ਮਹਾਰਾਸ਼ਟਰ ਦੇ ਬੀਡ ਜ਼ਿਲ੍ਹੇ ‘ਚ ਬਾਂਦਰਾਂ ਵੱਲੋਂ ਬਦਲਾ ਲੈਣ ਦਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਪਿਛਲੇ ਮਹੀਨੇ ਕੁੱਤਿਆਂ ਨੇ ਬਾਂਦਰ ਦੇ ਇੱਕ ਬੱਚੇ ਨੂੰ ਮਾਰ ਦਿੱਤਾ ਸੀ। ਇਸ ਤੋਂ ਬਾਅਦ ਬਾਂਦਰਾਂ ਨੇ ਬਦਲਾ ਲੈਣ ਲਈ ਕੁੱਤਿਆਂ ਦੇ ਬੱਚਿਆਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਪਿਛਲੇ ਇੱਕ ਮਹੀਨੇ ਵਿੱਚ ਬਾਂਦਰ 250 ਦੇ ਕਰੀਬ ਕੁੱਤਿਆਂ ਨੂੰ ਉਚਾਈ ਤੋਂ ਸੁੱਟ ਕੇ ਮਾਰ ਚੁੱਕੇ ਹਨ।
ਹੁਣ ਉਨ੍ਹਾਂ ਨੇ ਛੋਟੇ ਬੱਚਿਆਂ ‘ਤੇ ਵੀ ਹਮਲੇ ਸ਼ੁਰੂ ਕਰ ਦਿੱਤੇ ਹਨ।
ਮਾਮਲਾ ਬੀਡ ਜ਼ਿਲ੍ਹੇ ਦੇ ਮਾਜਲਗਾਂਵ ਦਾ ਹੈ। ਪਿਛਲੇ ਇੱਕ ਮਹੀਨੇ ਤੋਂ ਇੱਥੇ ਬਾਂਦਰਾਂ ਨੇ ਦਹਿਸ਼ਤ ਦਾ ਮਾਹੌਲ ਬਣਾਇਆ ਹੋਇਆ ਹੈ। ਜਦੋਂ ਉਹ ਕੁੱਤੇ ਦਾ ਕੋਈ ਬੱਚਾ ਦੇਖਦੇ ਹਨ ਤਾਂ ਉਹ ਉਸ ਨੂੰ ਚੁੱਕ ਕੇ ਉੱਚੀ ਥਾਂ ਤੋਂ ਹੇਠਾਂ ਸੁੱਟ ਦਿੰਦੇ ਹਨ।
ਦੱਸਿਆ ਜਾ ਰਿਹਾ ਹੈ ਕਿ ਪਿਛਲੇ ਇੱਕ ਮਹੀਨੇ ਵਿੱਚ ਬਾਂਦਰ ਕੁੱਤਿਆਂ ਦੇ ਕਰੀਬ 250 ਬੱਚਿਆਂ ਨੂੰ ਇਸ ਤਰ੍ਹਾਂ ਮਾਰ ਚੁੱਕੇ ਹਨ। ਮਾਜਲਗਾਓਂ ਤੋਂ ਲਗਭਗ 10 ਕਿਲੋਮੀਟਰ ਦੂਰ ਸਥਿਤ ਲਵੂਲ ਪਿੰਡ ਹੈ। ਕਰੀਬ ਪੰਜ ਹਜ਼ਾਰ ਦੀ ਆਬਾਦੀ ਵਾਲੇ ਇਸ ਪਿੰਡ ਵਿੱਚ ਹੁਣ ਕੋਈ ਕਤੂਰਾ ਨਜ਼ਰ ਨਹੀਂ ਆਉਂਦਾ।
ਪਿੰਡ ਵਾਸੀਆਂ ਨੇ ਬਾਂਦਰਾਂ ਨੂੰ ਫੜਨ ਲਈ ਜੰਗਲਾਤ ਵਿਭਾਗ ਤੱਕ ਵੀ ਪਹੁੰਚ ਕੀਤੀ ਸੀ। ਜੰਗਲਾਤ ਵਿਭਾਗ ਦੇ ਕਰਮਚਾਰੀ ਵੀ ਆਏ ਪਰ ਉਹ ਕਿਸੇ ਵੀ ਬਾਂਦਰ ਨੂੰ ਫੜਨ ਵਿੱਚ ਨਾਕਾਮ ਰਹੇ।
ਬਾਂਦਰਾਂ ਦਾ ਬਦਲਾ!
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਬਾਂਦਰ ਬਦਲਾ ਲੈਣ ਲਈ ਅਜਿਹਾ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਦੀ ਸ਼ੁਰੂਆਤ ਕੁੱਤਿਆਂ ਨੇ ਬਾਂਦਰ ਦੇ ਬੱਚੇ ਨੂੰ ਮਾਰਨ ਨਾਲ ਕੀਤੀ ਸੀ। ਇਸ ਤੋਂ ਬਾਅਦ ਹੀ ਬਾਂਦਰਾਂ ਨੇ ਕੁੱਤਿਆਂ ਦੇ ਬੱਚਿਆਂ ਨੂੰ ਚੁੱਕਣਾ ਸ਼ੁਰੂ ਕਰ ਦਿੱਤਾ। ਉਹ ਇਨ੍ਹਾਂ ਕਤੂਰਿਆਂ ਨੂੰ ਕਿਸੇ ਉੱਚੀ ਇਮਾਰਤ ਜਾਂ ਦਰੱਖਤ ‘ਤੇ ਲੈ ਜਾਂਦੇ ਹਨ ਅਤੇ ਉਥੋਂ ਹੇਠਾਂ ਸੁੱਟ ਦਿੰਦੇ ਹਨ।
ਜੰਗਲਾਤ ਵਿਭਾਗ ਦੀ ਨਾਕਾਮੀ ਤੋਂ ਬਾਅਦ ਬਾਂਦਰਾਂ ਦੀ ਦਹਿਸ਼ਤ ਕਾਰਨ ਪਿੰਡ ਵਾਸੀਆਂ ਨੇ ਕੁੱਤਿਆਂ ਨੂੰ ਬਚਾਉਣ ਲਈ ਆਪਣੇ ਪੱਧਰ ‘ਤੇ ਉਪਰਾਲੇ ਕੀਤੇ। ਪਰ, ਅਜਿਹਾ ਕਰਨਾ ਉਨ੍ਹਾਂ ਲਈ ਘਾਤਕ ਸਾਬਤ ਹੋ ਰਿਹਾ ਹੈ। ਉੱਚੀ ਇਮਾਰਤ ‘ਤੇ ਪਹੁੰਚਣ ਤੋਂ ਬਾਅਦ ਬਾਂਦਰ ਉਨ੍ਹਾਂ ‘ਤੇ ਵੀ ਹਮਲਾ ਕਰ ਰਹੇ ਹਨ।