ਸ਼ਾਹਕੋਟ: ਸ਼ਾਹਕੋਟ ਦੇ ਨਜ਼ਦੀਕ ਸਲੈਚਾਂ ਵਿਖੇ ਮੋਟਰਸਾਈਕਲ ਸਵਾਰ 2 ਵਿਅਕਤੀਆਂ ਵੱਲੋਂ ਇੱਕ ਪ੍ਰਵਾਸੀ ਮਜ਼ਦੂਰ ਦੇ ਬੱਚੇ ਨੂੰ ਅਗਵਾ ਕਰਨ ਦੀ ਕੋੋਸਿ਼ਸ਼ ਕੀਤੀ ਗਈ, ਜਿਨ੍ਹਾਂ ਨੂੰ ਲੋਕਾਂ ਵੱਲੋਂ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਪ੍ਰਵਾਸੀ ਮਜ਼ਦੂਰ ਜਵਰ ਸਿੰਘ ਪੁੱਤਰ ਵਿਜੇ ਸਿੰਘ ਵਾਸੀ ਗਵਾਲੀਅਰ (ਮੱਧ ਪ੍ਰਦੇਸ਼) ਹਾਲ ਵਾਸੀ ਪਿੰਡ ਸਲੈਚਾਂ (ਸ਼ਾਹਕੋਟ) ਸਲੈਚਾ ਫਲਾਈਓਵਰ ਪੁਲ ਥੱਲੇ ਗੋਲ ਗੱਪਿਆ ਦੀ ਰੇਹੜੀ ਲਗਾਉਂਦਾ ਹੈ। ਉਸਦਾ ਲੜਕਾ ਕ੍ਰਿਸ਼ਨਾ (17), ਜੋਕਿ 11ਵੀਂ ਜਮਾਤ ਵਿੱਚ ਪੜ੍ਹਦਾ ਹੈ ਅਤੇ ਕੁੱਝ ਦਿਨ ਪਹਿਲਾਂ ਹੀ ਗਵਾਲੀਆ ਤੋਂ ਉਸ ਨੂੰ ਮਿਲਣ ਲਈ ਆਇਆ ਸੀ। ਅੱਜ ਸ਼ੁੱਕਰਵਾਰ ਸ਼ਾਮ ਸਮੇਂ ਉਸ ਦਾ ਲੜਕਾ ਘਰ ਤੋਂ ਪੈਦਲ ਆਪਣੇ ਪਿਤਾ ਕੋਲ ਰੇਹੜੀ ਵੱਲ ਜਾ ਰਿਹਾ ਸੀ ਕਿ ਪਿੰਡ ਸਲੈਚਾ ਤੋਂ ਫਲਾਈਓਵਰ ਦੇ ਵਿਚਕਾਰ ਉਸ ਕੋਲ ਹੀਰੋ-ਹਾਂਡਾ ਸਪਲੈਂਡਰ ਮੋਟਰਸਾਈਕਲ ’ਤੇ ਸਵਾਰ 2 ਵਿਅਕਤੀ ਆ ਕੇ ਰੁੱਕੇ ਅਤੇ ਉਸ ਪਾਸੋ ਮੋਬਾਇਲ ਮੰਗਿਆ। ਜਦ ਉਸ ਨੇ ਮੋਬਾਇਲ ਦੇਣ ਤੋਂ ਮਨ੍ਹਾ ਕੀਤਾ ਤਾਂ ਉਨ੍ਹਾਂ ਵਲੋਂ ਧੱਕੇ ਨਾਲ ਉਸ ਪਾਸੋਂ ਮੋਬਾਇਲ ਖੋਹ ਲਿਆ ਅਤੇ ਉਸ ਨੂੰ ਮੋਟਰਸਾਈਕਲ ’ਤੇ ਬਿਠਾ ਲਿਆ ਤੇ ਜਲੰਧਰ-ਮੋਗਾ ਨੈਸ਼ਨਲ ਹਾਈਵੇ ਤੇ ਧਰਮਕੋਟ ਵੱਲ ਨੂੰ ਭੱਜ ਗਏ। ਇਸ ਦੌਰਾਨ ਲੜਕੇ ਕ੍ਰਿਸ਼ਨਾ ਨੇ ਰੌਲਾ ਪਾਇਆ ਤਾਂ ਨਜ਼ਦੀਕ ਰੇਹੜੀ ਲਗਾਕੇ ਖੜ੍ਹੇ ਲੜਕੇ ਦੀ ਅਵਾਜ ਸੁਣ ਕੇ ਉਸ ਦੇ ਪਿਤਾ ਨੇ ਲੋਕਾਂ ਦੀ ਸਹਾਇਤਾ ਨਾਲ ਉਨ੍ਹਾਂ ਵਿਅਕਤੀਆਂ ਦਾ ਪਿੱਛਾ ਕੀਤਾ ਅਤੇ ਕੁੱਝ ਦੂਰੀ ਤੇ ਮੋਟਰਸਾਈਕਲ ਸਵਾਰ ਵਿਅਕਤੀਆਂ ਨੂੰ ਘੇਰ ਲਿਆ। ਇਸ ਦੌਰਾਨ ਲੋਕਾਂ ਨੇ ਉਨ੍ਹਾਂ ਵਿਅਕਤੀਆਂ ਦੀ ਖੂਬ ਕੁੱਟਮਾਰ ਕੀਤੀ ਤੇ ਸ਼ਾਹਕੋਟ ਪੁਲਿਸ ਨੂੰ ਸੂਚਿਤ ਕੀਤਾ। ਮੌਕੇ ਤੇ ਪਹੁੰਚੀ ਪੁਲਿਸ ਨੇ ਮੋਟਰਸਾਈਕਲ ਸਵਾਰ ਦੋਵੇਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਨ੍ਹਾਂ ਦਾ ਮੋਟਰਸਾਈਕਲ ਕਬਜ਼ੇ ’ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ।
ਸਰਵਣ ਹੰਸ