਰ ਅਤੇ ਅਮਰਜੀਤ ਨੇ ਵੀ ਭਾਗ ਲਿਆ ਅਤੇ ਆਪਣੇ ਵਿਚਾਰ ਸਾਂਝੇ ਕੀਤੇ। ਇਨ੍ਹਾਂ ਨੇ ਕਿਹਾ ਕਿ ਅੱਜ ਦੀ ਮਹਿਲਾ ਹਰ ਖੇਤਰ ਵਿੱਚ ਅੱਗੇ ਵਧ ਰਹੀ ਹੈ, ਚਾਹੇ ਉਹ ਸਿੱਖਿਆ ਹੋਵੇ, ਵਿਗਿਆਨ, ਖੇਡਾਂ ਜਾਂ ਰਾਜਨੀਤੀ। ਪਰ ਫਿਰ ਵੀ ਸਮਾਜ ਵਿੱਚ ਕਈ ਥਾਵਾਂ ‘ਤੇ ਮਹਿਲਾਵਾਂ ਨੂੰ ਅਜੇ ਵੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਅਜਿਹੇ ਸਮਾਗਮ ਨਾ ਸਿਰਫ ਮਹਿਲਾਵਾਂ ਵਿੱਚ ਜਾਗਰੂਕਤਾ ਪੈਦਾ ਕਰਦੇ ਹਨ, ਸਗੋਂ ਉਨ੍ਹਾਂ ਨੂੰ ਇੱਕ ਨਵਾਂ ਹੌਸਲਾ ਵੀ ਦਿੰਦੇ ਹਨ। ਸਮਾਪਤੀ ਉੱਤੇ ਨਾਰੀ ਸ਼ਕਤੀ ਵੱਲੋਂ ਇਰਾਦਾ ਜਤਾਇਆ ਗਿਆ ਕਿ ਉਹ ਭਵਿੱਖ ਵਿੱਚ ਵੀ ਇਨ੍ਹਾਂ ਉਪਰਾਲਿਆਂ ਰਾਹੀਂ ਮਹਿਲਾਵਾਂ ਨੂੰ ਸਸ਼ਕਤ ਬਣਾਉਣ ਲਈ ਯਤਨਸ਼ੀਲ ਰਹੇਗੀ। ਇਸ ਸਮਾਗਮ ਨੇ ਮਹਿਲਾਵਾਂ ਵਿੱਚ ਇੱਕ ਨਵਾਂ ਉਤਸ਼ਾਹ ਭਰਿਆ ਅਤੇ ਉਨ੍ਹਾਂ ਨੂੰ ਆਪਣੇ ਹੱਕਾਂ ਲਈ ਆਵਾਜ਼ ਉਠਾਉਣ ਲਈ ਪ੍ਰੇਰਿਤ ਕੀਤਾ।
