ਲੁਧਿਆਣਾ: ਲੁਧਿਆਣਾ ਪੂਰਬੀ ਵਿਧਾਨ ਸਭਾ ਹਲਕੇ ਦੇ ਵਿਧਾਇਕ ਦਲਜੀਤ ਸਿੰਘ ਗਰੇਵਾਲ (ਭੋਲਾ) ਦੇ ਲਗਾਤਾਰ ਪ੍ਰਯਾਸਾਂ ਨਾਲ ਕੈਲਾਸ਼ ਨਗਰ ਨੇੜੇ ਹਾਈਵੇਅ ’ਤੇ ਅੰਡਰਪਾਸ ਬਣਾਉਣ ਦੀ ਮੰਗ ਨੂੰ ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਹਾਈਵੇਜ਼ ਮੰਤਰੀ ਨਿਤਿਨ ਗਡਕਰੀ ਵੱਲੋਂ ਮੰਜੂਰੀ ਮਿਲ ਗਈ ਹੈ। ਇਸ ਪ੍ਰੋਜੈਕਟ ਨਾਲ ਇਲਾਕੇ ਦੇ ਨਿਵਾਸੀਆਂ ਨੂੰ ਟ੍ਰੈਫਿਕ ਜਾਮ ਅਤੇ ਦੁਰਘਟਨਾਵਾਂ ਤੋਂ ਰਾਹਤ ਮਿਲਣ ਦੀ ਉਮੀਦ ਹੈ।
ਮੰਗ ਨੂੰ ਲੈ ਕੇ ਦਿੱਲੀ ਵਿੱਚ ਹੋਈ ਸੀ ਪਹਿਲਕਦਮੀ
ਗਤ ਵਰ੍ਹੇ ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਦੀ ਅਗਵਾਈ ਵਿੱਚ ਇੱਕ ਪ੍ਰਤੀਨਿਧੀ ਮੰਡਲ ਨੇ ਕੇਂਦਰੀ ਮੰਤਰੀ ਗਡਕਰੀ ਨੂੰ ਲੁਧਿਆਣਾ ਪੂਰਬੀ ਦੇ ਹਾਈਵੇਅ ਖੇਤਰ ਵਿੱਚ ਟ੍ਰੈਫਿਕ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ ਸੀ। ਇਸ ਮੌਕੇ ਵਿਧਾਇਕ ਗਰੇਵਾਲ ਨੇ ਕੈਲਾਸ਼ ਨਗਰ, ਸੁੰਦਰ ਨਗਰ, ਅਤੇ ਕਾਲੀ ਸੜਕ ’ਤੇ ਅੰਡਰਪਾਸ ਬਣਾਉਣ ਦੀ ਮੰਗ ਨੂੰ ਲੈ ਕੇ ਮੰਗ ਪੱਤਰ ਸੌਂਪਿਆ। ਮੰਤਰੀ ਗਡਕਰੀ ਨੇ ਤੁਰੰਤ ਕਾਰਵਾਈ ਕਰਦਿਆਂ ਨੈਸ਼ਨਲ ਹਾਈਵੇਅ ਅਥਾਰਟੀ (NHAI) ਦੀ ਟੀਮ ਨੂੰ ਸਥਿਤੀ ਦਾ ਮੁਆਇਨਾ ਕਰਨ ਲਈ ਲੁਧਿਆਣਾ ਭੇਜਿਆ।
ਰਿਪੋਰਟ ਦੀ ਪੜਤਾਲ ਤੋਂ ਬਾਅਦ ਮਿਲੀ ਹਰੀ ਝੰਡੀ
NHAI ਟੀਮ ਦੀ ਰਿਪੋਰਟ ਅਧਾਰਤ ਕੇਂਦਰੀ ਮੰਤਰੀ ਨੇ ਕੈਲਾਸ਼ ਨਗਰ ਅੰਡਰਪਾਸ ਦੀ ਯੋਜਨਾ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਸ ਨਾਲ ਇਲਾਕੇ ਵਿੱਚ ਹਾਈਵੇਅ ਪਾਰ ਕਰਨ ਵਾਲੇ ਵਾਹਨਾਂ ਅਤੇ ਪੈਦਲ ਚੱਲਣ ਵਾਲੇ ਨਿਵਾਸੀਆਂ ਲਈ ਸੁਰੱਖਿਆ ਵਧੇਗੀ। ਵਿਧਾਇਕ ਗਰੇਵਾਲ ਨੇ ਦੱਸਿਆ ਕਿ ਇਸ ਪ੍ਰੋਜੈਕਟ ‘ਤੇ ਕੰਮ ਜਲਦੀ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਕਿਹਾ, “ਇਹ ਅੰਡਰਪਾਸ ਨਾ ਸਿਰਫ਼ ਟ੍ਰੈਫਿਕ ਦਬਾਅ ਘਟਾਏਗਾ, ਬਲਕਿ ਹਾਈਵੇਅ ’ਤੇ ਹੋਣ ਵਾਲੀਆਂ ਦੁਰਘਟਨਾਵਾਂ ਨੂੰ ਵੀ ਰੋਕੇਗਾ।”
ਸੁੰਦਰ ਨਗਰ ਅਤੇ ਕਾਲੀ ਸੜਕ ਅੰਡਰਪਾਸ ਲਈ ਵੀ ਤੇਜ਼ ਹੋਈ ਕਾਰਵਾਈ
ਵਿਧਾਇਕ ਗਰੇਵਾਲ ਨੇ ਦੱਸਿਆ ਕਿ ਸੁੰਦਰ ਨਗਰ ਅਤੇ ਕਾਲੀ ਸੜਕ ’ਤੇ ਵੀ ਅੰਡਰਪਾਸ ਬਣਾਉਣ ਲਈ NHAI ਟੀਮ ਰਿਪੋਰਟ ਤਿਆਰ ਕਰ ਰਹੀ ਹੈ। ਇਨ੍ਹਾਂ ਪ੍ਰੋਜੈਕਟਾਂ ਨੂੰ ਵੀ ਆਉਣ ਵਾਲੇ ਹਫ਼ਤਿਆਂ ਵਿੱਚ ਮੰਜੂਰੀ ਮਿਲਣ ਦੀ ਉਮੀਦ ਹੈ। ਉਨ੍ਹਾਂ ਕਿਹਾ, “ਇਹ ਪਹਿਲਕਦਮੀਆਂ ਲੁਧਿਆਣਾ ਪੂਰਬੀ ਦੇ ਨਿਵਾਸੀਆਂ ਲਈ ਜੀਵਨ ਸੁਖਾਲਾ ਬਣਾਉਣਗੀਆਂ।”
ਸਥਾਨਕ ਲੋਕਾਂ ਨੂੰ ਵਧਾਈ, ਮੰਤਰੀ ਅਤੇ ਸੰਸਦ ਮੈਂਬਰ ਦਾ ਧੰਨਵਾਦ
ਵਿਧਾਇਕ ਗਰੇਵਾਲ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਅਤੇ ਸੰਸਦ ਮੈਂਬਰ ਸੰਜੀਵ ਅਰੋੜਾ ਦਾ ਇਸ ਪ੍ਰੋਜੈਕਟ ਨੂੰ ਪ੍ਰਾਥਮਿਕਤਾ ਦੇਣ ਲਈ ਧੰਨਵਾਦ ਕੀਤਾ। ਉਨ੍ਹਾਂ ਹਲਕੇ ਦੇ ਵਾਸੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਵਿਕਾਸ਼ ਕਾਰਜ ਖੇਤਰ ਦੀ ਸੁਰੱਖਿਆ ਅਤੇ ਸਹੂਲਤ ਨੂੰ ਨਵਾਂ ਆਧਾਰ ਦੇਣਗੇ। ਇਸ ਪ੍ਰੋਜੈਕਟ ਦੀ ਸ਼ੁਰੂਆਤ ਨਾਲ ਲੁਧਿਆਣਾ ਦੇ ਪੂਰਬੀ ਹਲਕੇ ਵਿੱਚ ਆਵਾਜਾਈ ਅਤੇ ਬੁਨਿਆਦੀ ਢਾਂਚੇ ਦੇ ਖੇਤਰ ਵਿੱਚ ਵੱਡਾ ਬਦਲਾਅ ਆਉਣ ਦੀ ਉਮੀਦ ਹੈ।