ਸਿਹਤ ਵਿਭਾਗ ਪੰਜਾਬ ਤੇ ਖੇਤੀਬਾੜੀ ਵਿਭਾਗ ਨੇ ਸਾਂਝੇ ਤੌਰ ਤੇ ਹੰਭਲਾ ਮਾਰਦਿਆਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਖੇਤਾਂ ਵਿੱਚ ਨਾਂ ਮਚਾਉਣ ਲਈ ਮੋਢਾ ਹਲੂਣਿਆਂ ਹੈ। ਇਸ ਲਈ ਸਿਹਤ ਵਿਭਾਗ ਨੇ ਇਸ ਮਾਮਲੇ ਚ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਬਕਾਇਦਾ ਆਸ਼ਾ ਵਰਕਰਾਂ ਨੂੰ ਟ੍ਰੇਨਿੰਗ ਦਿੱਤੀ ਗਈ ਹੈ। ਇਸ ਸਬੰਧੀ ਸਹਾਇਕ ਸਿਵਲ ਸਰਜਨ ਡਾ.ਵਿਵੇਕ ਕਟਾਰੀਆ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਤੇ ਸੀਨੀਅਰ ਮੈਡੀਕਲ ਅਫਸਰ ਡਾ.ਪੂਨਮ ਗੋਇਲ ਦੀ ਅਗਵਾਈ ਹੇਠ ਕਮਿਊਨਿਟੀ ਹੈਲਥ ਸੈਂਟਰ ਸਾਹਨੇਵਾਲ ਵਿਖੇ ਸਮੂਹ ਆਸ਼ਾ ਫੈਸੀਲੀਟੇਟਰਜ਼ ਤੇ ਆਸ਼ਾ ਵਰਕਰਾਂ ਨੂੰ ਟ੍ਰੇਨਿੰਗ ਦਿੱਤੀ ਗਈ ਹੈ ਕਿ ਉਹ ਘਰ-ਘਰ ਜਾ ਕੇ ਕਿਸਾਨ ਪਰਿਵਾਰਾਂ ਨੂੰ ਜਾਗਰੂਕ ਕਰਨ ਕਿ ਕਿਸਾਨ ਖੇਤਾਂ ਦੀ ਪਰਾਲੀ ਨੂੰ ਨਾ ਸਾੜ ਕੇ ਇਸ ਨੂੰ ਖੇਤਾਂ ਚ ਹੀ ਖਾਦ ਦੇ ਰੂਪ ਵਿੱਚ ਵਰਤਿਆ ਜਾਵੇ। ਇਸ ਮੌਕੇ ਡਾ.ਪੂਨਮ ਗੋਇਲ ਨੇ ਕਿਹਾ ਕਿ ਪਰਾਲੀ ਨੂੰ ਮਚਾਉਣ ਨਾਲ ਪੈਦਾ ਹੋਏ ਪ੍ਰਦੂਸ਼ਣ ਕਾਰਨ ਆ ਰਹੀਆਂ ਸਿਹਤ ਸਮੱਸਿਆਵਾਂ ਡੂੰਘੀ ਚਿੰਤਾ ਦਾ ਵਿਸ਼ਾ ਹੈ। ਉਹਨਾਂ ਕਿਹਾ ਕਿ ਅੱਗ ਲਾਉਣ ਨਾਲ ਧੂੰਆਂ ਵਾਤਾਵਰਣ ਨੂੰ ਬੁਰੀ ਤਰ੍ਹਾਂ ਦੂਸ਼ਿਤ ਕਰ ਦਿੰਦਾ ਹੈ। ਜਿਸ ਕਰਕੇ ਸਾਨੂੰ ਸਾਹ ਲੈਣਾ ਔਖਾ ਹੋ ਗਿਆ ਹੈ।
ਅੱਖਾਂ ਵਿੱਚ ਜਲਣ ਹੁੰਦੀ ਹੈ ਜੋ ਅੱਖਾਂ ਦੀ ਨਜਰ ਤੇ ਬੁਰਾ ਅਸਰ ਪਾਉਂਦਾ ਹੈ। ਸਾਹ ਦਮੇ ਦੇ ਮਰੀਜਾਂ ਦੀ ਗਿਣਤੀ ਦਿਨੋ ਦਿਨ ਵਧ ਰਹੀ ਹੈ। ਇਸ ਮੌਕੇ ਏਅਰ ਪਾਲੂੂਸ਼ਨ ਐਕਸ਼ਨ ਗਰੁੱਪ ਦੇ ਜਿਲਾ ਐਸੋਸੀਏਟ ਰੁਚਿਕਾ ਵਰਮਾ ਨੇ ਕਿਹਾ ਕਿ ਜਦ ਕਿਸਾਨ ਖੇਤਾਂ ਵਿੱਚ ਪਰਾਲੀ ਨੂੰ ਸਾੜ ਦਿੰਦੇ ਹਨ ਤਾਂ ਉਸ ਨਾਲ ਜਮੀਨਾਂ ਦੀ ਉਪਜਾਊ ਸ਼ਕਤੀ ਦਿਨੋ ਦਿਨ ਘਟਦੀ ਜਾ ਰਹੀ ਹੈ। ਖੇਤ ਵਿੱਚ ਆਲੇ-ਦੁਆਲੇ ਖੜੇ ਦਰਖਤ ਵੀ ਅੱਗ ਨਾਲ ਝੁਲਸ ਜਾਂਦੇ ਹਨ ਇਹਨਾਂ ਦਰਖਤਾਂ ਤੇ ਰਹਿੰਦੇ ਬੇਜੁਬਾਨ ਪੰਛੀ ਦੀ ਅੱਗ ਦੀ ਲਪੇਟ ਵਿੱਚ ਆ ਕੇ ਮੌਤ ਦੇ ਮੂੰਹ ਜਾ ਪੈਂਦੇ ਹਨ। ਉਹਨਾਂ ਕਿਹਾ ਕਿ ਜਦ ਇਨਸਾਨ ਕੁਦਰਤ ਨਾਲ ਅਜਿਹਾ ਵਰਤਾਉ ਕਰਦਾ ਹੈ ਤਾਂ ਇਸ ਨਤੀਜੇ ਭਿਆਨਕ ਨਿਕਲਦੇ ਹਨ। ਉਹਨਾਂ ਕਿਹਾ ਕਿ ਪਰਾਲੀ ਨੂੰ ਅੱਗ ਹਵਾਲੇ ਕਰਕੇ ਅਸੀ ਸਲਫਰ ਵਰਗੇ ਤੱਤਾਂ ਨੂੰ ਵੀ ਖਤਮ ਕਰ ਦਿੰਦੇ ਹਾਂ ਜੋ ਇਹੋ ਕੁਦਰਤੀ ਸਲਫਰ ਖਾਦ ਤੋਂ ਅਸੀਂ ਆਪਣੇ ਖੇਤਾਂ ਦਾ ਨੁਕਸਾਨ ਕਰਵਾ ਰਹੇ ਹਾਂ। ਉਹਨਾਂ ਦੱਸਿਆ ਕਿ ਪਰਾਲੀ ਖੇਤਾਂ ਵਿੱਚ ਵਾਹੁਣ ਨਾਲ ਕਣਕ ਦੇ ਝਾੜ ਵਿੱਚ ਵਾਧਾ ਹੁੰਦਾ ਹੈ। ਉਹਨਾਂ ਕਿਹਾ ਕਿਸਾਨਾਂ ਨੂੰ ਦੱਸਿਆ ਜਾਵੇ ਕਿ ਉਹ ਕਣਕ ਦੀ ਬਜਾਈ ਆਧੁਨਿਕ ਮਸ਼ੀਨਾਂ ਸੀਡਰ ਵਗੈਰਾ, ਆਦਿ ਨਾਲ ਕੀਤੀ ਜਾਵੇ ਉਹਨਾਂ ਕਿਹਾ ਕਿ ਕਿਸਾਨਾਂ ਨੂੰ ਪਰਾਲੀ ਨਾ ਮਚਾਉਣ ਲਈ ਵਖ ਵਖ ਵਿਭਾਗਾਂ ਵੱਲੋਂ ਪਿੰਡ-ਪਿੰਡ ਕੈਂਪ ਵੀ ਲਗਾਏ ਜਾ ਰਹੇ ਹਨ। ਇਸ ਮੌਕੇ ਜਿਲਾ ਮਾਸ ਮੀਡੀਆ ਅਫਸਰ ਪਰਮਿੰਦਰ ਸਿੰਘ ਅਤੇ ਡਿਪਟੀ ਮਾਸ ਮੀਡੀਆ ਅਫਸਰ ਰਜਿੰਦਰ ਸਿੰਘ ਨੇ ਕਿਹਾ ਕਿ ਪਰਾਲੀ ਨੂੰ ਖੇਤਾਂ ਵਿੱਚ ਅੱਗ ਲਗਾਉਣ ਦਾ ਰੁਝਾਨ ਬੇਹੱਦ ਖਤਰਨਾਕ ਹੈ । ਇਹ ਸੜਕਾਂ ਤੇ ਜਾ ਰਹੇ ਵਾਹਨਾਂ ਚ ਸੜਕੀ ਦੁਰਘਟਨਾਵਾਂ ਦਾ ਵੀ ਕਾਰਨ ਬਣਦਾ ਹੈ। ਉਹਨਾਂ ਮੀਡੀਆ ਰਾਹੀਂ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਪਰਾਲੀ ਨਾਂ ਸਾੜਣ ਸੰਬੰਧੀ ਚੱਲ ਰਹੀ ਪੰਜਾਬ ਸਰਕਾਰ ਦੀ ਮੁਹਿੰਮ ਦਾ ਪੂਰਨ ਸਹਿਯੋਗ ਦੇਣ। ਟ੍ਰੇਨਿੰਗ ਦੌਰਾਨ ਆਸ਼ਾ ਵਰਕਰਾਂ ਨੂੰ ਫਲਿਪ ਚਾਰਟ ਅਤੇ ਹੋਰ ਟ੍ਰੇਨਿੰਗ ਮਟੀਰੀਅਲ ਦਿੱਤਾ ਗਿਆ।